ਹੁਸ਼ਿਆਰਪੁਰ, (ਅਮਰਿੰਦਰ)- ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਸ਼ਿਵਾਲਿਕ ਘਾਟੀ ਦੀ ਗੋਦ 'ਚ ਵਸੇ ਹੁਸ਼ਿਆਰਪੁਰ 'ਤੇ ਇਸ ਗੱਲ ਲਈ ਮਾਣ ਹੈ ਕਿ ਸਭ ਤੋਂ ਉੱਤਮ ਕੁਆਲਿਟੀ ਦਾ ਸ਼ਹਿਦ ਇਥੋਂ ਹੀ ਮਿਲਦਾ ਹੈ। ਗੱਲ ਪੰਜਾਬ ਦੀ ਕਰੀਏ ਤਾਂ ਇਥੇ ਸਾਲਾਨਾ 15 ਹਜ਼ਾਰ ਟਨ ਸ਼ਹਿਦ ਦਾ ਔਸਤਨ ਉਤਪਾਦਨ ਹੁੰਦਾ ਹੈ, ਜਿਸ ਵਿਚ ਇਕੱਲੇ ਹੁਸ਼ਿਆਰਪੁਰ ਦਾ ਯੋਗਦਾਨ 6 ਹਜ਼ਾਰ ਟਨ ਦੇ ਲਗਭਗ ਹੈ। ਪਿਛਲੇ ਇਕ ਸਾਲ ਅੰਦਰ ਸ਼ਹਿਦ ਦੀਆਂ ਕੀਮਤਾਂ ਅੱਧੀਆਂ ਰਹਿ ਗਈਆਂ ਹਨ।
ਸ਼ਹਿਦ ਉਤਪਾਦਕਾਂ ਅਨੁਸਾਰ ਪਿਛਲੇ ਸਾਲ ਸ਼ਹਿਦ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਮਿਲ ਰਹੀ ਸੀ, ਜਦਕਿ ਇਸ ਸਾਲ ਉਨ੍ਹਾਂ ਹੱਥ ਸਿਰਫ 70 ਤੋਂ 80 ਰੁਪਏ ਕਿਲੋ ਹੀ ਲੱਗ ਰਹੇ ਹਨ। ਬਾਜ਼ਾਰ ਵਿਚੋਂ ਉੱਤਮ ਸ਼ਹਿਦ ਦਾ ਵੀ ਭਾਅ ਸਹੀ ਨਾ ਮਿਲਣ ਅਤੇ ਲਾਗਤ ਮੁੱਲ ਵੀ ਨਾ ਮੁੜਨ ਕਰ ਕੇ ਜ਼ਿਲੇ ਦੇ ਸ਼ਹਿਦ ਉਤਪਾਦਕਾਂ ਦੀ ਕਮਰ ਟੁੱਟ ਗਈ ਹੈ ਅਤੇ ਉਹ ਕਰਜ਼ੇ ਦੇ ਬੋਝ ਹੇਠਾਂ ਦਬ ਰਹੇ ਹਨ। ਮਨਪ੍ਰੀਤ ਬਾਦਲ ਦੇ ਬਜਟ ਤੋਂ ਨਿਰਾਸ਼ ਸ਼ਹਿਦ ਉਤਪਾਦਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ
ਕਿ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ, ਨਹੀਂ ਤਾਂ ਇਹ ਧੰਦਾ ਖਤਰੇ ਵਿਚ ਪੈ ਜਾਵੇਗਾ।
ਆਖਿਰ ਕੀ ਹੈ ਕੀਮਤਾਂ ਘਟਣ ਦਾ ਕਾਰਨ
