ਗੁਰਦਾਸਪੁਰ (ਹਰਮਨਪ੍ਰੀਤ) : ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਸਮੇਤ ਦੇਸ਼ ਭਰ ਅੰਦਰ ਵਧ ਰਹੀ ਬੇਰੋਜ਼ਗਾਰੀ ਦੀ ਸਮੱਸਿਆ ਕਾਰਣ ਜਿਥੇ ਪੜ੍ਹੇ-ਲਿਖੇ ਨੌਜਵਾਨਾਂ ਦੇ ਭਵਿੱਖ 'ਤੇ ਤਲਵਾਰ ਲਟਕੀ ਹੋਈ ਹੈ, ਉਸ ਦੇ ਨਾਲ ਹੀ ਇਸ ਦਹਾਕੇ 'ਚ ਪੰਜਾਬ ਅੰਦਰ ਕਈ ਕਾਰੋਬਾਰ ਤਬਾਹੀ ਦੀ ਕਗਾਰ 'ਤੇ ਆ ਖੜ੍ਹੇ ਹੋਏ ਹਨ ਜਦੋਂ ਕਿ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਭੇਜਣ ਨਾਲ ਸਬੰਧਤ ਕੰਮ-ਕਾਜ ਕਰਨ ਵਾਲੇ ਲੋਕਾਂ ਲਈ ਇਥੇ ਹੀ 'ਚਾਂਦੀ' ਬਣੀ ਹੋਈ ਹੈ। ਇਸ ਕਾਰਣ ਜੇਕਰ ਸਰਕਾਰੀ ਪੱਧਰ 'ਤੇ ਦੇਖਿਆ ਜਾਵੇ ਤਾਂ ਬੇਰੋਜ਼ਗਾਰੀ ਦਾ ਸਭ ਤੋਂ ਵੱਡਾ ਅਸਰ ਜਾਂ ਤਾਂ ਰੋਜ਼ਗਾਰ ਦਫਤਰਾਂ ਦੀਆਂ ਫਾਈਲਾਂ 'ਤੇ ਪਿਆ ਹੈ, ਜਿਥੇ ਬੇਰੋਜ਼ਗਾਰਾਂ ਦੀਆਂ ਫਾਈਲਾਂ ਦੇ ਢੇਰ ਦਿਨੋ-ਦਿਨ ਵੱਡੇ ਹੁੰਦੇ ਜਾ ਰਹੇ ਹਨ ਜਦੋਂ ਕਿ ਪਾਸਪੋਰਟ ਦਫਤਰਾਂ 'ਚ ਆਉਣ ਵਾਲੀਆਂ ਦਰਖਾਸਤਾਂ ਦੀ ਗਿਣਤੀ ਵੀ ਕਈ ਗੁਣਾ ਵਧ ਗਈ ਹੈ, ਜਿਸ ਤਹਿਤ 2017 ਦੌਰਾਨ ਪੰਜਾਬ ਅੰਦਰ ਪਾਸਪੋਰਟ ਦੀਆਂ ਦਰਖਾਸਤਾਂ ਵਿਚ ਕਰੀਬ 66 ਫੀਸਦੀ ਵਾਧਾ ਹੋਇਆ ਸੀ ਪਰ ਦੂਜੇ ਪਾਸੇ ਜੇਕਰ ਪੰਜਾਬ 'ਚ ਸਰਕਾਰੀ ਅਤੇ ਗੈਰ-ਸਰਕਾਰੀ ਸਿੱਖਿਆ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ 'ਚ ਇੰਜੀਨੀਅਰਿੰਗ ਕਾਲਜ ਅਤੇ ਮੈਡੀਕਲ ਕਾਲਜਾਂ ਸਮੇਤ ਅਕਾਦਮਿਕ ਸਿੱਖਿਆ ਦੇਣ ਵਾਲੇ ਕਈ ਕਾਲਜ ਵੀ ਮੰਦਹਾਲੀ ਦੇ ਦੌਰ 'ਚ ਗੁਜ਼ਰ ਰਹੇ ਹਨ ਪਰ ਸਿਰਫ ਕੁਝ ਮਹੀਨਿਆਂ ਦੀ ਕੋਚਿੰਗ ਦੇਣ ਵਾਲੇ ਆਈਲੈਟਸ ਸੈਂਟਰ ਵੱਲੋਂ ਨੌਜਵਾਨ ਪੀੜ੍ਹੀ ਦਾ ਧਿਆਨ ਹੋਣ ਕਾਰਣ ਤਕਰੀਬਨ ਹਰੇਕ ਛੋਟੇ-ਵੱਡੇ ਕਸਬੇ ਅਤੇ ਸ਼ਹਿਰ ਵਿਚ ਆਈਲੈਟਸ ਸੈਂਟਰ ਖੁੰਬਾਂ ਵਾਂਗ ਉੱਗ ਰਹੇ ਹਨ।
ਪੰਜਾਬ ਦੇ ਸਵਾ ਲੱਖ ਤੋਂ ਜ਼ਿਆਦਾ ਨੌਜਵਾਨ ਹਰੇਕ ਸਾਲ ਜਾਂਦੇ ਨੇ ਵਿਦੇਸ਼
ਇਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਕਰੀਬ ਸਵਾ ਲੱਖ ਤੋਂ ਡੇਢ ਲੱਖ ਨੌਜਵਾਨ ਹਰੇਕ ਸਾਲ ਵਿਦੇਸ਼ਾਂ 'ਚ ਜਾ ਰਹੇ ਹਨ। ਸਾਲ 2017 ਦੌਰਾਨ ਇਕੱਲੇ ਕੈਨੇਡਾ ਵਿਚ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਸਵਾ ਲੱਖ ਸੀ ਜਦੋਂ ਕਿ 25 ਹਜ਼ਾਰ ਦੇ ਕਰੀਬ ਨੌਜਵਾਨ ਆਸਟਰੇਲੀਆ, ਅਮਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਗਏ ਸਨ। ਇਸ ਤੋਂ ਇਲਾਵਾ ਵਰਕ ਪਰਮਿਟ, ਪੀ. ਆਰ. ਅਤੇ ਪੀ. ਆਰ. ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਮਿਲਾ ਕੇ ਇਹ ਗਿਣਤੀ ਹੋਰ ਵਧ ਜਾਂਦੀ ਹੈ। ਇਨ੍ਹਾਂ ਨੌਜਵਾਨਾਂ ਦੇ ਨਾਲ ਪੰਜਾਬ ਦੇ ਕਰੋੜਾਂ ਰੁਪਏ ਵਿਦੇਸ਼ਾਂ 'ਚ ਜਾ ਰਹੇ ਹਨ ਕਿਉਂਕਿ ਹਰੇਕ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਜਿਥੇ ਕਰੀਬ 20 ਤੋਂ 25 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ, ਉਥੇ ਵਿਦੇਸ਼ ਜਾਣ ਉਪਰੰਤ ਪਹਿਲੇ ਸਾਲਾਂ ਦੌਰਾਨ ਉਥੇ ਰਹਿਣ-ਸਹਿਣ ਲਈ ਲੋੜੀਂਦੇ ਪੈਸੇ ਵੀ ਪੰਜਾਬ ਤੋਂ ਆਪਣੇ ਮਾਪਿਆਂ ਕੋਲੋਂ ਮੰਗਵਾਏ ਜਾਂਦੇ ਹਨ।
ਆਈਲੈਟਸ ਪ੍ਰੀਖਿਆ ਲਈ ਹੀ 450 ਕਰੋੜ ਰੁਪਏ ਖਰਚ ਕਰਦੇ ਨੇ ਪੰਜਾਬੀ
