ਜਲੰਧਰ (ਧਵਨ)-ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਅਕਾਲੀ ਦਲ ਵਲੋਂ ਕੁਝ ਸਰਕਾਰੀ ਸਕੂਲਾਂ ਦੇ ਰਲੇਵੇਂ 'ਤੇ ਸਵਾਲ ਖੜ੍ਹੇ ਕਰਨ 'ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਇਕ ਵਾਰ ਫਿਰ ਤੋਂ ਅਕਾਲੀ ਦਲ ਵਲੋਂ ਨਾਂਹ-ਪੱਖੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ 800 ਸਰਕਾਰੀ ਸਕੂਲਾਂ ਦੇ ਰਲੇਵੇਂ ਦਾ ਫੈਸਲਾ ਕੀਤਾ ਹੈ, ਜਿਥੇ 20 ਤੋਂ ਘੱਟ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਇਹ ਸਕੂਲ ਇਕ ਕਿਲੋਮੀਟਰ ਦੇ ਘੇਰੇ 'ਚ ਸਥਿਤ ਹੈ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ 'ਚ ਨਾ ਸਿਰਫ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਸਗੋਂ ਉਨ੍ਹਾਂ ਦੀਆਂ ਨਾਕਾਮੀਆਂ ਕਾਰਨ ਹੀ ਅੱਜ ਪੰਜਾਬ ਦੇ ਵਿਦਿਆਰਥੀ ਰਾਸ਼ਟਰੀ ਤੇ ਕੌਮਾਂਤਰੀ ਮੁਕਾਬਲਿਆਂ 'ਚ ਪੱਛੜ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਰਾਜ 'ਚ ਸਿੱਖਿਆ ਪ੍ਰਣਾਲੀ ਨੂੰ ਫਿਰ ਤੋਂ ਲੀਹ 'ਤੇ ਲਿਆਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਕਤ ਸਕੂਲਾਂ ਦੇ ਰਲੇਵੇਂ ਨਾਲ ਇਕ ਤਾਂ ਟੀਚਿੰਗ ਸਟਾਫ ਦਾ ਬਿਹਤਰ ਇਸਤੇਮਾਲ ਹੋ ਸਕੇਗਾ ਅਤੇ ਨਾਲ ਹੀ ਫਿਰ ਤੋਂ ਅਧਿਆਪਕਾਂ ਦੀ ਸਕੂਲਾਂ 'ਚ ਕਮੀ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਕਾਰਨ ਹੀ ਅੱਜ ਪੰਜਾਬ ਸਿੱਖਿਆ, ਸਿਹਤ, ਇੰਡਸਟਰੀ ਤੇ ਖੇਤੀ ਖੇਤਰ 'ਚ ਹੋਰ ਰਾਜਾਂ ਦੇ ਮੁਕਾਬਲੇ ਬੁਰੀ ਤਰ੍ਹਾਂ ਪੱਛੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਾਦਲਾਂ ਨੂੰ 10 ਸਾਲ ਦਾ ਲੰਬਾ ਸਮਾਂ ਦਿੱਤਾ ਸੀ ਪਰ ਬਾਦਲਾਂ ਨੇ ਪੰਜਾਬ ਨੂੰ ਲੁੱਟਣ ਅਤੇ ਆਪਣੀਆਂ ਜੇਬਾਂ ਭਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਕਾਰਨ ਸਰਕਾਰੀ ਖਜ਼ਾਨੇ 'ਤੇ ਅੱਜ ਭਾਰੀ ਦਬਾਅ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਦੁਬਾਰਾ ਗੰਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ।
ਗੁਰਦੁਆਰਾ ਬੀੜ ਸਾਹਿਬ ਤੋਂ ਮਿਲੀ ਨੌਜਵਾਨ ਦੀ ਲਾਸ਼
NEXT STORY