ਜਲੰਧਰ (ਜ.ਬ.)-ਜਲੰਧਰ-ਪਠਾਨਕੋਟ ਹਾਈਵੇ ’ਤੇ ਕੈਪੀਟੋਲ ਹਸਪਤਾਲ ਨਜ਼ਦੀਕ ਇਕ ਫੌਜੀ ਦੀ ਹਾਈ ਸਪੀਡ ਸਵਿਫਟ ਕਾਰ ਪਲਟ ਕੇ ਸਰਵਿਸ ਲੇਨ ’ਤੇ ਆ ਡਿੱਗੀ। ਸਾਹਮਣਿਓਂ ਆ ਰਹੇ ਸਾਈਕਲ ਸਵਾਰ ਵਿਦਿਆਰਥੀ ਤੇ ਐਕਟਿਵਾ ਸਵਾਰ ਨੌਜਵਾਨ ਕਾਰ ਦੀ ਲਪੇਟ ’ਚ ਆ ਗਏ। ਵਿਦਿਆਰਥੀ ਦਾ ਸਿਰ ਕਾਰ ਦੇ ਸ਼ੀਸ਼ੇ ’ਤੇ ਵੱਜਣ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਐਕਟਿਵਾ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ।ਥਾਣਾ ਨੰ. 8 ਦੇ ਮੁਖੀ ਪਰਮਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ ਸਵਾ 7 ਵਜੇ ਫੌਜੀ ਹਰਦੀਪ ਸਿੰਘ ਵਾਸੀ ਹੁਸ਼ਿਆਰਪੁਰ ਦੀ ਗੱਡੀ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਗਈ ਤੇ ਪਲਟ ਕੇ ਸਰਵਿਸ ਲੇਨ ’ਤੇ ਆ ਡਿੱਗੀ। ਇਸ ਦੌਰਾਨ ਸਾਹਮਣਿਓਂ ਦੋਆਬਾ ਕਾਲਜ ’ਚ ਐੱਮ. ਐੱਸ. ਸੀ. ਕਰ ਰਿਹਾ ਸੰਤੋਸ਼ (21) ਪੁੱਤਰ ਈਸ਼ਵਰ ਦਾਸ ਵਾਸੀ ਨਿਊ ਹਰਿਗੋਬਿੰਦ ਨਗਰ ਆਪਣੇ ਸਾਈਕਲ ’ਤੇ ਕਾਲਜ ਵੱਲ ਜਾ ਰਿਹਾ ਸੀ ਜੋ ਗੱਡੀ ਦੀ ਲਪੇਟ ’ਚ ਆ ਗਿਆ ਤੇ ਉਸ ਦਾ ਸਿਰ ਗੱਡੀ ਦੇ ਫਰੰਟ ਸ਼ੀਸ਼ੇ ਨਾਲ ਟਕਰਾ ਗਿਆ। ਐਕਟਿਵਾ ਸਵਾਰ ਨਿਰਮਲ ਸਿੰਘ ਵਾਸੀ ਲੰਮਾ ਪਿੰਡ ਵੀ ਕਾਰ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਗਿਆ। ਫੌਜੀ ਸਮੇਤ ਹੋਰ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਹੈੱਡ ਇੰਜਰੀ ਕਾਰਨ ਸੰਤੋਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਨਿਰਮਲ ਸਿੰਘ ਨੂੰ ਆਈ. ਸੀ. ਯੂ. ’ਚ ਦਾਖਲ ਕਰ ਲਿਆ। ਹਾਦਸੇ ਦੀ ਸੂਚਨਾ ਥਾਣਾ ਨੰ. 8 ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਕਬਜ਼ੇ ’ਚ ਲੈ ਕੇ ਫੌਜੀ ਹਰਦੀਪ ਸਿੰਘ ਨੂੰ ਹਿਰਾਸਤ ’ਚ ਲੈ ਲਿਆ। ਹਰਦੀਪ ਨੇ ਦੱਸਿਆ ਕਿ ਉਹ ਛੁੱਟੀਆਂ ਕੱਟ ਕੇ ਬੀਕਾਨੇਰ ਡਿਊਟੀ ਜੁਆਇਨ ਕਰਨ ਜਾ ਰਿਹਾ ਸੀ। ਗੱਡੀ ’ਚ ਘਰੇਲੂ ਸਾਮਾਨ ਸੀ ਤੇ ਅਚਾਨਕ ਗੱਡੀ ਬੇਕਾਬੂ ਹੋ ਗਈ, ਜਿਸ ਕਾਰਨ ਹਾਦਸਾ ਹੋ ਗਿਆ। ਨਿਰਮਲ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਫੌਜੀ ਹਰਦੀਪ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਪਾਰਕਿੰਗ ਰੇਟਾਂ ’ਚ ਸੋਧ ਕਰੇ ਵਿਭਾਗ : ਆੜ੍ਹਤੀ ਐਸੋਸੀਏਸ਼ਨ
NEXT STORY