ਜਲੰਧਰ (ਸੰਜੀਵ ਪਾਂਡੇ) : ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਕਾਰ ਜੰਗ ਤੇਜ਼ ਹੋ ਗਈ ਹੈ। ਇਸ ਦਾ ਸਿੱਧਾ ਅਸਰ ਭਾਰਤ ਉੱਠਾ ਸਕਦਾ ਹੈ। ਭਾਰਤ ਨੂੰ ਲਗਾਤਾਰ ਕਈ ਮਾਮਲਿਆਂ 'ਚ ਸੱਟ ਪਹੁੰਚਾਉਣ ਵਾਲੇ ਚੀਨ ਨੂੰ ਕਾਫੀ ਹੱਦ ਤੱਕ ਅਮਰੀਕਾ ਘੇਰਣ 'ਚ ਸਫਲ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਉਲਝੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਅਤੇ ਚੀਨ ਉਨ੍ਹਾਂ ਨੂੰ ਦੋਬਾਰਾ ਰਾਸ਼ਟਰਪਤੀ ਅਹੁਦੇ 'ਤੇ ਪਹੁੰਚਾ ਦੇਵੇਗਾ। ਅਮਰੀਕਾ ਚੀਨ ਵਿਰੋਧੀ ਸ਼ਕਤੀਆਂ ਨੂੰ ਖੂਬ ਹਵਾ ਦੇ ਰਿਹਾ ਹੈ। ਤਾਜ਼ਾ ਮਾਮਲਾ ਤਾਈਵਾਨ ਦਾ ਹੈ। ਅਮਰੀਕਾ ਚਾਹੁੰਦਾ ਸੀ ਕਿ ਤਾਈਵਾਨ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਵਰਲਡ ਹੈਲਥ ਅਸੈਂਬਲੀ 'ਚ ਆਵੇ। ਚੀਨ ਨੇ ਮੁਸ਼ਕਲ ਨਾਲ ਉਸ ਦੀ ਐਂਟਰੀ ਰੋਕੀ ਪਰ ਅਮਰੀਕਾ ਨੇ ਇਕ ਵਾਰ ਫਿਰ ਤਾਈਵਾਨ ਦੇ ਰਾਸ਼ਟਰਪਤੀ ਸਾਈਂ ਇੰਗ-ਵੇਂਗ ਨੂੰ ਵਧਾਈ ਦੇ ਕੇ ਚੀਨ ਨੂੰ ਚਿੜ੍ਹਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਸਾਈਂ ਇੰਗ-ਵੇਂਗ ਨੂੰ ਵਧਾਈ ਦਿੱਤੀ। ਇਸ ਤੋਂ ਨਾਰਾਜ਼ ਚੀਨ ਨੇ ਅਮਰੀਕਾ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ। ਦਰਅਸਲ ਹੈਲਥ ਅਸੈਂਬਲੀ 'ਚ ਕੋਰਨਾ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਨਿਪਟਣ ਲਈ ਕੀਤੀ ਗਈ ਕਾਰਵਾਈ ਦੀ ਜਾਂਚ ਨੂੰ ਲੈ ਕੇ ਆਏ ਪ੍ਰਸਤਾਵ ਨਾਲ ਚੀਨ ਪਰੇਸ਼ਾਨ ਹੋ ਗਿਆ ਹੈ। ਚੀਨ ਦਾ ਸਮਰਥਨ ਕਰਨ ਦੇ ਦੋਸ਼ਾਂ 'ਚ ਘਿਰੇ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਮੁਖੀ ਵੀ ਅਸੈਂਬਲੀ 'ਚ ਘੇਰੇ ਗਏ। ਨਿਰਪੱਖ ਜਾਂਚ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ। ਇਸ ਪ੍ਰਸਤਾਵ ਦੇ ਸਮਰਥਨ 'ਚ ਭਾਰਤ ਵੀ ਖੜ੍ਹਾ ਸੀ।
