ਹੁਸ਼ਿਆਰਪੁਰ, (ਜਸਵਿੰਦਰਜੀਤ)- 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਫੈਸਲੇ ਖਿਲਾਫ਼ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣੇ ਰੋਸ ਦਾ ਵਿਖਾਵਾ ਕੀਤਾ ਗਿਆ। ਜ਼ਿਲਾ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਪ੍ਰਿੰ. ਅਮਨਦੀਪ ਸ਼ਰਮਾ, ਸਕੱਤਰ ਸੁਨੀਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਜਸਵੀਰ ਤਲਵਾੜਾ, ਮੀਤ ਪ੍ਰਧਾਨ ਵਿਕਾਸ ਸ਼ਰਮਾ, ਜਥੇਬੰਦਕ ਸਕੱਤਰ ਇੰਦਰਸੁਖਦੀਪ ਸਿੰਘ ਓਡਰਾਂ ਅਤੇ ਸੰਯੁਕਤ ਸਕੱਤਰ ਅਜੀਬ ਦਿਵੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਬਿਨਾਂ ਸੋਚ ਵਿਚਾਰ ਕੀਤਿਆਂ ਇਕੋ ਝਟਕੇ 'ਚ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ, ਜੋ ਬੱਚਿਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦੇ ਅਧਿਕਾਰ ਦੀ ਸਿੱਧੀ ਉਲੰਘਣਾ ਹੈ।
ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਕਰੀਬ 14 ਹਜ਼ਾਰ ਬੱਚੇ ਪ੍ਰਭਾਵਿਤ ਹੋਣਗੇ, ਉਥੇ ਹੀ ਅਧਿਆਪਕਾਂ ਦੀਆਂ ਸੈਂਕੜੇ ਆਸਾਮੀਆਂ ਖਤਮ ਹੋਣ ਨਾਲ ਰੋਜ਼ਗਾਰ ਦੇ ਮੌਕੇ ਖਤਮ ਹੋ ਜਾਣਗੇ ਅਤੇ ਇਨ੍ਹਾਂ ਪ੍ਰਾਇਮਰੀ ਸਕੂਲਾਂ 'ਚ ਨਿਗੂਣੀ ਤਨਖਾਹ 'ਤੇ ਕੰਮ ਕਰਨ ਵਾਲੀਆਂ ਕੁੱਕ ਬੀਬੀਆਂ ਦਾ ਰੋਜ਼ਗਾਰ ਵੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਖੁਸ਼ਹਾਲ ਸੂਬੇ ਦੀਆਂ ਸਰਕਾਰਾਂ ਨੂੰ ਆਪਣੀ ਆਮਦਨ ਵਧਾਉਣ ਲਈ ਹਰ ਪਿੰਡ ਤੇ ਹਰ ਕਸਬੇ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਤਾਂ ਸਦਾ ਫਿਕਰ ਰਿਹਾ ਹੈ, ਪਰ ਸਰਕਾਰੀ ਸਿੱਖਿਆ ਪ੍ਰਤੀ ਕਦੇ ਗੰਭੀਰਤਾ ਨਹੀਂ ਦਿਖਾਈ। ਜੇਕਰ ਕਾਂਗਰਸ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਾਲਾ ਮਾਰੂ ਫੈਸਲਾ ਵਾਪਸ ਨਾ ਲਿਆ ਤਾਂ ਪ੍ਰਭਾਵਿਤ ਸਕੂਲਾਂ ਦੇ ਪਿੰਡਾਂ ਦੇ ਲੋਕਾਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੜਕਾਂ 'ਤੇ ਉਤਰ ਕੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਸਤਵਿੰਦਰ ਸਿੰਘ ਮਾਹਿਲਪੁਰ, ਸੂਰਜ ਪ੍ਰਕਾਸ਼ ਸਿੰਘ, ਪਵਨ ਗੜ੍ਹਸ਼ੰਕਰ, ਜਸਵੰਤ ਮੁਕੇਰੀਆਂ, ਮੁਲਖ ਰਾਜ ਹਾਜੀਪੁਰ, ਬਲਕਾਰ ਸਿੰਘ, ਉਂਕਾਰ ਸਿੰਘ ਸੂਸ, ਮਨੋਹਰ ਸਿੰਘ ਬੈਂਸ, ਉਪਕਾਰ ਸਿੰਘ ਪੱਟੀ, ਜਸਵਿੰਦਰਪਾਲ ਸਿੰਘ, ਸਰਬਜੀਤ ਸਿੰਘ, ਲੋਕੇਸ਼ ਕੁਮਾਰ, ਪ੍ਰਦੀਪ ਕੁਮਾਰ ਵਿਰਲੀ, ਅਨੁਪਮ ਰਤਨ, ਸੰਜੀਵ ਕੁਮਾਰ, ਰਾਜੇਸ਼ ਅਰੋੜਾ, ਅਮਨਦੀਪ ਸਿੰਘ, ਰਾਜ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।
ਰੋਡਵੇਜ਼ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY