ਚੰਡੀਗੜ੍ਹ (ਬਿਊਰੋ) - ਆਮ ਆਦਮੀ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ 'ਅਖੌਤੀ' ਕਰਜ਼ਾ ਮੁਆਫ਼ੀ ਦੇ ਵਿਰੋਧ ਵਜੋਂ 7 ਜਨਵਰੀ ਨੂੰ ਮਾਨਸਾ ਵਿਖੇ ਕਾਲੇ ਝੰਡੇ ਦਿਖਾਏ ਜਾਣਗੇ। ਇਹ ਐਲਾਨ ਪਾਰਟੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿੱਢੀ ਗਈ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਸ਼ੁਰੂ ਹੋਣ ਸਾਰ ਹੀ ਵਿਵਾਦਾਂ ਵਿਚ ਘਿਰ ਗਈ ਹੈ। ਇਸ ਸਕੀਮ ਤਹਿਤ ਬਣਾਈਆਂ ਗਈਆਂ ਕਰਜ਼ਾ ਮੁਆਫੀ ਦੀਆਂ ਸੂਚੀਆਂ ਵਿਚ ਵੱਡੇ ਪੱਧਰ ਉਤੇ ਧਾਂਦਲੀ ਕੀਤੀ ਗਈ ਹੈ। ਇਸ ਧਾਂਦਲੀ ਅਧੀਨ ਕਰਜ਼ੇ ਦਾ ਸੰਤਾਪ ਝੱਲ ਰਹੇ ਜ਼ਰੂਰਤਮੰਦ ਗਰੀਬ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਿਆਦਾਂ ਜ਼ਮੀਨਾਂ ਦੀ ਮਾਲਕੀ ਵਾਲੇ ਅਮੀਰ ਕਿਸਾਨਾਂ ਅਤੇ ਚਹੇਤਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਜੋ ਕਿ ਛੋਟੇ ਅਤੇ ਦਰਮਿਆਨੇ ਪੱਧਰ ਦੇ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਹੈ।
ਖਹਿਰਾ ਨੇ ਕਿਹਾ ਕਿ ਢਾਈ ਏਕੜ ਵਾਲੇ ਕਿਸਾਨਾਂ ਦੀਆਂ ਲਿਸਟਾਂ ਜਿਵੇਂ ਹੀ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿਚ ਲਾਈਆਂ ਗਈਆਂ ਤਾਂ ਗਰੀਬ ਕਰਜ਼ਾਈ ਕਿਸਾਨ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਲਈ ਜੋ ਸੂਚੀਆਂ ਸਰਕਾਰ ਵਲੋਂ ਬਣਾ ਕੇ ਲਾਈਆਂ ਗਈਆਂ ਹਨ, ਉਹ ਬਿਲਕੁਲ ਸਹੀ ਨਹੀਂ ਹਨ। ਇਨ੍ਹਾਂ ਸੂਚੀਆਂ ਵਿਚ ਜਿਥੇ ਹਜ਼ਾਰਾਂ ਕਿਸਾਨਾਂ ਦੇ ਨਾਂ ਰਹਿ ਗਏ ਹਨ, ਉਥੇ ਹੀ ਢਾਈ ਏਕੜ ਤੋਂ ਵੱਧ ਜ਼ਮੀਨਾਂ ਵਾਲੇ ਕਿਸਾਨਾਂ ਦੇ ਨਾਂ ਸੂਚੀ ਵਿਚ ਮੌਜੂਦ ਹਨ, ਜੋ ਕਿ ਬਹੁਤ ਦੁਖਦਾਈ ਅਤੇ ਅਫਸੋਸਨਾਕ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਵੱਲੋਂ ਕੀਤੇ ਗਏ ਚੋਣ ਵਾਅਦੇ ਅਨੁਸਾਰ ਕਿਸਾਨਾਂ ਦਾ ਹਰ ਪ੍ਰਕਾਰ ਦਾ ਕਰਜ਼ਾ ਮੁਆਫ ਕਰਨ ਦੀ ਬਜਾਏ ਸਿਰਫ ਸਹਿਕਾਰੀ ਸੁਸਾਇਟੀਆਂ ਦਾ ਹੀ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ, ਜਿਸ ਵਿਚ ਵੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਨਾਲ ਰੱਜ ਕੇ ਧੋਖਾਦੇਹੀ ਕੀਤੀ ਜਾ ਰਹੀ ਹੈ।
ਪੰਚਾਇਤੀ ਜ਼ਮੀਨ ਦੇ ਘਪਲੇ 'ਚ ਲੋੜੀਂਦਾ ਅਕਾਲੀ ਆਗੂ ਗ੍ਰਿਫਤਾਰ (ਵੀਡੀਓ)
NEXT STORY