ਲੁਧਿਆਣਾ : ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਮ 'ਤੇ ਫਰਾਡ ਕਰਨ ਦੇ ਦੋਸ਼ 'ਚ ਲੁਧਿਆਣਾ ਦੀ ਪ੍ਰਸਿੱਧ ਇੰਮੀਗਰੇਸ਼ਨ ਫਰਮ ਮੈਸ. ਓਵਰਸੀਜ਼ ਐਜੂਕੇਸ਼ਨ ਐਂਡ ਕਰੀਅਰ ਕੰਸਲਟੈਂਟਸ ਇੰਡੀਆ ਪ੍ਰਾਈਵੇਟ ਲਿਮਿਟਡ (ਓ. ਈ. ਸੀ. ਸੀ.) ਦਾ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਇਸੰਸ ਰੱਦ ਕਰ ਦਿੱਤਾ ਹੈ। ਇਹ ਫਰਮ ਦਾ ਦਫ਼ਤਰ ਸਥਾਨਕ ਫਿਰੋਜ਼ ਗਾਂਧੀ ਮਾਰਕੀਟ ਸਥਿਤ ਐੱਸ. ਸੀ. ਓ. ਨੰਬਰ 5, ਚੌਥੀ ਮੰਜਿਲ 'ਤੇ ਸਥਿਤ ਹੈ। ਇਸ ਲਾਇਸੰਸਧਾਰਕ ਫਰਮ ਨੂੰ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੇਗੂਲੇਸ਼ਨ ਨਿਯਮ 2013 ਦੇ ਨਿਯਮ 4 ਦੇ ਸਬ ਨਿਯਮ (4) ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਵੱਲੋਂ ਰਾਜ ਭਰ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਫਰਮ ਦਾ ਨਾਮ ਸਰਕਾਰੀ ਵੈੱਬਸਾਈਟ 'ਤੇ ਲਾਲ ਅੱਖਰਾਂ ਨਾਲ ਦਰਜ ਕਰਨ ਬਾਰੇ ਕਿਹਾ ਗਿਆ ਹੈ। ਲੁਧਿਆਣਾ ਪ੍ਰਸਾਸ਼ਨ ਦੀ ਵੈਬਸਾਈਟ 'ਤੇ ਇਹ ਲਾਲ ਐਂਟਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਵੱਲੋਂ ਇਸ ਫਰਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 420 ਅਤੇ 120 ਅਧੀਨ ਮਾਮਲਾ ਦਰਜ ਕਰਕੇ ਫਰਮ ਦਾ ਲਾਇਸੰਸ ਰੱਦ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਮੋਗਾ ਨੇ ਵੀ ਗੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਕੋਠੇ ਬੱਗੂ, ਤਹਿਸੀਲ ਜਗਰਾਂਓ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਕਰਦਿਆਂ ਇਸ ਫ਼ਰਮ ਦਾ ਲਾਇਸੰਸ ਰੱਦ ਕਰਨ ਅਤੇ ਕੰਪਨੀ ਵਿੱਚ ਤਾਇਨਾਤ ਕਰਮਚਾਰੀ ਸੁਖਦੇਵ ਸਿੰਘ ਅਤੇ ਹੋਰਨਾਂ ਵਿਰੁਧ ਕਾਰਵਾਈ ਕਰਨ ਬਾਰੇ 6 ਅਗਸਤ 2019 ਨੂੰ ਲਿਖ਼ਤੀ ਤੌਰ 'ਤੇ ਸੂਚਿਤ ਕੀਤਾ ਸੀ। ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵੱਲੋਂ ਪੜਤਾਲ ਕਰਨ 'ਤੇ ਇਸ ਫਰਮ ਦੇ ਖ਼ਿਲਾਫ਼ ਜਲੰਧਰ ਵਿਖੇ ਵੀ ਮਾਮਲਾ ਦਰਜ ਹੋਣ ਬਾਰੇ ਪਤਾ ਲੱਗਾ ਸੀ।
ਕੈਪਟਨ ਸਰਕਾਰ ਦਾ ਖਪਤਕਾਰਾਂ ਨੂੰ ਝਟਕਾ, ਮਹਿੰਗੀ ਹੋਵੇਗੀ ਬਿਜਲੀ
NEXT STORY