ਜਲੰਧਰ, (ਪ੍ਰੀਤ)— ਥਾਣਾ ਨੰ. 4 'ਚ ਤਾਇਨਾਤ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਦੇ ਘਰ ਮਹਿਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੜ ਕੇ ਭੰਨ-ਤੋੜ ਤੇ ਕੁੱਟਮਾਰ ਕੀਤੀ। ਥਾਣਾ ਨੰ. 1 ਵਿਚ ਤਾਇਨਾਤ ਮਹਿਲਾ ਕੁਲਜੀਤ ਉਰਫ ਜੋਤੀ, ਉਸ ਦੇ ਭਰਾ ਲਾਡੀ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਹੈ।
ਥਾਣਾ ਨੰ. 1 ਦੇ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਵਾਸੀ ਵੀਨਸ ਵੈਲੀ, ਨੇੜੇ ਵੇਰਕਾ ਮਿਲਕ ਪਲਾਂਟ ਨੇ ਪੁਲਸ ਨੂੰ ਬੀਤੇ ਦਿਨ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੁਲਜੀਤ ਕੌਰ ਉਰਫ ਜੋਤੀ, ਉਸ ਦੇ ਭਰਾ ਤੇ ਮਾਂ ਨੇ ਜ਼ਬਰਦਸਤੀ ਉਨ੍ਹਾਂ ਦੇ ਘਰ 'ਚ ਵੜ ਕੇ ਭੰਨ-ਤੋੜ ਤੇ ਕੁੱਟਮਾਰ ਕੀਤੀ, ਜਿਸ ਕਾਰਨ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ। ਇੰਸਪੈਕਟਰ ਨਵਦੀਪ ਨੇ ਦੱਸਿਆ ਕਿ ਘਟਨਾ ਸੰਬੰਧੀ ਮਹਿਲਾ ਕੁਲਜੀਤ ਕੌਰ ਜ਼ਮਾਨਤ 'ਤੇ ਹੈ। ਜੋਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਵਾਲਾ ਨਗਰ ਇਲਾਕੇ ਵਿਚ ਹੰਗਾਮਾ ਕੀਤਾ।
ਜੋਤੀ ਨੇ ਦੋਸ਼ ਲਾਇਆ ਕਿ ਇੰਦਰਜੀਤ ਨੇ ਉਸ ਨੂੰ ਜਵਾਲਾ ਨਗਰ ਇਲਾਕੇ ਵਿਚ ਘਰ ਲੈ ਕੇ ਦਿੱਤਾ ਸੀ। ਕਈ ਮਹੀਨਿਆਂ ਤੋਂ ਉਹ ਉਥੇ ਰਹਿ ਰਹੀ ਸੀ। ਹੁਣ ਉਸ ਨੂੰ ਘਰ ਤੋਂ ਕੱਢ ਦਿੱਤਾ ਹੈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਸਤਿੰਦਰ ਚੱਢਾ ਅਤੇ ਇੰਸਪੈਕਟਰ ਨਵਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਬਲੈਕਮੇਲ ਕਰ ਰਹੀ ਹੈ ਜੋਤੀ : ਇੰਦਰਜੀਤ
ਪਹਿਲਾਂ ਥਾਣਾ ਨੰ. 1 ਅਤੇ ਹੁਣ ਥਾਣਾ ਨੰ. 4 ਵਿਖੇ ਐੱਸ. ਐੱਚ. ਓ. ਦੇ ਨਾਲ ਬਤੌਰ ਰੀਡਰ ਕੰਮ ਕਰ ਰਹੇ ਹੈੱਡ ਕਾਂਸਟੇਬਲ ਇੰਦਰਜੀਤ ਨੇ ਜੋਤੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇੰਦਰਜੀਤ ਦਾ ਕਹਿਣਾ ਹੈ ਕਿ ਜੋਤੀ ਉਸ ਨੂੰ ਬਲੈਕਮੇਲ ਕਰ ਰਹੀ ਹੈ। ਪਿਛਲੇ ਸਾਲ ਵੀ ਉਸ ਨੂੰ ਡਿਸਮਿਸ ਕਰਵਾਉਣ ਦੀ ਧਮਕੀ ਦੇ ਕੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਅਤੇ ਲੱਖਾਂ ਰੁਪਏ ਠੱਗੇ। ਨਸ਼ੇ ਦਾ ਕਾਰੋਬਾਰ ਤੇ ਨਸ਼ਾ ਕਰਵਾਉਣ ਦੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਉਸ ਨੇ ਕਿਹਾ ਕਿ ਜੋਤੀ ਖੁਦ ਨਸ਼ੇ ਦੀ ਆਦੀ ਹੈ। ਕੁਝ ਦਿਨ ਪਹਿਲਾਂ ਉਸ ਦਾ ਡੀ-ਐਡੀਕਸ਼ਨ ਸੈਂਟਰ ਵਿਚ ਇਲਾਜ ਵੀ ਹੋਇਆ ਹੈ। ਉਸ ਨੇ ਸਰੀਰਕ ਸ਼ੋਸ਼ਣ, ਜਬਰ-ਜ਼ਨਾਹ ਦੇ ਦੋਸ਼ਾਂ ਨੂੰ ਗਲਤ ਦੱਸਿਆ।