ਪੰਜਾਬ ਅੰਦਰ ਹਰੇਕ ਸਾਲ ਨੌਜਵਾਨਾਂ ਵੱਲੋਂ ਆਈਲੈਟਸ ਪ੍ਰੀਖਿਆ 'ਤੇ ਕਰੀਬ ਸਵਾ ਚਾਰ ਸੌ ਕਰੋੜ ਤੋਂ ਸਾਢੇ ਚਾਰ ਸੌ ਕਰੋੜ ਤੱਕ ਦੀ ਰਾਸ਼ੀ ਖਰਚ ਕੀਤੀ ਜਾਂਦੀ ਹੈ ਕਿਉਂਕਿ ਹਰੇਕ ਸਾਲ ਸਾਢੇ ਤਿੰਨ ਲੱਖ ਦੇ ਕਰੀਬ ਨੌਜਵਾਨ ਇਹ ਪ੍ਰੀਖਿਆ ਦਿੰਦੇ ਹਨ। ਭਾਵੇਂ ਸਾਰੇ ਨੌਜਵਾਨ ਪੂਰੇ ਬੈਂਡ ਹਾਸਲ ਨਾ ਕਰ ਸਕਣ ਅਤੇ ਹੋਰ ਸ਼ਰਤਾਂ ਪੂਰੀਆਂ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦੀ ਵਧ ਰਹੀ ਲਾਲਸਾ ਕਾਰਣ ਸਥਿਤੀ ਇਹ ਬਣ ਗਈ ਹੈ ਕਿ ਲੋਕ ਵੱਡੇ-ਵੱਡੇ ਕਾਲਜ ਖੋਲ੍ਹਣ ਦੀ ਬਜਾਏ ਹੁਣ ਆਈਲੈਟਸ ਸੈਂਟਰ ਖੋਲ੍ਹਣ ਲੱਗ ਪਏ ਹਨ। ਸੈਂਟਰਾਂ ਦੇ ਰੂਪ ਵਿਚ ਖੋਲ੍ਹੀਆਂ ਗਈਆਂ ਇਨ੍ਹਾਂ ਦੁਕਾਨਾਂ ਦਾ ਅਸਰ ਏਨਾ ਵਧ ਰਿਹਾ ਹੈ ਕਿ ਬਹੁ-ਗਿਣਤੀ ਵਿਦਿਆਰਥੀ 12ਵੀਂ ਜਮਾਤ ਦੇ ਬਾਅਦ ਅਗਲੇਰੀ ਪੜ੍ਹਾਈ ਕਰਨ ਦੀ ਬਜਾਏ ਆਈਲੈਟਸ ਸੈਂਟਰਾਂ 'ਚ ਜਾਣ ਦੀ ਜ਼ਿਦ ਕਰਨੀ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਦਾ ਫਾਇਦਾ ਉਠਾ ਕੇ ਇਹ ਸੈਂਟਰ ਕਮਾਈ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ।
ਪਾਸਪੋਰਟਾਂ ਦੀਆਂ ਦਰਖਾਸਤਾਂ 'ਚ 66 ਫੀਸਦੀ ਵਾਧਾ
ਲੋਕਾਂ 'ਚ ਵਿਦੇਸ਼ ਜਾਣ ਦੀ ਵਧ ਰਹੀ ਦੌੜ ਕਾਰਣ 2017 'ਚ ਦੇਸ਼ ਅੰਦਰ ਪਾਸਪੋਰਟ ਬਣਾਉਣ ਲਈ 52.8 ਲੱਖ ਦਰਖਾਸਤਾਂ ਆਉਣ ਕਾਰਣ 16 ਫੀਸਦੀ ਵਾਧਾ ਹੋਇਆ ਸੀ ਪਰ ਇਨ੍ਹਾਂ ਵਿਚੋਂ ਇਕੱਲੇ ਪੰਜਾਬ ਦੇ ਲੋਕਾਂ ਨੇ 2016 ਦੇ ਮੁਕਾਬਲੇ ਪਾਸਪੋਰਟ ਬਣਾਉਣ ਵਿਚ 66 ਫੀਸਦੀ ਜ਼ਿਆਦਾ ਰੁਝਾਨ ਦਿਖਾਇਆ ਸੀ ਜਦੋਂ ਕਿ ਚੰਡੀਗੜ੍ਹ ਅੰਦਰ ਇਹ ਵਾਧਾ ਕਰੀਬ 54 ਫੀਸਦੀ ਸੀ। ਹੁਣ ਵੀ ਸਥਿਤੀ ਇਹ ਬਣੀ ਹੋਈ ਹੈ ਕਿ ਪਾਸਪੋਰਟ ਦਫਤਰਾਂ 'ਚ ਲਗਾਤਾਰ ਦਰਖਾਸਤਾਂ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਗਿਣਤੀ 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਸਮੇਤ ਹੋਰ ਉਮਰ ਦੇ ਵਿਦਿਆਰਥੀਆਂ ਦੀ ਹੈ।
