ਚੰਡੀਗੜ੍ਹ (ਅਰਚਨਾ)-'ਗੂਗਲ ਬੁਆਏ' ਹਰਸ਼ਿਤ ਹਸਪਤਾਲ 'ਚ ਹੈ। ਹਰਸ਼ਿਤ ਨੇ ਚਾਰ ਦਿਨਾਂ ਤੋਂ ਕੁਝ ਖਾਧਾ ਨਹੀਂ ਹੈ। ਹਰਸ਼ਿਤ ਦਾ ਹਾਸਾ ਉਸਦੇ ਚਿਹਰੇ ਤੋਂ ਗਾਇਬ ਹੋ ਚੁੱਕਾ ਹੈ। ਦੂਜਿਆਂ ਨਾਲ ਗੱਲ ਕਰਨਾ ਤਾਂ ਦੂਰ, ਉਨ੍ਹਾਂ ਵੱਲ ਵੇਖਣਾ ਵੀ ਉਸਨੂੰ ਪਸੰਦ ਨਹੀਂ। ਹਨੇਰੇ ਕਮਰੇ ਨੂੰ ਹਰਸ਼ਿਤ ਨੇ ਆਪਣੀ ਜੇਲ ਬਣਾ ਲਿਆ ਹੈ, ਜਦੋਂਕਿ ਉਹ ਅਪਰਾਧੀ ਨਹੀਂ ਹੈ। ਸਾਈਬਰ ਕ੍ਰਾਈਮ ਦਾ ਵਿਕਟਿਮ ਹੈ। ਦੁਨੀਆ ਉਸਨੂੰ ਅਪਰਾਧੀ ਵਾਂਗ ਵੇਖ ਰਹੀ ਹੈ। ਲੋਕਾਂ ਦੀਆਂ ਨਜ਼ਰਾਂ ਉਸਨੂੰ ਰਹਿ-ਰਹਿ ਕੇ ਅਹਿਸਾਸ ਦਿਵਾ ਰਹੀਆਂ ਹਨ ਕਿ ਉਸਨੇ ਆਪਣੇ ਰਿਸ਼ਤੇਦਾਰਾਂ, ਸਕੂਲ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਧੋਖਾ ਦੇ ਕੇ ਵਾਹ-ਵਾਹ ਬਟੋਰੀ ਹੈ ਪਰ ਕਿਸੇ ਨੂੰ ਇਹ ਅਹਿਸਾਸ ਤਕ ਨਹੀਂ ਹੋ ਰਿਹਾ ਕਿ ਸਾਈਬਰ ਕ੍ਰਾਈਮ ਦਾ ਵਿਕਟਿਮ ਬਣਨ ਵਾਲੇ ਹਰਸ਼ਿਤ ਦਾ ਕੀ ਕਸੂਰ ਹੈ?
ਕਿਸੇ ਸਾਈਬਰ ਕ੍ਰਿਮੀਨਲ ਨੇ ਹਰਸ਼ਿਤ ਨੂੰ ਗੂਗਲ 'ਚ ਅਪਵਾਇੰਟਮੈਂਟ ਦਾ ਫੇਕ ਪੱਤਰ ਭੇਜਿਆ ਤੇ ਕਿਸੇ ਐਪ ਦੀ ਮਦਦ ਨਾਲ ਅਮਰੀਕਾ ਤੋਂ ਕਾਲ ਕਰਕੇ ਨੌਕਰੀ ਲੱਗਣ ਦੀ ਸੂਚਨਾ ਦਿੱਤੀ। ਕ੍ਰਿਮੀਨਲ ਨੇ ਦੱਸਿਆ ਕਿ ਗੂਗਲ ਨੰ ਹਰਸ਼ਿਤ ਦਾ ਕੰਮ ਪਸੰਦ ਆ ਗਿਆ ਹੈ, ਉਸਨੂੰ ਮਹੀਨੇ ਦੀ 12 ਲੱਖ ਰੁਪਏ ਤਨਖਾਹ ਤੇ 4 ਲੱਖ ਰੁਪਏ ਦਾ ਸਟਾਈਫੰਡ ਮਿਲੇਗਾ। ਗੂਗਲ ਦੀ ਨੌਕਰੀ ਮਿਲਣਾ ਕਿਸੇ ਵੀ 12ਵੀਂ ਪਾਸ ਵਿਦਿਆਰਥੀ ਲਈ ਸੌਗਾਤ ਤੋਂ ਘੱਟ ਨਹੀਂ ਸੀ ਪਰ ਕੁਝ ਹੀ ਘੰਟਿਆਂ 'ਚ ਉਸਦੀ ਜ਼ਿੰਦਗੀ ਬਦਲ ਗਈ। ਗੂਗਲ ਨੇ ਜਵਾਬ ਦਿੱਤਾ ਕਿ ਅਪਵਾਇੰਟਮੈਂਟ ਲੈਟਰ ਫੇਕ ਸੀ, ਇਸਦੇ ਬਾਅਦ ਵਧਾਈਆਂ ਦੇ ਰੌਲੇ 'ਚ ਤਾਅਨੇ ਗੂੰਜ ਰਹੇ ਹਨ। ਲੋਕਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕਰ ਦਿੱਤੀ।
