ਚੰਡੀਗੜ੍ਹ (ਪਾਲ) : ਜੇਕਰ ਤੁਹਾਨੂੰ ਪਿੱਤੇ ਦੀ ਥੈਲੀ ’ਚ ਪੱਥਰੀ ਹੈ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਡਾਕਟਰਾਂ ਮੁਤਾਬਕ ਇਹ ਛੋਟੀ ਸਮੱਸਿਆ ਨਹੀਂ, ਭਵਿੱਖ ’ਚ ਗਾਲ ਬਲੈਡਰ ਕੈਂਸਰ ਦਾ ਵੱਡਾ ਕਾਰਨ ਬਣ ਸਕਦੀ ਹੈ। ਪੀ. ਜੀ.ਆਈ. ਚੰਡੀਗੜ੍ਹ ਦੇ ਗੈਸਟਰੋਐਂਟਰੋਲੋਜੀ ਵਿਭਾਗ ਦੀ ਮੁਖੀ ਡਾ. ਊਸ਼ਾ ਦੱਤਾ ਮੁਤਾਬਕ ਉੱਤਰ ਭਾਰਤ ’ਚ ਪਿੱਤੇ ਦੀ ਥੈਲੀ ਦੇ ਕੈਂਸਰ ਦੇ ਮਾਮਲੇ ਚਿੰਤਾਜਨਕ ਗਤੀ ਨਾਲ ਵੱਧ ਰਹੇ ਹਨ ਅਤੇ ਇਸ ਪਿੱਛੇ ਸਭ ਤੋਂ ਵੱਡੀ ਵਜ੍ਹਾ ਪੱਥਰੀ ਹੀ ਹੈ। ਇਸ ਖ਼ਤਰੇ ਨੂੰ ਦੇਖਦਿਆਂ ਪੀ. ਜੀ. ਆਈ. ਹੁਣ ਦੇਸ਼ ਦੀ ਪਹਿਲੀ ਅਜਿਹੀ ਕੌਮੀ ਗਾਈਡਲਾਈਨ ਤਿਆਰ ਕਰ ਰਿਹਾ ਹੈ, ਜੋ ਪਿੱਤੇ ਦੀ ਥੈਲੀ ਦੀ ਪੱਥਰੀ ਤੋਂ ਪੈਦਾ ਹੋਣ ਵਾਲੇ ਕੈਂਸਰ ਦੀ ਰੋਕਥਾਮ ’ਤੇ ਕੇਂਦਰਿਤ ਹੋਵੇਗੀ। ਇਹ ਪ੍ਰਾਜੈਕਟ ਆਈ. ਸੀ. ਐੱਮ. ਆਰ. ਵੱਲੋਂ ਫੰਡ ਕੀਤਾ ਗਿਆ ਹੈ ਤੇ ਐਥਿਕਲ ਕਮੇਟੀ ਤੋਂ ਮਨਜ਼ੂਰਸ਼ੁਦਾ ਹੈ। ਦੇਸ਼ ਦੇ 13 ਪ੍ਰਮੁੱਖ ਮੈਡੀਕਲ ਇੰਸਟੀਚਿਊਟ ਇਸ ’ਚ ਸ਼ਾਮਲ ਹਨ ਤੇ ਪੀ. ਜੀ. ਆਈ. ਇਸਦਾ ਮੁੱਖ ਕੇਂਦਰ ਹੈ।
ਭਾਰਤ ਬਣ ਰਿਹਾ ਹੈ ਗਾਲ ਬਲੈਡਰ ਕੈਂਸਰ ਦੀ ਰਾਜਧਾਨੀ
ਡਾ. ਦੱਤਾ ਨੇ ਦੱਸਿਆ ਕਿ ਉੱਤਰ ਤੇ ਉੱਤਰ-ਪੂਰਬੀ ਭਾਰਤ ’ਚ ਇਹ ਸਮੱਸਿਆ ਖ਼ਾਸ ਤੌਰ ’ਤੇ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਮਰੀਜ਼ਾਂ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਉਨ੍ਹਾਂ ਦੇ ਪਿੱਤੇ ’ਚ ਪੱਥਰੀ ਹੈ। ਕਈ ਵਾਰ ਡਾਕਟਰ ਵੀ ਸਮੇਂ ਸਿਰ ਇਸ ਦੀ ਪਛਾਣ ਨਹੀਂ ਕਰ ਪਾਉਂਦੇ।
ਇਹ ਵੀ ਪੜ੍ਹੋ : ਪੰਜਾਬ ਦੇ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮੁਫ਼ਤ ਕਰਵਾ ਸਕਣਗੇ...
ਤਿੰਨ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੀ ਪੱਥਰੀ
ਡਾ. ਦੱਤਾ ਅਨੁਸਾਰ, ਜਿਨ੍ਹਾਂ ਨੂੰ ਪੱਥਰੀ ਹੁੰਦੀ ਹੈ, ਉਨ੍ਹਾਂ ’ਚ ਗਾਲ ਬਲੈਡਰ ਕੈਂਸਰ ਹੋਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਸੱਤ ਗੁਣਾ ਵੱਧ ਹੁੰਦੀ ਹੈ। ਸਮੇਂ ਸਿਰ ਇਲਾਜ ਨਾ ਹੋਣ ’ਤੇ ਪੱਥਰੀ ਪਿੱਤੇ ਦੀ ਥੈਲੀ ਦੀ ਦੀਵਾਰ ਨੂੰ ਘਿਸਣ ਲੱਗਦੀ ਹੈ ਤੇ ਅੰਤ ’ਚ ਕੈਂਸਰ ਬਣ ਸਕਦੀ ਹੈ। ਕੁੱਝ ਸਾਲ ਪਹਿਲਾਂ ਜਿੱਥੇ ਇਹ ਸਮੱਸਿਆ ਸਿਰਫ਼ 3 ਫ਼ੀਸਦੀ ਲੋਕਾਂ ਤੱਕ ਸੀਮਤ ਸੀ, ਹੁਣ ਇਹ ਦਰ 7-8 ਫ਼ੀਸਦੀ ਤੱਕ ਪਹੁੰਚ ਗਈ ਹੈ। ਪੱਥਰੀ ਤਿੰਨ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰਦੀ ਹੈ- ਭਾਰੀ ਦਰਦ, ਪਿੱਠ ਤੋਂ ਨਿਕਲ ਕੇ ਬਾਇਲ ਡਕਟ ’ਚ ਫਸਣ ਨਾਲ ਪੀਲੀਆ ਆਉਣਾ ਤੇ ਇਨਫੈਕਸ਼ਨ ਕਾਰਨ ਪੈਂਕ੍ਰਿਆਟਾਈਟਿਸ ਹੋਣਾ। ਡਾਕਟਰਾਂ ਮੁਤਾਬਕ ਦੇਸ਼ ’ਚ ਹਾਲੇ ਤੱਕ ਇਹ ਜਾਣਕਾਰੀ ਉਪਲੱਬਧ ਨਹੀਂ ਕਿ ਗਾਲ ਬਲੈਡਰ ’ਚ ਪੱਥਰੀ ਹੋਣ ਵਾਲੇ ਮਰੀਜ਼ਾਂ ’ਚ ਕਿੰਨਿਆਂ ਨੂੰ ਕੈਂਸਰ ਹੋ ਜਾਂਦਾ ਹੈ ਪਰ ਵਿਦੇਸ਼ੀ ਅਧਿਐਨਾਂ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਗਾਲਬਲੈਡਰ ਕੈਂਸਰ ਹੋਇਆ, ਉਨ੍ਹਾਂ ’ਚ 80 ਫ਼ੀਸਦੀ ਪੱਥਰੀ ਮਿਲੀ।
ਕੌਣ ਹਨ ਵੱਧ ਖਤਰੇ ਵਾਲੇ ਲੋਕ?
40 ਸਾਲ ਤੋਂ ਵੱਧ ਉਮਰ ਦੇ ਵਿਅਕਤੀ
ਮੋਟਾਪਾ ਤੇ ਸਿਗਰਟਨੋਸ਼ੀ ਕਰਨ ਵਾਲੇ
ਔਰਤਾਂ ’ਚ ਜ਼ਿਆਦਾ ਪਾਏ ਜਾਂਦੇ ਮਾਮਲੇ
ਪਰਿਵਾਰਕ ਇਤਿਹਾਸ ਹੋਣ ’ਤੇ
ਵਾਰ-ਵਾਰ ਪੇਟ ਦੀ ਇਨਫੈਕਸ਼ਨ
ਇਹ ਵੀ ਪੜ੍ਹੋ : 2 ਦਿਨਾਂ ਲਈ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ, ਭੁੱਲ ਕੇ ਵੀ ਇਨ੍ਹਾਂ ਰੂਟਾਂ 'ਤੇ ਨਾ ਨਿਕਲਿਓ
ਪੇਟ ’ਚ ਦਰਦ ਤਾਂ ਤੁਰੰਤ ਕਰਵਾਓ ਅਲਟਰਾਸਾਊਂਡ, ਪੀ. ਜੀ. ਆਈ. ’ਚ ਮੁਫ਼ਤ ਸੁਵਿਧਾ
ਪੀ. ਜੀ. ਆਈ. ’ਚ ਹਰ ਐਤਵਾਰ ਗਟ ਕਲੀਨਿਕ (ਕਮਰਾ ਨੰਬਰ 3033) ’ਚ ਖ਼ਾਲੀ ਪੇਟ ਆਉਣ ਵਾਲਿਆਂ ਦੀ ਮੁਫ਼ਤ ਅਲਟਰਾਸਾਊਂਡ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ 5 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਂਚ ਹੋ ਚੁੱਕੀ ਹੈ, ਜਿਸ ’ਚੋਂ 3,000 ਨੂੰ ਕੋਈ ਲੱਛਣ ਨਹੀਂ ਸਨ। 1,000 ਨੂੰ ਲੱਛਣ ਸਨ ਤੇ 1,000 ’ਚ ਕੈਂਸਰ ਦੀ ਪੁਸ਼ਟੀ ਹੋਈ ਹੈ।
ਹੈਲਪਲਾਈਨ ਤੇ ਐਪ ਵੀ ਜਲਦੀ ਹੋਣਗੇ ਸ਼ੁਰੂ
ਵਿਭਾਗ ਵਧੇਰੇ ਜਾਗਰੂਕਤਾ ਲਈ ਜਲਦ ਹੀ ਐਪ, ਗੂਗਲ ਫਾਰਮ, ਕਿਊ.ਆਰ. ਕੋਡ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕਰਨ ਵਾਲਾ ਹੈ, ਤਾਂ ਜੋ ਲੋਕ ਆਪਣੇ ਲੱਛਣ ਸਾਂਝੇ ਕਰਕੇ ਸਮੇਂ ਸਿਰ ਜਾਂਚ ਤੇ ਇਲਾਜ ਕਰਵਾ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਲਿਆਂਦਾ ਜਾ ਸਕਦਾ ਹੈ ਮਤਾ
NEXT STORY