ਵਰਣਨਯੋਗ ਹੈ ਕਿ ਇਸ ਸਮੇਂ ਹੁਸ਼ਿਆਰਪੁਰ ਜ਼ਿਲੇ ਦੇ ਕੰਢੀ ਖੇਤਰ ਵਿਚ 200 ਪ੍ਰਮੁੱਖ ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਸਾਲਾਨਾ ਔਸਤਨ 4 ਤੋਂ 6 ਹਜ਼ਾਰ ਟਨ ਸ਼ਹਿਦ ਪੈਦਾ ਕਰ ਰਹੇ ਹਨ। ਸ਼ਹਿਦ ਉਤਪਾਦਕਾਂ ਦਾ ਤਰਕ ਹੈ ਕਿ ਵਿਸ਼ਵ ਬਾਜ਼ਾਰ ਵਿਚ ਚਾਲੂ ਸੀਜ਼ਨ ਦੌਰਾਨ ਸ਼ਹਿਦ ਦੀ ਬੰਪਰ ਪੈਦਾਵਾਰ ਅਤੇ ਚੀਨ ਤੋਂ ਆ ਰਹੇ ਸਿਰਪ ਅਤੇ ਮਿਲਾਵਟੀ ਸ਼ਹਿਦ ਕਾਰਨ ਕੀਮਤਾਂ ਲਗਾਤਾਰ ਘਟ ਰਹੀਆਂ ਹਨ। ਜ਼ਿਆਦਾ ਉਤਪਾਦਨ ਕਾਰਨ ਵੀ ਵਿਸ਼ਵ ਬਾਜ਼ਾਰ ਵਿਚ ਸ਼ਹਿਦ ਦੀਆਂ ਕੀਮਤਾਂ ਘੱਟ ਹਨ।
ਨਹੀਂ ਰਿਹਾ ਮੁਨਾਫੇ ਵਾਲਾ ਧੰਦਾ
ਹੁਸ਼ਿਆਰਪੁਰ ਦੇ ਪਿੰਡ ਬੰਬੋਵਾਲ ਦੇ ਸਰਜੀਵਨ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਲਾਗਤ ਮੁੱਲ 100 ਰੁਪਏ ਕਿਲੋ ਦੇ ਮੁਕਾਬਲੇ ਬਾਜ਼ਾਰ ਵਿਚੋਂ 80 ਤੋਂ 90 ਰੁਪਏ ਤੱਕ ਮਿਲ ਗਏ ਸਨ ਪਰ ਇਸ ਸਾਲ ਲਾਗਤ ਮੁੱਲ ਵਧ ਕੇ 150 ਰੁਪਏ ਦੇ ਮੁਕਾਬਲੇ ਬਾਜ਼ਾਰ 'ਚ 60 ਤੋਂ 80 ਰੁਪਏ ਹੀ ਮਿਲ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਹੁਣ ਇਹ ਧੰਦਾ ਮੁਨਾਫੇ ਵਾਲਾ ਨਹੀਂ ਰਿਹਾ।
ਇਹੀ ਦੇਖ ਕੇ ਉਹ ਆਪਣੇ ਧੰਦੇ ਦਾ ਸੌਦਾ ਕਰ ਰਹੇ ਹਨ। ਸਾਲ 2016 ਵਿਚ ਮਾਰਕਫੈੱਡ ਤੋਂ ਉਨ੍ਹਾਂ ਨੂੰ ਚੰਗੀ ਕੀਮਤ ਮਿਲੀ ਸੀ ਪਰ ਸਰਕਾਰ ਦੀ ਅਣਦੇਖੀ ਕਾਰਨ ਹੁਣ ਸਾਡਾ ਇਸ ਧੰਦੇ ਤੋਂ ਮੋਹ ਭੰਗ ਹੋ ਚੁੱਕਾ ਹੈ।
ਵਿਚੋਲੀਏ ਉਠਾ ਰਹੇ ਹਨ ਫਾਇਦਾ
ਹੁਸ਼ਿਆਰਪੁਰ ਜ਼ਿਲੇ ਦੇ ਕੰਢੀ ਖੇਤਰ ਦੇ ਪਿੰਡ ਸਹੌੜਾ ਕੰਢੀ ਦੇ ਜੀਵਨ ਕੁਮਾਰ, ਪ੍ਰਿੰਸ ਡਡਵਾਲ, ਉਮੇਸ਼ ਸ਼ਰਮਾ ਅਤੇ ਰਾਘੋਵਾਲ ਪਿੰਡ ਦੇ ਕਿਰਨ ਦੇਵ, ਬਲਜਿੰਦਰ ਸਿੰਘ ਅਤੇ ਹਰੀਸ਼ ਕੁਮਾਰ ਨੇ ਸ਼ਹਿਦ ਦੀਆਂ ਮੱਖੀਆਂ ਨਾਲ ਭਰੀਆਂ ਪੇਟੀਆਂ ਦਿਖਾਉਂਦਿਆਂ ਦੱਸਿਆ ਕਿ ਇਕ ਪੇਟੀ ਤਿਆਰ ਕਰਨ 'ਤੇ 