ਧੂਰੀ, (ਸੰਜੀਵ ਜੈਨ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ 2014 ਤੋਂ ਇਰਾਕ 'ਚ ਲਾਪਤਾ 39 ਭਾਰਤੀ ਨਾਗਰਿਕਾਂ ਦੀ ਮੌਤ ਬਾਰੇ ਸੰਸਦ 'ਚ ਦਿੱਤੇ ਗਏ ਬਿਆਨ ਤੋਂ ਬਾਅਦ ਮ੍ਰਿਤਕਾਂ 'ਚ ਸ਼ਾਮਲ ਧੂਰੀ ਦੇ ਪ੍ਰਿਤਪਾਲ ਸ਼ਰਮਾ ਦੇ ਘਰ ਵੀ ਸ਼ੋਕ ਦੀ ਲਹਿਰ ਦੌੜ ਪਈ। ਪ੍ਰਿਤਪਾਲ ਸ਼ਰਮਾ ਦੇ ਘਰ ਦਾ ਮਾਹੌਲ ਬੇਹੱਦ ਗਮਗੀਨ ਬਣਿਆ ਹੋਇਆ ਹੈ ਅਤੇ ਪਰਿਵਾਰ ਡੂੰਘੇ ਸਦਮੇ 'ਚ ਹੈ। ਪ੍ਰਿਤਪਾਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਤਨੀ ਰਾਜ ਰਾਣੀ (50) ਅਤੇ ਪੁੱਤਰ ਨੀਰਜ ਸ਼ਰਮਾ (26) ਨੇ ਭਰੇ ਮਨ ਨਾਲ ਦੱਸਿਆ ਕਿ ਪ੍ਰਿਤਪਾਲ ਸ਼ਰਮਾ ਹੀ ਉਨ੍ਹਾਂ ਦੇ ਪਰਿਵਾਰ ਦਾ ਇਕਲੌਤਾ ਸਹਾਰਾ ਸਨ ਅਤੇ ਸਾਲ 2011 'ਚ ਉਹ ਇਰਾਕ 'ਚ ਪਰਿਵਾਰ ਦੇ ਪਾਲਨ-ਪੋਸ਼ਣ ਲਈ ਨੌਕਰੀ ਕਰਨ ਗਏ ਸਨ। ਉਥੇ ਸਾਲ 2014 'ਚ ਉਨ੍ਹਾਂ ਸਣੇ 39 ਭਾਰਤੀ ਨਾਗਰਿਕਾਂ ਨੂੰ ਇਰਾਕ ਅੰਦਰ ਚੱਲ ਰਹੇ ਗ੍ਰਹਿ-ਯੁੱਧ ਦੌਰਾਨ ਇਰਾਕੀ ਅੱਤਵਾਦੀਆਂ ਨੇ ਬੰਦੀ ਬਣਾ ਲਿਆ।
ਮ੍ਰਿਤਕ ਦੀ ਪਤਨੀ ਰਾਜ ਰਾਣੀ ਅਤੇ ਉਸ ਦੀ ਪੁੱਤਰੀ ਦੀਕਸ਼ਾ ਸ਼ਰਮਾ (18) ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਮਾਨਸਿਕ ਪੀੜਾ ਝੱਲ ਰਹੇ ਹਨ। ਉਨ੍ਹਾਂ ਸਰਕਾਰ ਤੋਂ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਰਿਵਾਰ ਲਈ ਵਿੱਤੀ ਮੁਆਵਜ਼ੇ ਦੀ ਵੀ ਮੰਗ ਕੀਤੀ। ਮ੍ਰਿਤਕ ਦੇ ਭਰਾ ਨੰਦ ਲਾਲ ਅਤੇ ਸੁਖਦੇਵ ਚੰਦ ਨੇ ਵੀ ਮੰਗ ਕੀਤੀ ਕਿ ਮ੍ਰਿਤਕ ਦੇ ਪੁੱਤਰ ਨੀਰਜ ਸ਼ਰਮਾ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਥਾਨਕ ਐੈੱਸ. ਡੀ. ਐੈੱਮ. ਅਮਰੇਸ਼ਵਰ ਸਿੰਘ ਨੇ ਕਿਹਾ ਕਿ ਇਰਾਕ 'ਚ ਗਏ ਪ੍ਰਿਤਪਾਲ ਸ਼ਰਮਾ ਦੀ ਮੌਤ ਦੀ ਖ਼ਬਰ ਮਿਲੀ ਹੈ। ਪਰਿਵਾਰ ਦੀ ਵਿੱਤੀ ਮਦਦ ਸਬੰਧੀ ਸਰਕਾਰ ਵੱਲੋਂ ਰਿਪੋਰਟ ਮੰਗੇ ਜਾਣ 'ਤੇ ਬਣਦੀ ਰਿਪੋਰਟ ਡੀ. ਸੀ. ਸੰਗਰੂਰ ਨੂੰ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਬਲਦੇਵ ਸਿੰਘ ਖੰਗੂੜਾ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਸਾਬਕਾ ਵਿਧਾਇਕ ਧਨਵੰਤ ਸਿੰਘ, ਜਤਿੰਦਰ ਸਿੰਘ ਸੋਨੀ ਮੰਡੇਰ ਆਦਿ ਵੀ ਪੀੜਤ ਦੇ ਘਰ ਪੁੱਜੇ।
ਕਾਦੀਆਂ ਵਿਖੇ ਰਾਕੇਸ਼ ਦੇ ਪਰਿਵਾਰ 'ਚ ਸ਼ੋਕ, ਮ੍ਰਿਤਕ ਦੇਹ ਦੇ ਆਉਣ ਦਾ ਹੈ ਇੰਤਜ਼ਾਰ
NEXT STORY