ਆਰਥਕ ਮੰਦਹਾਲੀ ਨਾਲ ਜੂਝ ਰਹੇ ਨੇ ਸਰਕਾਰੀ ਤੇ ਗੈਰ-ਸਰਕਾਰੀ ਕਾਲਜ
ਪਿਛਲੇ ਦਹਾਕੇ ਦੌਰਾਨ ਪੰਜਾਬ 'ਚ ਕਈ ਪ੍ਰਾਈਵੇਟ ਕਾਲਜਾਂ ਨੇ ਇੰਜੀਨੀਅਰਿੰਗ ਅਤੇ ਹੋਰ ਵਿਸ਼ਿਆਂ ਦੀ ਮਾਨਤਾ ਲੈ ਕੇ ਵੱਡੇ ਪੱਧਰ 'ਤੇ ਕੋਰਸ ਸ਼ੁਰੂ ਕੀਤੇ ਸਨ ਜਿਨ੍ਹਾਂ ਨੇ ਵੱਡੀਆਂ ਇਮਾਰਤਾਂ ਬਣਾਉਣ ਅਤੇ ਹੋਰ ਪਾਠਕ੍ਰਮ ਮੁਤਾਬਕ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਸਨ ਪਰ ਕੁਝ ਹੀ ਸਾਲਾਂ ਦੇ ਬਾਅਦ ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਅੰਦਰ ਬਹੁ-ਗਿਣਤੀ ਕਾਲਜਾਂ ਦੀਆਂ ਸੀਟਾਂ ਖਾਲੀ ਹੀ ਰਹਿ ਜਾਂਦੀਆਂ ਹਨ ਅਤੇ ਖਰਚੇ ਵੀ ਪੂਰੇ ਨਾ ਹੋਣ ਕਾਰਣ ਕਾਲਜ ਪ੍ਰਬੰਧਕ ਆਰਥਕ ਮੰਦਹਾਲੀ ਨਾਲ ਜੂਝ ਰਹੇ ਹਨ। ਇਥੋਂ ਤੱਕ ਕਿ ਸਰਕਾਰ ਦੇ ਕਈ ਕਾਲਜ ਵੀ ਆਖਰੀ ਸਾਹ ਗਿਣ ਰਹੇ ਹਨ। ਹੋਰ ਤੇ ਹੋਰ ਮੈਡੀਕਲ ਕਾਲਜਾਂ ਅਤੇ ਨਰਸਿੰਗ ਕਾਲਜਾਂ 'ਚ ਦਾਖਲਾ ਲੈਣ ਲਈ ਵੀ ਜ਼ਿਆਦਾਤਰ ਨੌਜਵਾਨ ਰੁਚੀ ਨਹੀਂ ਦਿਖਾ ਰਹੇ।
ਕੀ ਕਹਿਣੈ ਸਮਾਜ ਸੇਵੀਆਂ ਅਤੇ ਕਾਰੋਬਾਰੀਆਂ ਦਾ
ਇਸ ਸਬੰਧੀ ਸਮਾਜ ਸੇਵੀ ਆਗੂ ਜੋਗਿੰਦਰ ਸਿੰਘ ਨਾਨੋਵਾਲੀਆ, ਦਿਲਬਾਗ ਸਿੰਘ ਚੀਮਾ, ਵਰੁਣ ਆਨੰਦ, ਓਮ ਪ੍ਰਕਾਸ਼ ਅਤੇ ਜੋਗਿੰਦਰਪਾਲ ਲਾਡੀ ਆਦਿ ਨੇ ਕਿਹਾ ਕਿ ਪੰਜਾਬ ਅੰਦਰ ਬੇਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਕਾਰਣ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਸੁਖਜਿੰਦਰ ਗਰੁੱਪ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਗੱਲ ਵਿਚ ਕਈ ਭੁਲੇਖਾ ਨਹੀਂ ਕਿ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਸਰਕਾਰੀ ਨੌਕਰੀ ਦੀ ਭਾਲ ਵਿਚ ਹੈ ਅਤੇ ਜਾਂ ਫਿਰ ਚੰਗੀ ਤਨਖਾਹ ਲੈ ਕੇ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਨਾ ਚਾਹੁੰਦਾ ਹੈ ਪਰ ਜਿੰਨੀ ਦੇਰ ਪ੍ਰਾਈਵੇਟ ਅਦਾਰੇ ਖੁਦ ਚੰਗੀ ਆਰਥਿਕ ਹਾਲਤ ਵਿਚ ਨਹੀਂ ਹੋਣਗੇ, ਓਨੀ ਦੇਰ ਉਹ ਕਿਸੇ ਹੋਰ ਨੂੰ ਚੰਗਾ ਰੋਜ਼ਗਾਰ ਨਹੀਂ ਦੇ ਸਕਦੇ। ਇਸੇ ਤਰ੍ਹਾਂ ਵੀਜ਼ਾ ਮਾਹਿਰ ਗੈਵੀ ਗਲੇਰ ਨੇ ਕਿਹਾ ਕਿ ਇਮੀਗ੍ਰੇਸ਼ਨ ਸਲਾਹਕਾਰ ਦੇ ਕਾਰੋਬਾਰ ਨੂੰ ਲੋਕ ਰਾਤੋ-ਰਾਤ ਅਮੀਰ ਹੋਣ ਦਾ ਸਾਧਨ ਸਮਝਣ ਲੱਗ ਪਏ ਹਨ ਜਿਨ੍ਹਾਂ ਵੱਲੋਂ ਇਹ ਸਮਝਿਆ ਜਾਂਦਾ ਹੈ ਕਿ ਸਿਰਫ ਦਫਤਰ ਖੋਲ੍ਹ ਕੇ ਅਤੇ ਕਿਸੇ ਵਿਦੇਸ਼ੀ ਸੰਸਥਾ ਨਾਲ ਰਾਬਤਾ ਕਾਇਮ ਕਰ ਕੇ ਇਹ ਮੋਟੀ ਕਮਾਈ ਕਰ ਸਕਦੇ ਹਨ ਪਰ ਸੱਚਾਈ ਇਹ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਨੌਜਵਾਨਾਂ ਨੂੰ ਗੁੰਮਰਾਹ ਹੀ ਕਰ ਰਹੇ ਹਨ ਜਿਨ੍ਹਾਂ ਵੱਲੋਂ ਦਿਖਾਵਾ ਕਰ ਕੇ ਨੌਜਵਾਨਾਂ ਨੂੰ ਵਿਦੇਸ਼ਾਂ ਨਾਲ ਜੁੜੇ ਵੱਡੇ-ਵੱਡੇ ਸੁਪਨੇ ਦਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਲੋਕਾਂ ਦੇ ਝਾਂਸੇ ਵਿਚ ਆ ਕੇ ਇਹ ਸਮਝਣ ਦੀ ਲੋੜ ਹੈ ਕਿ ਉਹ ਕਿਸੇ ਮਾਨਤਾ ਪ੍ਰਾਪਤ ਏਜੰਸੀ ਜਾਂ ਏਜੰਟ ਨਾਲ ਹੀ ਸੰਪਰਕ ਕਰਨ ਅਤੇ ਆਪਣੇ ਭਵਿੱਖ ਸਬੰਧੀ ਪੂਰੀ ਸੋਚ-ਵਿਚਾਰ ਦੇ ਬਾਅਦ ਹੀ ਵਿਦੇਸ਼ ਜਾਣ।
ਕਾਂਗਰਸ ਨੂੰ ਉਲਟਾ ਪੈ ਸਕਦੈ ਪੰਜਾਬ 'ਚ ਚੇਅਰਮੈਨ ਲਾਉਣ ਦਾ ਦਾਅ
NEXT STORY