1800 ਤੋਂ 2000 ਰੁਪਏ ਖਰਚਾ ਆਉਂਦਾ ਹੈ, ਜਦਕਿ ਇਸ ਦੇ ਮੁਕਾਬਲੇ ਉਤਪਾਦਨ ਤੋਂ ਬਾਅਦ ਸਾਨੂੰ 1000 ਰੁਪਏ ਵੀ ਨਹੀਂ ਮਿਲ ਰਹੇ ਕਿਉਂਕਿ ਵਿਚੋਲੀਏ ਜ਼ਿਆਦਾ ਫਾਇਦਾ ਉਠਾ ਰਹੇ ਹਨ। ਇਸੇ ਤਰ੍ਹਾਂ ਸ਼ਹਿਦ ਦੇ ਉਤਪਾਦਨ ਲਈ ਪੰਜਾਬ 'ਚ ਹੁਸ਼ਿਆਰਪੁਰ ਦਾ ਮੌਸਮ ਸਭ ਤੋਂ ਅਨੁਕੂਲ ਹੈ, ਪਰ ਹੁਣ ਮੌਸਮ 'ਚ ਬਦਲਾਅ ਕਾਰਨ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਬਚਾਉਣ ਲਈ ਹੁਣ ਸਰਕਾਰ ਨੂੰ ਅੱਗੇ ਆਉਣਾ ਪਵੇਗਾ।
ਕੀ ਕਹਿੰਦੇ ਹਨ ਮਾਹਿਰ ਡਾ. ਵਸ਼ਿਸ਼ਟ
ਸੰਪਰਕ ਕਰਨ 'ਤੇ ਸੇਵਾਮੁਕਤ ਡਿਪਟੀ ਡਾਇਰੈਕਟਰ ਅਤੇ ਸ਼ਹਿਦ ਦੀਆਂ ਮੱਖੀਆਂਪਾਲਣ ਮਾਮਲੇ ਦੇ ਮਾਹਿਰ ਸਟੇਟ ਐਵਾਰਡੀ ਡਾ. ਚਮਨ ਲਾਲ ਵਸ਼ਿਸ਼ਟ ਨੇ ਦੱਸਿਆ ਕਿ ਸ਼ਹਿਦ ਉਤਪਾਦਕ ਕਿਸਾਨਾਂ ਨੂੰ ਹੁਣ ਜਿਥੇ ਲੁਧਿਆਣਾ ਸਥਿਤ ਖੇਤੀਬਾੜੀ ਯੂਨੀਵਰਸਿਟੀ 'ਚ ਟਰੇਨਿੰਗ ਦਿੱਤੀ ਜਾ ਰਹੀ ਹੈ, ਉਥੇ ਹੀ ਕਿਸਾਨਾਂ ਦੀ ਮਦਦ ਲਈ ਸਰਕਾਰ ਨੇ ਜਲੰਧਰ ਜ਼ਿਲੇ 'ਚ 'ਹਨੀ ਪ੍ਰੋਸੈਸਿੰਗ ਪਲਾਂਟ' ਦੀ ਵੀ ਸਥਾਪਨਾ ਕੀਤੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵਿਚੋਲਿਆਂ ਦੀ ਬਜਾਏ ਆਪਣੇ ਸ਼ਹਿਦ ਦੀ ਸਹੀ ਢੰਗ ਨਾਲ ਮਾਰਕੀਟਿੰਗ ਕਰ ਕੇ ਆਪਣੇ ਉਤਪਾਦ ਨੂੰ ਖੁਦ ਵੇਚਣ ਤਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਉਠਾਉਣਾ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਦ ਉਤਪਾਦਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਨੀਲੇ ਕਾਰਡ ਦੀ ਸਹੂਲਤ ਤੋਂ ਵਾਂਝੇ ਲੋਕਾਂ ਕੀਤਾ ਰੋਸ ਪ੍ਰਦਰਸ਼ਨ
NEXT STORY