ਜਲੰਧਰ (ਅਮਿਤ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸੂਬਾ ਸਰਕਾਰ ਦੇ ਅੜੀਅਲ ਰਵੱਈਏ ਨੂੰ ਮੁੱਖ ਰੱਖਦਿਆਂ ਬੁੱਧਵਾਰ ਤੋਂ ਆਉਣ ਵਾਲੇ ਪੰਜ ਦਿਨਾਂ ਤੱਕ ਸਾਰੇ ਸਰਕਾਰੀ ਦਫਤਰਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ ਕਿਉਂਕਿ ਪਹਿਲਾਂ ਤੋਂ ਦਿੱਤੇ ਗਏ ਸੱਦੇ ਤਹਿਤ ਪੂਰਾ ਦਫਤਰੀ ਸਟਾਫ ਕਲਮਛੋੜ ਹੜਤਾਲ ’ਤੇ ਰਹੇਗਾ, ਜਿਸ ਵਿਚ ਡੀ. ਸੀ. ਦਫਤਰ, ਸਹਿਕਾਰਤਾ ਵਿਭਾਗ, ਸਿੱਖਿਆ ਵਿਭਾਗ, ਚੋਣ ਵਿਭਾਗ, ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ, ਖਜ਼ਾਨਾ ਵਿਭਾਗ, ਰੋਜ਼ਗਾਰ ਦਫਤਰ, ਟਾਊਨ ਪਲਾਨਰ ਦਫਤਰ, ਉਪ-ਅਰਥ ਅੰਕੜਾ ਤੇ ਸਲਾਹਕਾਰ, ਕਮਿਸ਼ਨਰ ਦਫਤਰ, ਲੇਬਰ ਵਿਭਾਗ, ਪੀ. ਡਬਲਯੂ. ਡੀ., ਸਿਹਤ ਵਿਭਾਗ, ਜ਼ਿਲਾ ਸਮਾਜਿਕ ਸੁਰੱਖਿਆ ਦਫਤਰ ਸਣੇ ਵੱਡੀ ਗਿਣਤੀ ’ਚ ਮੁਲਾਜ਼ਮ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਨੇ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਮੰਗਲਵਾਰ ਨੂੰ ਡੀ. ਸੀ. ਦਫਤਰ ਤੋਂ ਸ਼ੁਰੂ ਕਰ ਕੇ ਪੂਰੇ ਸ਼ਹਿਰ ’ਚ ਕਾਲੇ ਝੰਡੇ ਫੜ ਕੇ ਰੈਲੀ ਕੱਢਦਿਆਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਲੰਧਰ ਦੇ ਸਾਰੇ ਹੀ ਸਰਕਾਰੀ ਵਿਭਾਗਾਂ ਦੇ ਮਨਿਸਟੀਰੀਅਲ ਸਟਾਫ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਹੀ ਡੀ. ਏ. ਦੀ ਕਿਸ਼ਤ, ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ, ਪੇ-ਕਮਿਸ਼ਨ ਦੀ ਰਿਪੋਰਟ, ਮਨਿਸਟੀਰੀਅਲ ਸਟਾਫ ਦਾ ਪੇ-ਸਕੇਲ, ਵਿਕਾਸ ਟੈਕਸ ਬੰਦ ਕਰਨ ਸਬੰਧੀ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਰੋਸ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਸੂਬਾ ਪ੍ਰਧਾਨ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਸੁਖਜੀਤ ਸਿੰਘ ਤੋਂ ਇਲਾਵਾ ਪ੍ਰਧਾਨ ਕਮਿਸ਼ਨਰ ਦਫਤਰ ਮੁਨੀਸ਼ ਕੁਮਾਰ, ਪ੍ਰਧਾਨ ਡੀ. ਸੀ. ਦਫਤਰ ਤਜਿੰਦਰ ਸਿੰਘ, ਜਨਰਲ ਸੈਕਟਰੀ ਡੀ. ਸੀ. ਦਫਤਰ ਮਨੀਸ਼ ਸੈਣੀ, ਸੂਬਾ ਨੁਮਾਇੰਦਾ ਪਵਨ ਸਿੱਧੂ, ਲਖਵੀਰ ਸਿੰਘ ਖਹਿਰਾ, ਅਵਿਫੂਲ ਪਾਠਕ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਯੋਗਰਾਜ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸੁਰੇਸ਼ ਕੁਮਾਰ ਸੂਰੀ, ਜਗਦੀਸ਼ ਚੰਦਰ ਸਲੂਜਾ, ਨਰੇਸ਼ ਕੁਮਾਰ, ਪਵਨ ਕੁਮਾਰ ਸਣੇ ਵੱਡੀ ਗਿਣਤੀ ਵਿਚ ਦਫਤਰੀ ਕਰਮਚਾਰੀ ਮੌਜੂਦ ਸਨ।ਡੀ. ਸੀ. ਦਫਤਰ ਦਾ ਕੰਮਕਾਜ ਹੋਵੇਗਾ ਪ੍ਰਭਾਵਿਤ5 ਦਿਨ ਚੱਲਣ ਵਾਲੀ ਇਸ ਹੜਤਾਲ ਕਾਰਨ ਡੀ. ਸੀ. ਦਫਤਰ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਯੂਨੀਅਨ ਮੈਂਬਰਾਂ ਦੇ ਕਹਿਣਾ ਹੈ ਕਿ ਹੜਤਾਲ ਦੌਰਾਨ ਆਰ. ਟੀ. ਏ. ਦਫਤਰ ਅਤੇ ਡਰਾਈਵਿੰਗ ਟੈਸਟ ਟਰੈਕ ’ਤੇ ਕੰਮਕਾਜ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਸਰਕਾਰ ਨੂੰ ਹੋਵੇਗਾ ਕਰੋੜਾਂ ਦੇ ਰੈਵੇਨਿਊ ਦਾ ਨੁਕਸਾਨਜੇਕਰ 3 ਦਿਨ ਹੜਤਾਲ ਕਾਰਨ ਰਜਿਸਟਰੇਸ਼ਨ ਦਾ ਕੰਮ ਬੰਦ ਰਹਿੰਦਾ ਹੈ ਤਾਂ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦੇ ਰੈਵੇਨਿਊ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਿਹਤ ਵਿਭਾਗ ਨੇ ਦੁੱਧ ਸਣੇ ਹੋਰ ਖਾਣ ਵਾਲੀਆਂ ਚੀਜ਼ਾਂ ਦੇ 20 ਸੈਂਪਲ ਭਰੇ
NEXT STORY