ਹਰਸ਼ਿਤ ਦੀ ਪ੍ਰਾਪਤੀ 'ਤੇ ਫਖਰ ਮਹਿਸੂਸ ਕਰਨ ਵਾਲੇ ਅਧਿਆਪਕਾਂ ਨੇ ਵੀ ਬਾਅਦ 'ਚ ਹਰਸ਼ਿਤ ਦੀ ਸਕੂਲ ਪ੍ਰਫਾਰਮੈਂਸ 'ਤੇ ਸਵਾਲ ਖੜ੍ਹੇ ਕਰ ਦਿੱਤੇ। ਸਕੇ-ਸੰਬੰਧੀਆਂ ਨੇ ਮਜ਼ਾਕੀਆ ਅੰਦਾਜ਼ 'ਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਚੈੱਕ ਤਾਂ ਕਰ ਲੈਂਦੇ ਕਿ ਲੈਟਰ ਅਸਲੀ ਹੈ ਜਾਂ ਨਹੀਂ? ਲੋਕਾਂ ਦੇ ਬਦਲੇ ਰਵੱਈਏ ਨੇ ਹਰਸ਼ਿਤ ਨੂੰ ਦਿਮਾਗੀ ਤਣਾਅ ਦੇ ਦਿੱਤਾ ਹੈ। ਹੁਣ ਹਸਪਤਾਲ 'ਚ ਡਾਕਟਰ ਉਸਦੀ ਕਾਊਂਸਲਿੰਗ ਕਰ ਰਹੇ ਹਨ।
ਰੋਂਦੀ ਮਾਂ ਨੇ ਕਿਹਾ, ਕੀ ਕਸੂਰ ਹੈ ਮੇਰੇ ਬੱਚੇ ਦਾ?
ਹਰਸ਼ਿਤ ਦੀ ਮਾਂ ਬਬੀਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਰਸ਼ਿਤ ਦੇ ਪਿਤਾ ਇਕ ਪ੍ਰਾਈਵੇਟ ਕਾਲਜ ਵਿਚ ਲੈਕਚਰਾਰ ਹਨ, ਜਦਕਿ ਮਾਂ ਪ੍ਰਾਈਵੇਟ ਸਕੂਲ 'ਚ ਅਧਿਆਪਕ। ਹਰਸ਼ਿਤ ਦਾ ਇਕ ਛੋਟਾ ਭਰਾ ਵੀ ਹੈ, ਜੋ 10ਵੀਂ ਵਿਚ ਪੜ੍ਹ ਰਿਹਾ ਹੈ। ਮਾਂ ਨੇ ਬੇਟੇ ਦੀ ਹਾਲਤ 'ਤੇ ਹੰਝੂ ਵਹਾਉਂਦਿਆਂ ਕਿਹਾ ਕਿ ਮੇਰੇ ਬੇਟੇ ਦਾ ਕੀ ਕਸੂਰ ਹੈ, ਜੋ ਲੋਕ ਉਸ ਦਾ ਮਜ਼ਾਕ ਉਡਾ ਰਹੇ ਹਨ? ਹਰਸ਼ਿਤ ਤਾਂ ਬੀ. ਐੱਸ. ਸੀ. 'ਚ ਦਾਖਲਾ ਲੈ ਰਿਹਾ ਸੀ ਜੇਕਰ ਉਸ ਨੂੰ ਆਈਕਨ ਡਿਜ਼ਾਈਨਿੰਗ ਦਾ ਸ਼ੌਕ ਸੀ ਤੇ ਗੂਗਲ ਨੂੰ ਉਹ ਆਪਣੇ ਡਿਜ਼ਾਈਨ ਭੇਜਦਾ ਰਹਿੰਦਾ ਸੀ ਤਾਂ ਇਸ ਵਿਚ ਉਸਦੀ ਕੀ ਗਲਤੀ ਸੀ, ਕੀ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ? ਉਹ ਦੂਸਰੇ ਬੱਚਿਆਂ ਦੀ ਤਰ੍ਹਾਂ ਵੀਡੀਓ ਗੇਮ ਜਾਂ ਸੈਲਫੀ ਖਿੱਚਣ ਵਿਚ ਸਮਾਂ ਬਰਬਾਦ ਨਹੀਂ ਕਰਦਾ ਸੀ। ਇਕ ਬੱਚੇ ਨੇ ਝੂਠੀ ਕਾਲ ਤੇ ਨਕਲੀ ਅਪਵਾਇੰਟਮੈਂਟ ਨੂੰ ਸੱਚ ਮੰਨ ਲਿਆ ਤਾਂ ਕੀ ਲੋਕ ਉਸ ਨੂੰ ਤਾਅਨੇ ਮਾਰਦੇ ਰਹਿਣਗੇ? ਹਰਸ਼ਿਤ ਇਕ ਹਾਦਸੇ ਦਾ ਸ਼ਿਕਾਰ ਹੋਇਆ ਹੈ। ਹਾਦਸੇ ਕਾਰਨ ਉਸ ਨੇ ਖੁਦ ਨੂੰ ਹਨੇਰੇ ਕਮਰੇ 'ਚ ਬੰਦ ਕਰ ਲਿਆ ਹੈ। ਖਾਣਾ-ਪੀਣਾ ਤਕ ਛੱਡ ਦਿੱਤਾ ਹੈ, ਸਭ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਹੈ। ਕੀ ਹਰਸ਼ਿਤ ਨੇ ਕੋਈ ਵੱਡਾ ਜੁਰਮ ਕੀਤਾ ਹੈ? ਜਿਹੜੇ ਅਧਿਆਪਕਾਂ ਨੇ ਹਰਸ਼ਿਤ ਦੀ ਨਿਯੁਕਤੀ 'ਤੇ ਸਕੂਲ ਵਲੋਂ ਵਧਾਈ ਲਈ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਸੀ, ਉਨ੍ਹਾਂ ਨੇ ਹੀ ਹਰਸ਼ਿਤ ਦੀ ਕਾਬਲੀਅਤ 'ਤੇ ਸਵਾਲ ਚੁੱਕ ਦਿੱਤਾ, ਕੀ ਇਹ ਸਹੀ ਹੈ? ਹਰਸ਼ਿਤ ਨਾਲ ਜੋ ਵੀ ਹੋਇਆ ਹੈ, ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦੇਣੀ ਹੈ ਪਰ ਹਰਸ਼ਿਤ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਜੇਕਰ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵਗਾ? ਉਥੇ ਹੀ ਹਰਸ਼ਿਤ ਦੇ ਚਾਚੇ ਨਰਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਨਾਲ ਕਿਸੇ ਨੇ ਬਹੁਤ ਘਟੀਆ ਮਜ਼ਾਕ ਕੀਤਾ ਹੈ, ਜਲਦੀ ਹੀ ਉਸ ਵਿਅਕਤੀ ਨੂੰ ਸਜ਼ਾ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ।
ਬੱਚੇ ਨੂੰ ਡਿਪ੍ਰੈਸ਼ਨ 'ਚੋਂ ਬਾਹਰ ਆਉਣ ਲਈ ਇਕ- ਦੋ ਮਹੀਨੇ ਦਾ ਸਮਾਂ ਲੱÎਗੇਗਾ। ਡਾਕਟਰ ਉਸ ਨੂੰ ਕਾਊਂਸਲਿੰਗ ਦੇ ਨਾਲ ਦਵਾਈਆਂ ਵੀ ਦੇ ਰਹੇ ਹਨ। ਪਰਿਵਾਰ ਨੂੰ ਵੀ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਬੱਚੇ ਨੂੰ ਸਮਝਣਾ ਹੋਵੇਗਾ ਕਿ ਇਹ ਕੋਈ ਵੱਡੀ ਚੀਜ਼ ਨਹੀਂ ਸੀ, ਉਸ ਨੂੰ ਭੁੱਲ ਜਾਵੇ ਤੇ ਭਵਿੱਖ ਵਿਚ ਗੂਗਲ 'ਚ ਪਹੁੰਚਣ ਲਈ ਕੋਸ਼ਿਸ਼ ਸ਼ੁਰੂ ਕਰ ਦੇਵੇ।
-ਪ੍ਰੋ. ਆਦਰਸ਼ ਕੋਹਲੀ, ਮਨੋਵਿਗਿਆਨਕ, ਪੀ. ਜੀ. ਆਈ.।
ਗੁਰਦਾਸਪੁਰ ਲੋਕ ਸਭਾ ਉਪ ਚੋਣ : ਵੱਡੇ ਚਿਹਰਿਆਂ 'ਤੇ ਦਾਅ ਖੇਡਣ ਨੂੰ ਤਿਆਰ ਕਾਂਗਰਸ ਤੇ ਭਾਜਪਾ
NEXT STORY