ਚੰਡੀਗੜ੍ਹ (ਸੁਸ਼ੀਲ) : ਕੋਟਕਪੂਰਾ 'ਚ ਗੈਂਗਸਟਰ ਲਵੀ ਦਿਓੜਾ ਦੀ ਹੱਤਿਆ ਕਰਕੇ ਫਰਾਰ ਹੋਏ ਲਾਰੈਂਸ ਬਿਸ਼ਨੋਈ ਗਿਰੋਹ ਦੇ ਗੈਂਗਸਟਰ ਭਰਤ ਭੂਸ਼ਣ ਉਰਫ ਭੋਲਾ ਸ਼ੂਟਰ ਤੇ ਇੰਦਰਪ੍ਰੀਤ ਸਿੰਘ ਪੈਰੀ ਨੂੰ ਵੀਰਵਾਰ ਨੂੰ ਪੁਲਸ ਨੇ ਸੈਕਟਰ-63 ਦੇ ਗੁਰਦੁਆਰਾ ਸਾਹਿਬ ਨੇੜੇ ਨਾਕਾ ਲਾ ਕੇ ਦਬੋਚ ਲਿਆ। ਤਲਾਸ਼ੀ ਦੌਰਾਨ ਦੋਵਾਂ ਕੋਲੋਂ 3.15 ਬੋਰ ਦੀ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਹੋਏ। ਗੈਂਗਸਟਰ ਭਰਤ ਭੂਸ਼ਣ ਉਰਫ ਭੋਲਾ ਸ਼ੂਟਰ ਕੋਟਕਪੁਰਾ ਦੇ ਗੁਰੂ ਤੇਗ ਬਹਾਦਰ ਨਗਰ ਸਥਿਤ ਤੇ ਇੰਦਰਪ੍ਰੀਤ ਸਿੰਘ ਪੈਰੀ ਚੰਡੀਗੜ੍ਹ ਦੇ ਸੈਕਟਰ-33 ਸਥਿਤ ਮਕਾਨ ਨੰਬਰ 1285 ਦਾ ਰਹਿਣ ਵਾਲਾ ਹੈ। ਪੈਰੀ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਸ਼ਰਨ ਤੇ ਪੈਸੇ ਮੁਹੱਈਆ ਕਰਵਾਉਂਦਾ ਹੈ। ਦੋਵੇਂ ਗੈਂਗਸਟਰਾਂ 'ਤੇ ਚੰਡੀਗੜ੍ਹ, ਪੰਚਕੂਲਾ ਅਤੇ ਪੰਜਾਬ 'ਚ ਹੱਤਿਆ, ਲੁੱਟ ਤੇ ਆਰਮਸ ਐਕਟ ਦੇ ਕਈ ਮਾਮਲੇ ਦਰਜ ਹਨ। ਭੋਲਾ ਤੇ ਪੈਰੀ ਪੰਜਾਬ ਪੁਲਸ ਦੇ ਵਾਂਟੇਡ ਵੀ ਹਨ। ਸੈਕਟਰ 49 ਥਾਣਾ ਪੁਲਸ ਨੇ ਆਰਮਸ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਵੇਂ ਗੈਂਗਸਟਰਾਂ ਨੂੰ ਸ਼ੁੱਕਰਵਾਰ ਜ਼ਿਲਾ ਅਦਾਲਤ 'ਚ ਪੇਸ਼ ਕਰੇਗੀ।
ਡੀ. ਐੱਸ. ਪੀ. ਸਾਊਣ ਦੀਪਕ ਯਾਦਵ ਨੇ ਦੱਸਿਆ ਕਿ ਸੈਕਟਰ 49 ਥਾਣਾ ਮੁਖੀ ਰਣਜੋਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗਿਰੋਹ ਦੇ ਦੋ ਗੈਂਗਸਟਰ ਆਈ-20 ਕਾਰ 'ਚ ਚੰਡੀਗੜ੍ਹ ਵਲ ਆ ਰਹੇ ਹਨ। ਪੁਲਸ ਨੇ ਉਨ੍ਹਾਂ ਨੂੰ ਫੜਨ ਲਈ ਸੈਕਟਰ-63 ਗੁਰਦੁਆਰਾ ਸਾਹਿਬ ਨੇੜੇ ਨਾਕਾ ਲਾਇਆ। ਨਾਕੇ 'ਤੇ ਪੁਲਸ ਟੀਮ ਨੇ ਕਾਰ ਨੰ. ਪੀ ਬੀ 13 ਏ ਈ 3606 ਰੋਕੀ ਤਾਂ ਉਨ੍ਹਾਂ ਨੇ ਭੱਜਣ ਦਾ ਯਤਨ ਕੀਤਾ। ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ 3.15 ਬੋਰ ਦੇ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਹੋਏ।
ਪੈਰੀ ਨੇ ਕਿਹਾ-ਮੈਂ ਹੀ ਭਜਾਇਆ ਸੀ ਲਾਰੈਂਸ ਬਿਸ਼ਨੋਈ