ਕੋਰੋਨਾ ਆਫਤ ਦੌਰਾਨ ਭਾਰਤੀ ਇਲਾਕੇ 'ਚ ਘੁਸਪੈਠ
ਭਾਰਤ ਅਤੇ ਚੀਨ ਵਿਚਕਾਰ ਲੰਬੇ ਸਮੇਂ ਤੋਂ ਸੀਮਾ ਵਿਵਾਦ ਹੈ। ਦੋਵੇਂ ਮੁਲਕਾਂ ਦੇ ਵਿੱਚ ਕਈ ਮੁੱਦਿਆਂ 'ਤੇ ਟਕਰਾਅ ਹੈ। ਇਸ ਟਕਰਾਅ ਨੂੰ ਖਤਮ ਕਰਨ ਲਈ ਇਕ ਪੱਖ ਨੂੰ ਝੁਕਣਾ ਪਵੇਗਾ ਪਰ ਝੁੱਕਣ ਨੂੰ ਕੋਈ ਤਿਆਰ ਨਹੀਂ ਹੈ। ਕੋਰੋਨਾ ਦੇ ਕਾਰਨ ਵਿਸ਼ਵ ਦੇ ਨਿਸ਼ਾਨੇ 'ਤੇ ਆਇਆ ਚੀਨ ਇਸ ਸਮੇਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰ ਚੁੱਕਿਆ ਹੈ। ਪਿਛਲੇ ਕੁਝ ਦਿਨਾਂ ਤੋਂ ਭਾਰਤੀ ਸੀਮਾ ਦੇ ਅੰਦਰ ਘੁਸਪੈਠ ਦੀਆਂ ਖਬਰਾਂ ਆ ਰਹੀਆਂ ਹਨ। ਸੀਮਾ 'ਤੇ ਭਾਰਤ ਅਤੇ ਚੀਨ ਦੇ ਫੌਜੀਆਂ ਦੇ ਵਿੱਚ ਟਕਰਾਅ ਹੈ। ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦੇ ਇਲਾਕੇ 'ਚ ਚੀਨ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਇਸੇ ਵਿਚ ਗਿਲਗਿਤ ਬਲੂਚਿਸਤਾਨ 'ਚ ਡਾਇਮਰ ਭਾਸ਼ਾ ਡੈਮ ਬਣਾਏ ਜਾਣ ਨੂੰ ਲੈ ਕੇ ਚੀਨ ਅਤੇ ਪਾਕਿਸਤਾਨ ਦੇ ਵਿੱਚ ਸਹਿਮਤੀ ਬਣ ਗਈ ਹੈ। 5.8 ਅਰਬ ਡਾਲਰ ਦੇ ਖਰਚ ਤੋਂ ਬਣਨ ਵਾਲੇ ਇਸ ਬੰਨ੍ਹ ਦਾ ਨਿਰਮਾਣ ਪਾਕਿਸਤਾਨੀ ਫੌਜ ਦੀ ਸਹਾਇਕ ਕੰਪਨੀ ਫਰੰਟੀਅਰ ਵਰਕ ਅਤੇ ਆਰਗਨਾਈਜ਼ੇਸ਼ਨ ਅਤੇ ਚੀਨ ਦੀ ਕੰਪਨੀ ਪਾਵਰ ਚਾਈਨਾ ਕਰੇਗੀ। ਚੀਨ ਨੇ ਕੋਰੋਨਾ ਆਫਤ ਦੌਰਾਨ ਭਾਰਤ ਨੂੰ ਚਿੜ੍ਹਾਉਣ ਵਾਲਾ ਕੰਮ ਕੀਤਾ ਹੈ।
ਮੋਦੀ ਦਾ ਸ਼ਾਨਦਾਰ ਸਵਾਗਤ ਵੀ ਕੰਮ ਨਹੀਂ ਆਇਆ
ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੂਟਨੀਤੀ ਦੇ ਜ਼ਰੀਏ ਦੱਸ ਰਹੇ ਹਨ ਕਿ ਉਹ ਚੀਨ ਨਾਲ ਸਬੰਧ ਸੁਧਾਰਨ ਦੇ ਇਛੁੱਕ ਹਨ। ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਦੋ ਗੈਰ ਰਸਮੀ ਬੈਠਕਾਂ ਵੀ ਕੀਤੀਆਂ ਸਨ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਚੀਨੀ ਰਾਸ਼ਟਰਪਤੀ ਦਾ ਅਹਿਮਦਾਬਾਦ 'ਚ ਸ਼ਾਨਦਾਰ ਸਵਾਗਤ ਨਰਿੰਦਰ ਮੋਦੀ ਨੇ ਕੀਤਾ ਸੀ। ਚੀਨ ਦੇ ਵਿਕਾਸ ਤੋਂ ਪ੍ਰਭਾਵਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਤੌਰ ਮੁੱਖ ਮੰਤਰੀ ਚੀਨ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦੇ ਗੁਜਰਾਤ 'ਚ ਚੀਨੀ ਨਿਵੇਸ਼ ਵੀ ਆਇਆ ਪਰ ਚੀਨੀ ਕੂਟਨੀਤੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤ 'ਚ ਸਰਕਾਰ ਕਿਸੇ ਵੀ ਤਰ੍ਹਾਂ ਦੀ ਹੋਵੇ ਪਹਿਲੇ ਆਪਣੇ ਹਿੱਤਾਂ ਦਾ ਖਿਆਲ ਕਰੇਗੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ 'ਚ ਵੀ ਚੀਨ ਦੀ ਭਾਰਤੀ ਸੀਮਾ 'ਚ ਘੁਸਪੈਠ ਹੋਈ ਸੀ। ਨਰਿੰਦਰ ਮੋਦੀ ਦੇ ਕਾਰਜਕਾਲ 'ਚ ਵੀ ਚੀਨ ਦੇ ਫੌਜੀਆਂ ਦਾ ਘੁਸਪੈਠ ਜਾਰੀ ਹੈ। ਡੋਕਲਾਮ 'ਚ ਦੋਵੇਂ ਪਾਸੇ ਦੀ ਫੌਜ ਆਹਮੋ-ਸਾਹਮਣੇ ਆਈ। ਇਸ ਦੇ ਬਾਅਦ ਥੋੜ੍ਹੀ ਦੇਰ ਲਈ ਸ਼ਾਂਤੀ ਆਈ। ਹੁਣ ਫਿਰ ਦੋਵੇਂ ਪਾਸੇ ਦੀ ਫੌਜ ਆਹਮੋ-ਸਾਹਮਣੇ ਕਈ ਥਾਵਾਂ 'ਤੇ ਹੋ ਗਈ।
ਪੀ.ਓ.ਕੇ. 'ਚ ਚੀਨ ਦਾ ਪੂੰਜੀ ਨਿਵੇਸ਼, ਆਪਣੀ ਕਾਲੋਨੀ ਬਣਾਉਣਾ ਚਾਹੁੰਦਾ ਹੈ
