ਮੋਗਾ (ਗੋਪੀ ਰਾਊਕੇ) : ਜ਼ਿਲ੍ਹਾ ਮੋਗਾ ਅਧੀਨ ਪਿੰਡ ਸੱਦਾ ਸਿੰਘ ਵਾਲਾ ਦਾ ਵਸਨੀਕ ਜੈਦੀਪ ਸਿੰਘ ਇਕ ਅਗਾਂਹਵਧੂ ਕਿਸਾਨ ਹੈ, ਜਿਸ ਵੱਲੋਂ 40 ਏਕੜ ਰਕਬੇ ਉੱਪਰ ਝੋਨੇ ਅਤੇ ਕਣਕ ਦੀ ਰਵਾਇਤੀ ਖੇਤੀ ਕੀਤੀ ਜਾਂਦੀ ਹੈ। ਸਾਲ 2006 ਵਿਚ ਆਪਣੇ ਖੇਤ ਵਿਚਲੀ ਮਿੱਟੀ ਦੀ ਪਰਖ ਕਰਵਾਉਣ ’ਤੇ ਇਸ ਕਿਸਾਨ ਨੂੰ ਪਤਾ ਲੱਗਾ ਕਿ ਉੁਸ ਦੇ ਖੇਤ ਵਿਚ ਜੈਵਿਕ ਮਾਦੇ ਕਮੀ ਹੈ।
ਇਸ ਗੱਲ ਦੀ ਚਰਚਾ ਮਾਹਿਰਾਂ ਨਾਲ ਕਰਨ ਤੋਂ ਬਾਅਦ ਇਸ ਕਿਸਾਨ ਨੇ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿਚ ਹੀ ਰਲਾਉਣ ਦਾ ਫ਼ੈਸਲਾ ਕੀਤਾ। ਕਿਸਾਨ ਜੈਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਅਤੇ ਕਣਕ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਦਾ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਆਤਮਾ ਸਕੀਮ ਜ਼ਿਲਾ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2006 ਤੋਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿਚ ਮਿਲਾਕੇ ਵਧੀਆ ਢੰਗ ਨਾਲ ਸਾਂਭ-ਸੰਭਾਲ ਕਰ ਰਿਹਾ ਹੈ।
ਉਸ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦਾ ਹੱਲ ਕਰਨ ਤੋਂ ਇਲਾਵਾ ਪਰਾਲੀ ਜ਼ਮੀਨ ਵਿਚ ਮਿਲਾਉਣ ਨਾਲ ਕਣਕ ਦੀ ਬਿਜਾਈ ਲਗਭਗ ਇਕ ਹਫਤਾ ਅਗੇਤੀ ਹੋ ਜਾਂਦੀ ਹੈ, ਜਿਸ ਨਾਲ ਇਸ ਤੋਂ ਅਗਲੇਰੀ ਫ਼ਸਲ, ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ। ਇਸ ਨਾਲ ਮਿੱਟੀ ਦੀ ਸਿਹਤ ਵਿਚ ਵੀ ਸੁਧਾਰ ਆਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਖੇਤੀਬਾੜੀ ਵਿਭਾਗ ਨੇੇ ਪਰਾਲੀ ਸਾੜਨ ਵਾਲੇ 97 ਕਿਸਾਨਾਂ ਨੂੰ ਕੀਤਾ ਜੁਰਮਾਨਾ
ਉਸ ਨੇ ਅੱਗੇ ਦੱਸਿਆ ਕਿ ਮਿੱਟੀ ਦੀ ਸਿਹਤ ਵਿਚ ਸੁਧਾਰ ਆਉਂਦਾ ਹੈ ਅਤੇ ਇਸ ਤਕਨੀਕ ਨਾਲ ਮਿੱਟੀ ਵੀ ਪਾਣੀ ਨੂੰ ਵੱਧ ਸਮੇਂ ਤੱਕ ਸੰਭਾਲ ਕੇ ਰੱਖਦੀ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਰਵਾਇਤੀ ਤਰੀਕੇ ਨਾਲ ਅੱਗ ਲਗਾਉਣ ਵਾਲੀ ਖੇਤੀ ਦੇ ਮੁਕਾਬਲੇ ਸੂਖਮ ਜੀਵਾਣੂਆਂ ਵਿਚ ਵੀ ਚੋਖਾ ਵਾਧਾ ਹੋਇਆ ਹੈ। ਜੈਦੀਪ ਸਿੰਘ ਅਨੁਸਾਰ ਵਾਤਾਵਰਨ ਦੇ ਹਿੱਤ ਵਾਲੀਆਂ ਤਕਨੀਕਾਂ ਵਰਤਣ ਕਾਰਨ ਉਸ ਦੀ ਫਸਲ ਦੇ ਝਾੜ ਅਤੇ ਉਸਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ। ਇਸ ਉਦਮੀ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਸਕੀਮ, ਜ਼ਿਲਾ ਮੋਗਾ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਦੇ ਨਾਲ-ਨਾਲ ਬਾਕੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਜੈਦੀਪ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਵਾਤਾਵਰਣ ਪੱਖੀ ਖੇਤੀਬਾੜੀ ਸੰਦ ਵਰਤਣ ਨੂੰ ਤਰਜ਼ੀਹ ਦੇਣ ਤਾਂ ਕਿ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਇਸ ਨਾਲ ਕਿਸਾਨ ਉਪਰ ਆਰਥਿਕ ਬੋਝ ਵੀ ਨਹੀਂ ਪੈਂਦਾ।
ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜੈਦੀਪ ਸਿੰਘ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਜੈਦੀਪ ਸਿੰਘ ਵਰਗੇ ਅਗਾਂਹਵਧੂ ਕਿਸਾਨਾਂ ਦੇ ਰਾਹਾਂ ਉੱਪਰ ਤੁਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਪੱਖੀ ਖੇਤੀ ਕਰ ਰਹੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।
ਜਥੇਦਾਰ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਫ਼ੇਰੀ ਆਈ ਵਿਵਾਦਾਂ ’ਚ, 1984 ’ਚ ਜਹਾਜ਼ ਹਾਈਜੈਕ ਕਰਨ ਵਾਲਾ ਦਿਖਿਆ ਨਾਲ
NEXT STORY