ਪੁੱਛਗਿਛ 'ਚ ਪੈਰੀ ਨੇ ਦੱਸਿਆ ਕਿ ਉਸਨੇ ਹੀ ਲਾਰੈਂਸ ਬਿਸ਼ਨੋਈ ਨੂੰ ਲਾਂਡਰਾ ਤੋਂ ਪੰਜਾਬ ਪੁਲਸ ਦੀ ਹਿਰਾਸਤ 'ਚੋਂ ਭਜਾਇਆ ਸੀ। ਲਾਰੈਂਸ ਬਿਸ਼ਨੋਈ ਨੇ ਹੀ ਉਸਦੀ ਮੁਲਾਕਾਤ ਗੈਂਗਸਟਰ ਤੇ ਸ਼ੂਟਰ ਭੋਲਾ ਨਾਲ ਕਰਵਾਈ ਸੀ, ਜਿਸਦੇ ਬਾਅਦ ਭੋਲਾ ਸ਼ੂਟਰ ਇੰਦਰਪ੍ਰੀਤ ਦੇ ਸੰਪਰਕ 'ਚ ਆ ਗਿਆ ਸੀ। ਪੁਲਸ ਨੇ ਦੱਸਿਆ ਕਿ 17 ਜੂਨ ਨੂੰ ਭੋਲਾ ਸ਼ੂਟਰ ਦੇ ਸਾਥੀ ਦੀਪਕ ਉਰਫ ਟੋਨੀ ਨੂੰ ਪੰਚਕੂਲਾ ਹਸਪਤਾਲ ਤੋਂ ਸੰਪਤ ਨੇਹਰਾ ਦੇ ਨਾਲ ਭਜਾ ਕੇ ਲੈ ਗਏ ਸਨ। ਪੁਲਸ ਪੁੱਛਗਿਛ 'ਚ ਸਾਹਮਣੇ ਆਇਆ ਕਿ ਸੰਪਤ ਨੇਹਰਾ ਨੇ ਵੀ ਬੁੱਧਵਾਰ ਨੂੰ ਪੈਰੀ ਨਾਲ ਪੈਸਿਆਂ ਲਈ ਸੰਪਰਕ ਕੀਤਾ ਸੀ।
ਗੈਂਗਸਟਰ ਦਿਓੜਾ ਦੀ ਹੱਤਿਆ ਤੋਂ ਪਹਿਲਾਂ ਰੁਕੇ ਸਨ ਇੰਦਰਪ੍ਰੀਤ ਦੇ ਫਾਰਮ ਹਾਊਸ 'ਤੇ
ਥਾਣਾ ਮੁਖੀ ਰਣਜੋਤ ਸਿੰਘ ਨੇ ਦੱਸਿਆ ਕਿ ਲਵੀ ਦਿਓੜਾ ਦੀ ਹੱਤਿਆ ਤੋਂ ਪਹਿਲਾਂ 12 ਜੁਲਾਈ ਨੂੰ ਗੈਂਗਸਟਰ ਭੋਲਾ, ਸੰਪਤ ਨੇਹਰਾ ਤੇ ਦੀਪਕ ਉਰਫ ਟੋਨੀ ਨੂੰ ਇੰਦਰਪ੍ਰੀਤ ਸਿੰਘ ਨੇ ਅੰਬਾਲਾ ਸਥਿਤ ਪਿੰਡ ਬੋਹ ਦੇ ਫਾਰਮ ਹਾਊਸ 'ਚ ਠਹਿਰਾਇਆ ਸੀ। 13 ਜੁਲਾਈ ਨੂੰ ਗੈਂਗਸਟਰ ਭੋਲਾ ਸਮੇਤ ਤਿੰਨਾਂ ਨੇ ਕੋਟਕਪੁਰਾ ਦੀ ਦਾਣਾ ਮੰਡੀ 'ਚ ਟਿਕਟ ਲੈਣ ਲਈ ਖੜ੍ਹੇ ਗੈਂਗਸਟਰ ਲਵੀ ਦਿਓੜਾ ਦੀ 7 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਦੇ ਬਾਅਦ ਗੈਂਗਸਟਰਾਂ ਨੂੰ ਇੰਦਰਪ੍ਰੀਤ ਸਿੰਘ ਹੀ ਪਨਾਹ ਦੇ ਰਿਹਾ ਸੀ।
ਗੈਂਗਸਟਰਾਂ ਨੂੰ ਫੜਨ ਲਈ ਕੀਤੀ ਸੀ ਸੈਕਟਰ-63 'ਚ ਛਾਪੇਮਾਰੀ
ਚੰਡੀਗੜ੍ਹ ਪੁਲਸ ਨੇ ਗੈਂਗਸਟਰਾਂ ਨੂੰ ਫੜਨ ਲਈ ਬੁੱਧਵਾਰ ਨੂੰ ਸੈਕਟਰ-63 ਸਥਿਤ ਹਾਊਸਿੰਗ ਬੋਰਡ ਦੇ ਮਕਾਨਾਂ ਦੇ ਬਲਾਕ ਨੰਬਰ 15 'ਚ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਪੁਲਸ ਨੇ ਇਕ ਨੌਜਵਾਨ ਨੂੰ ਫੜਿਆ ਸੀ, ਜਿਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬਲਾਕ ਨੰਬਰ 16 ਤੋਂ 5 ਨੌਜਵਾਨਾਂ ਨੂੰ ਰਾਉਂਡਅਪ ਕੀਤਾ। ਉਥੇ ਹੀ ਇਕ ਲੜਕੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ ਸੀ।
ਡਿਪਟੀ ਕਮਿਸ਼ਨਰ ਨੇ ਵੋਟ ਅਧਿਕਾਰ ਪ੍ਰਤੀ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ
NEXT STORY