ਸੱਚਾਈ ਤਾਂ ਇਹ ਹੈ ਕਿ ਚੀਨ ਭਾਰਤ 'ਚ ਗੰਭੀਰ ਵਿਵਾਦਾਂ ਦਾ ਕੋਈ ਹੱਲ ਬਹੁਤ ਜਲਦੀ ਨਹੀਂ ਨਿਕਲੇਗਾ। ਕਸ਼ਮੀਰ ਨੂੰ ਲੈ ਕੇ ਚੀਨ ਦੀ ਕੂਟਨੀਤੀ ਸਪੱਸ਼ਟ ਹੈ। ਚੀਨ ਪਾਕਿਸਤਾਨ ਦੇ ਨਾਲ ਹੀ ਖੜ੍ਹਾ ਹੋਵੇਗਾ। ਪਾਕਿਸਤਾਨ ਅਧਿਕਾਰਤ ਕਸ਼ਮੀਰ ਨੂੰ ਚੀਨ ਹੁਣ ਆਪਣਾ ਹਿੱਸਾ ਮੰਨਦਾ ਹੈ। ਸੰਯੁਕਤ ਰਾਸ਼ਟਰ 'ਚ ਕਸ਼ਮੀਰ ਨੂੰ ਲੈ ਕੇ ਚੀਨ ਹਮੇਸ਼ਾ ਪਾਕਿਸਤਾਨ ਦੇ ਪੱਖ 'ਚ ਹੋਇਆ ਹੈ। ਚੀਨ ਨੇ ਕਸ਼ਮੀਰ ਨੂੰ ਲੈ ਕੇ ਭਾਰਤ ਨੂੰ ਯੂ. ਐੱਨ. 'ਚ ਘੇਰਣ ਦੀ ਕੋਸ਼ਿਸ਼ ਕੀਤੀ ਕਿਉਂਕਿ ਗਿਲਗਿਤ ਬਲੂਚਿਸਤਾਨ ਤੋਂ ਲੈ ਕੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਤੱਕ ਚੀਨ ਨੇ ਆਰਥਿਕ ਕੋਰੀਡੋਰ 'ਚ ਭਾਰੀ ਪੂੰਜੀ ਲਗਾ ਦਿੱਤੀ ਹੈ। ਇਸ ਲਈ ਪਾਕਿਸਤਾਨ ਵਲੋਂ ਗੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਚੀਨ ਹੁਣ ਆਪਣੀ ਕਾਲੋਨੀ ਮੰਨਦਾ ਹੈ। ਦਰਅਸਲ ਚੀਨੀ ਆਰਥਿਕ ਸਮਾਜਵਾਦ ਨੇ ਚੀਨ ਦੇ ਕਮਿਊਨਿਜ਼ਮ ਦੀ ਪੋਲ੍ਹ ਖੋਲ੍ਹ ਦਿੱਤੀ ਹੈ। ਚੀਨ ਨੂੰ ਦੁਨੀਆ ਕਮਿਊਨਿਸਟ ਦੇਸ਼ ਮੰਨਦੀ ਹੈ, ਜਦਕਿ ਵਿਵਹਾਰ 'ਚ ਚੀਨ ਕਮਿਊਨਿਜ਼ਮ ਤੋਂ ਦੂਰ ਹੋ ਚੁੱਕਾ ਹੈ। ਜੇਕਰ ਅਸਲ 'ਚ ਕਮਿਊਨਿਸਟ ਹੈ ਤਾਂ ਵਿਅਤਨਾਮ ਵਰਗੇ ਕਮਿਊਨਿਸਟ ਮੁਲਕ ਨੂੰ ਕਿਉਂ ਪਰੇਸ਼ਾਨ ਕਰ ਰਿਹਾ ਹੈ? ਘੁਸਪੈਠ ਕਰਦਾ ਰਿਹਾ ਹੈ। ਕੋਰੋਨਾ ਆਫਤ ਦੌਰਾਨ ਚੀਨ ਨੇ ਇਕ ਵਿਅਤਨਾਮ ਬੋਟ ਨੂੰ ਦੱਖਣੀ ਚੀਨ ਸਾਗਰ 'ਚ ਤੋੜ ਦਿੱਤਾ, ਜਦਕਿ ਵਿਅਤਨਾਮ ਨੇ ਅਮਰੀਕੀ ਸਾਮਰਾਜਵਾਦ ਦੇ ਖਿਲਾਫ ਲੜਾਈ ਲੜੀ ਹੈ।
ਕਾਰਪੋਰੇਟ ਕਮਿਊਨਿਜ਼ਮ ਦਾ ਸਿੰਬਲ ਬਣ ਗਿਆ ਹੈ ਚੀਨ
ਦਰਅਸਲ 1990 ਦੇ ਬਾਅਦ ਚੀਨ ਆਰਥਿਕ ਮਹਾਸ਼ਕਤੀ ਬਣਨ ਲੱਗਾ। ਇਸ ਕ੍ਰਮ 'ਚ ਚੀਨ ਦੀ ਅਰਥ ਵਿਵਸਥਾ 'ਚ ਕਾਰਪੋਰੇਟ ਕਮਊਨਿਜ਼ਮ ਨੇ ਜੜ੍ਹਾ ਜਮਾਈਆਂ। ਮਤਲਬ ਕਈ ਤਾਕਤਵਾਰ ਪੂੰਜੀਪਤੀਆਂ ਦਾ ਉਦੈ ਚੀਨ 'ਚ ਹੋਇਆ। ਇਨ੍ਹਾਂ ਦਾ ਸਬੰਧ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸੀ। ਇਨ੍ਹਾਂ ਨੇ ਪ੍ਰਾਈਵੇਟ ਕੈਪੀਟਲ ਨੂੰ ਵਧਾਇਆ। ਆਪਣੇ ਮਜ਼ਬੂਤ ਕਾਰਪੋਰੇਸ਼ਨ ਬਣਾਏ। ਇਹ ਪ੍ਰਾਈਵੇਟ ਕਾਰਪੋਰੇਟ ਘਰਾਣੇ ਅੱਜ ਪੂਰੇ ਵਿਸ਼ਵ 'ਚ ਆਪਣੀ ਤਾਕਤ ਦਿਖਾ ਰਹੇ ਹਨ। ਚੀਨ ਦੇ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਕਾਰਪੋਰੇਸ਼ਨਾਂ ਦਾ ਆਰਥਿਕ ਗਤੀਵਿਧੀ ਅਮਰੀਕੀ ਕਾਰਪੋਰੇਸ਼ਨਾਂ ਦੀ ਤਰ੍ਹਾਂ ਹੈ। 1950 ਦੇ ਬਾਅਦ ਅਮਰੀਕੀ ਕਾਰਪੋਰੇਸ਼ਨਾਂ ਨੇ ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਗਰੀਬ ਦੇਸ਼ਾਂ 'ਚ ਵਰਲਡ ਬੈਂਕ ਅਤੇ ਆਈ. ਐੱਮ. ਐੱਫ. ਦੇ ਸਹਾਰੇ ਆਪਣਾ ਜਾਲ ਫੈਲਾਇਆ। ਗਰੀਬ ਦੇਸ਼ਾਂ ਦੇ ਆਰਥਿਕ ਸਰੋਤਾਂ ਨੂੰ ਲੁੱਟਣਾ ਸ਼ੁਰੂ ਕੀਤਾ। ਗਰੀਬ ਦੇਸ਼ਾਂ 'ਚ ਰਾਜ ਵਾਲੀ ਲਾਬੀ ਨੂੰ ਲਾਗੂ ਕਰ ਦਿੱਤਾ। ਅੱਜ ਠੀਕ ਉਸੇ ਤਰ੍ਹਾਂ ਚੀਨ ਦੇ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਕਾਰਪੋਰੇਸ਼ਨ ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਗਰੀਬ ਦੇਸ਼ਾਂ 'ਚ ਆਰਥਿਕ ਸਰੋਤਾਂ 'ਤੇ ਕਬਜ਼ਾ ਕਰਨ ਦੇ ਖੇਲ 'ਚ ਲੱਗ ਗਏ ਹਨ। ਇਹ ਗਰੀਬ ਦੇਸ਼ਾਂ ਨੂੰ ਮਹਿੰਗੇ ਵਿਆਜ਼ ਦਰਾਂ 'ਤੇ ਕਰਜ਼ੇ ਦੇ ਰਹੇ ਹਨ। ਗਰੀਬ ਦੇਸ਼ਾਂ ਦੇ ਵੱਡੇ ਤਾਕਤਵਰ ਨੇਤਾਂ ਨੂੰ ਰਿਸ਼ਵਤ ਦੇ ਰਹੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਪ੍ਰਾਈਵੇਟ ਚੀਨੀ ਕਾਰਪੋਰੇਸ਼ਨਾਂ ਦੇ ਕਾਫੀ ਨਜ਼ਦੀਕੀ ਆਰਥਿਕ ਸਬੰਧ ਅਮਰੀਕੀ ਕਾਰਪੋਰੇਸ਼ਨਾਂ ਨਾਲ ਵੀ ਹਨ।
ਬੀ.ਐੱਸ.ਐੱਫ. ਨੇ ਸਾਢੇ ਪੰਜ ਕਿਲੋ ਹੈਰੋਇਨ ਕੀਤੀ ਬਰਾਮਦ
NEXT STORY