ਇੰਦਰਜੀਤ ਨੇ ਕਿਹਾ ਕਿ ਉਸ ਨੇ ਜੋਤੀ ਦੇ ਨਾਲ ਕਿਸੇ ਧਾਰਮਿਕ ਜਗ੍ਹਾ 'ਤੇ ਵਿਆਹ ਨਹੀਂ ਕਰਵਾਇਆ। ਪਿਛਲੇ ਕਈ ਸਾਲਾਂ ਤੋਂ ਉਸ ਦੀ ਹਾਲਤ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਉਸ ਦਾ ਨਿਊਰੋ ਸਰਜਨ ਜਲੰਧਰ ਅਤੇ ਪੀ. ਜੀ. ਆਈ. ਵਿਖੇ ਇਲਾਜ ਚਲ ਰਿਹਾ ਹੈ। ਹੈੱਡ ਕਾਂਸਟੇਬਲ ਇੰਦਰਜੀਤ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਉਸ ਨੂੰ ਬਲੈਕਮੇਲ ਕਰਨ ਵਾਲੀ ਜੋਤੀ ਅਤੇ ਉਸ ਦੇ ਸਮਰਥਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਦੋਵਾਂ ਧਿਰਾਂ ਨੂੰ ਸੋਮਵਾਰ ਬੁਲਾਇਆ ਗਿਐ : ਇੰਸ. ਨਵਦੀਪ ਸਿੰਘ
ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਦੇ ਘਰ ਕੁੱਟਮਾਰ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਸ਼ੀ ਜੋਤੀ ਜ਼ਮਾਨਤ 'ਤੇ ਹੈ। ਹੋਰਨਾਂ ਦੀ ਤਲਾਸ਼ ਜਾਰੀ ਹੈ। ਜੋਤੀ ਵੱਲੋਂ ਲਾਏ ਜਾ ਰਹੇ ਨਸ਼ਾ ਕਰਵਾਉਣ, ਸਰੀਰਕ ਸ਼ੋਸ਼ਣ, ਦੂਜਾ ਵਿਆਹ ਸਬੰਧੀ ਦੋਸ਼ਾਂ ਦੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਜਵਾਲਾ ਨਗਰ ਕੋਠੀ ਸਬੰਧੀ ਦੋਵਾਂ ਧਿਰਾਂ ਨੂੰ ਆਪਣੇ ਦਸਤਾਵੇਜ਼ ਲੈ ਕੇ ਸੋਮਵਾਰ ਨੂੰ ਸਵੇਰੇ 11 ਵਜੇ ਥਾਣੇ ਬੁਲਾਇਆ ਗਿਆ ਹੈ। ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਇੰਦਰਜੀਤ ਨਸ਼ਾ ਕਰਦਾ ਹੈ। ਇਸ ਸਬੰਧੀ ਕੋਈ ਸਬੂਤ ਨਹੀਂ ਹੈ ਪਰ ਜੋਤੀ ਕੁਝ ਦਿਨ ਪਹਿਲਾਂ ਹੀ ਡੀ-ਐਡੀਕਸ਼ਨ ਸੈਂਟਰ ਤੋਂ ਇਲਾਜ ਕਰਵਾ ਕੇ ਆਈ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਨੰਬਰ 6 ਦੀ ਪੁਲਸ ਦੀ ਹਿਰਾਸਤ ਤੋਂ ਭੱਜਿਆ ਸਨੈਚਿੰਗ ਦਾ ਦੋਸ਼ੀ ਲਖਵਿੰਦਰ ਉਰਫ ਲਾਡੀ ਜੋਤੀ ਦਾ ਭਰਾ ਹੈ ਅਤੇ ਕੁੱਟਮਾਰ ਦੇ ਕੇਸ ਵਿਚ ਵੀ ਥਾਣਾ ਨੰਬਰ 1 ਦੀ ਪੁਲਸ ਨੂੰ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਤੋਂ ਬਾਅਦ ਹੀ ਤੱਥ ਸਾਹਮਣੇ ਆਉਣਗੇ। ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 32.44 ਲੱਖ ਠੱਗਣ ਵਾਲੇ ਨਾਮਜ਼ਦ
NEXT STORY