ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਰੋਜ਼ਗਾਰ ਅਤੇ ਕੰਮ-ਕਾਰ ਮਿਲੇ ਹੀ ਨਾ, ਜਾਂ ਮਿਲਿਆ ਹੋਇਆ ਖੁੱਸ ਜਾਵੇ ਤਾਂ ਚੁੱਲ੍ਹੇ ਦੀ ਅੱਗ ਬਹੁਤੀ ਦੇਰ ਤਕ ਬਲਦੀ ਨਹੀਂ ਰਹਿ ਸਕਦੀ। ਇਹ ਉਹ ਸਥਿਤੀ ਹੁੰਦੀ ਹੈ, ਜਿਸ 'ਚ ਜੀਵਨ-ਗੱਡੀ ਦੇ ਪਹੀਆਂ ਨੂੰ ਬਰੇਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਾਲਾਤ ਕਿਸੇ ਤਰ੍ਹਾਂ ਦੇ ਵੀ ਹੋਣ ਮਨੁੱਖ ਨੂੰ ਤਨ ਢੱਕਣ ਲਈ ਕੱਪੜਾ ਅਤੇ ਦੋ-ਵਕਤ ਦੀ ਰੋਟੀ ਤਾਂ ਚਾਹੀਦੀ ਹੀ ਹੈ। ਜਿਹੜੇ ਲੋਕਾਂ ਲਈ ਰੋਟੀ, ਕੱਪੜੇ ਅਤੇ ਮਕਾਨ ਦਾ ਸੰਕਟ ਬਣ ਜਾਂਦਾ ਹੈ, ਉਨ੍ਹਾਂ ਦੀ ਦਰਦ ਭਰੀ ਵਿਥਿਆ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਨਾਲ ਸਬੰਧਤ ਕੁਝ ਪਿੰਡਾਂ ਬਾਰੇ ਸੁਣਨ ਨੂੰ ਮਿਲੀ। ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਨੇ ਹਜ਼ਾਰਾਂ ਪਰਿਵਾਰਾਂ ਦੇ ਜੀਵਨ ਨੂੰ ਤਬਾਹ ਕਰਨ 'ਚ ਕੋਈ ਕਸਰ ਨਹੀਂ ਛੱਡੀ। ਪਹਾੜੀ ਇਲਾਕਿਆਂ 'ਚ ਤਾਂ ਹਾਲਤ ਹੋਰ ਵੀ ਤਰਸਯੋਗ ਹੈ, ਜਿੱਥੇ ਰੋਜ਼ਗਾਰ ਦੇ ਕੋਈ ਮੌਕੇ ਨਹੀਂ ਹਨ ਅਤੇ ਉਨ੍ਹਾਂ ਦੇ ਆਪਣੇ ਕੰਮ-ਧੰਦੇ ਵੀ ਠੱਪ ਹੋ ਕੇ ਰਹਿ ਗਏ ਹਨ। 'ਕਿਰਤ ਦੇ ਖੰਭਾਂ' ਤੋਂ ਵਾਂਝੇ ਇਹ ਲੋਕ ਵਿਕਾਸ ਦੀਆਂ ਮੰਜ਼ਿਲਾਂ ਵੱਲ ਉਡਾਰੀ ਕਿਵੇਂ ਭਰ ਸਕਦੇ ਹਨ, ਜਦੋਂਕਿ ਉਨ੍ਹਾਂ ਲਈ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। 'ਵਿਹਲੇ ਹੱਥ' ਪੱਥਰ ਫਰੋਲ ਕੇ ਵੀ ਗੁਆਚੀ ਕਿਸਮਤ ਨਹੀਂ ਲੱਭ ਸਕਦੇ। ਬਸ ਉਹ ਕਿਸੇ ਤਰ੍ਹਾਂ ਸਮੇਂ ਨੂੰ ਖਿੱਚਣ ਦੀ ਕੋਸ਼ਿਸ਼ ਵਿਚ ਜੀਵਨ ਹੰਢਾਅ ਰਹੇ ਹਨ।
ਨੌਸ਼ਹਿਰਾ ਸੈਕਟਰ ਦੇ ਉਸ ਪਿੰਡ ਦਾ ਨਾਂ ਲਾਮ ਸੀ, ਜਿਥੇ ਆਲੇ-ਦੁਆਲੇ ਦੇ ਸਰਹੱਦੀ-ਪਹਾੜੀ ਖੇਤਰਾਂ ਨਾਲ ਸਬੰਧਤ 300 ਦੇ ਕਰੀਬ ਪਰਿਵਾਰ ਇਕੱਠੇ ਹੋਏ ਸਨ, ਜਿਨ੍ਹਾਂ ਨੂੰ 550ਵੇਂ ਟਰੱਕ ਦੀ ਸਮੱਗਰੀ ਵੰਡੀ ਗਈ। ਇਹ ਸਮੱਗਰੀ ਜੈਨ ਸਤੀਸ਼ ਹੌਜ਼ਰੀ ਪਰਿਵਾਰ ਲੁਧਿਆਣਾ ਨੇ ਭਿਜਵਾਈ ਸੀ, ਜਿਸ ਵਿਚ ਸ਼ਾਲ, ਸਲੈਕਸਾਂ, ਕੋਟੀਆਂ, ਸਵੈਟਰ, ਸਕਾਰਫ, ਟੋਪੀਆਂ ਅਤੇ ਜੈਕੇਟਾਂ ਦੇ 2100 ਪੀਸ ਸਨ, ਜਿਹੜੇ ਲੋੜਵੰਦਾਂ ਨੂੰ ਦਿੱਤੇ ਗਏ। ਰਾਹਤ ਲੈਣ ਲਈ ਪੁੱਜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਸੁਸ਼ੀਲ ਕੁਮਾਰ ਸੂਦਨ ਨੇ ਕਿਹਾ ਕਿ ਪਾਕਿਸਤਾਨ ਦੇ ਅਣਮਨੁੱਖੀ ਕਾਰਿਆਂ ਨੇ ਜੰਮੂ-ਕਸ਼ਮੀਰ ਦੀਆਂ ਕਈ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ ਹਨ। ਦੇਸ਼ ਦੀ ਵੰਡ ਵੇਲੇ ਤੋਂ ਹੀ ਪਾਕਿਸਤਾਨ ਵੱਲੋਂ ਇਸ ਸੂਬੇ ਦੇ ਲੋਕਾਂ 'ਤੇ ਹਮਲੇ ਸ਼ੁਰੂ ਕਰ ਦਿੱਤੇ ਗਏ, ਜਿਹੜੇ ਹੁਣ ਤਕ ਜਾਰੀ ਹਨ। ਇਨ੍ਹਾਂ ਹਮਲਿਆਂ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲਈਆਂ ਅਤੇ ਕਰੋੜਾਂ-ਅਰਬਾਂ ਦਾ ਮਾਲੀ ਨੁਕਸਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਗੋਲੀਬਾਰੀ ਅਤੇ ਅੱਤਵਾਦ ਕਾਰਣ ਨਾ ਸਿਰਫ ਸਮੇਂ ਦੀ ਪੀੜ੍ਹੀ 'ਤੇ ਸੰਕਟ ਪੈਦਾ ਹੁੰਦਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੀਆਂ।
ਸ਼੍ਰੀ ਸੂਦਨ ਨੇ ਕਿਹਾ ਕਿ ਜਿਸ ਬੱਚੇ ਦੇ ਸਿਰ 'ਤੇ ਮਾਂ-ਬਾਪ ਦਾ ਸਾਇਆ ਨਹੀਂ ਰਹਿੰਦਾ, ਉਸ ਦੀ ਪੜ੍ਹਾਈ-ਲਿਖਾਈ ਤੋਂ ਲੈ ਕੇ ਜੀਵਨ ਦੇ ਹਰ ਪੜਾਅ 'ਤੇ ਮਾੜਾ ਅਸਰ ਪਵੇਗਾ। ਇਸ ਕਾਰਨ ਉਸ ਦੇ ਅੱਗੇ ਵਧਣ ਦੇ ਮੌਕੇ ਸੀਮਤ ਹੋ ਜਾਣਗੇ। ਇਸੇ ਤਰ੍ਹਾਂ ਕਮਾਊ ਮੈਂਬਰਾਂ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਬਜ਼ੁਰਗ ਲੋਕ ਰੁਲਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਜਿਸ ਔਰਤ ਦਾ ਸੁਹਾਗ ਉੱਜੜ ਜਾਵੇ, ਉਸ ਦਾ ਜੀਵਨ ਨਰਕ ਬਣ ਜਾਂਦਾ ਹੈ। ਉਸ ਦੇ ਜੀਵਨ ਵਿਚ ਪਹਿਲਾਂ ਵਾਲੀਆਂ ਖੁਸ਼ੀਆਂ ਫਿਰ ਕਦੇ ਨਹੀਂ ਪਰਤ ਸਕਦੀਆਂ। ਸੂਦਨ ਨੇ ਕਿਹਾ ਕਿ ਇਸ ਖੇਤਰ ਦੇ ਲਾਚਾਰ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਨੇ ਇਨ੍ਹਾਂ ਲੋਕਾਂ ਦੇ ਸਿਰ 'ਤੇ ਹੱਥ ਰੱਖਣ ਦਾ ਯਤਨ ਕੀਤਾ ਹੈ।
ਪੀੜਤਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ : ਰਾਕੇਸ਼ ਜੈਨ
ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਤਵਾਦ ਅਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਤੋਂ ਪੀੜਤ ਪਰਿਵਾਰਾਂ ਦੀ ਸੇਵਾ-ਸਹਾਇਤਾ ਕਰਨਾ ਸਾਡਾ ਫਰਜ਼ ਹੈ। ਇਹ ਰਾਹਤ-ਸਮੱਗਰੀ ਅਪਣੱਤ ਦਾ ਪ੍ਰਗਟਾਵਾ ਹੈ, ਕੋਈ ਅਹਿਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਜੈਨ ਪਰਿਵਾਰ ਇਸ ਕਾਰਜ ਲਈ ਵਧ-ਚੜ੍ਹ ਕੇ ਯਤਨ ਕਰ ਰਹੇ ਹਨ ਤਾਂ ਜੋ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ ਵੱਧ ਤੋਂ ਵੱਧ ਸਮੱਗਰੀ ਲੋੜਵੰਦ ਅਤੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਈ ਜਾਵੇ। ਸ਼੍ਰੀ ਜੈਨ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਪੰਜਾਬ ਭਰ ਵਿਚ ਜਗ੍ਹਾ-ਜਗ੍ਹਾ ਸੇਵਾ ਕਾਰਜਾਂ ਦੇ ਪੌਦੇ ਲਾਏ ਹਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੀ ਅਸੀਂ ਵੀ ਇਸ ਰਸਤੇ ਤੁਰੇ ਹਾਂ। ਉਨ੍ਹਾਂ ਕਿਹਾ ਕਿ ਇਸ ਰਾਹਤ ਮੁਹਿੰਮ ਰਾਹੀਂ ਹੋਰ ਜ਼ਿਆਦਾ ਸਮੱਗਰੀ ਭਿਜਵਾਈ ਜਾਵੇਗੀ ਤਾਂ ਜੋ ਉਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਦੇ ਮੈਂਬਰ ਸ਼ਹੀਦ ਹੋ ਗਏ ਹਨ। ਪਿੰਡ ਦੇ ਸਰਪੰਚ ਮਨਵਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਦੂਹਰੀ ਮਾਰ ਸਹਿਣ ਕਰ ਰਹੇ ਹਨ। ਇਕ ਪਾਸੇ ਪਾਕਿਸਤਾਨ ਉਨ੍ਹਾਂ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ ਅਤੇ ਦੂਜੇ ਪਾਸੇ ਸਾਡੀਆਂ ਸਰਕਾਰਾਂ ਦਾ ਵਤੀਰਾ ਬਹੁਤ ਬੇਰੁਖੀ ਵਾਲਾ ਹੈ। ਸਰਹੱਦੀ ਪਿੰਡਾਂ 'ਚ ਬਿਜਲੀ, ਪਾਣੀ, ਸੜਕਾਂ ਦਾ ਕੋਈ ਪ੍ਰਬੰਧ ਨਹੀਂ ਹੈ, ਲੋਕਾਂ ਦੀ ਆਰਥਕ ਹਾਲਤ ਇੰਨੀ ਮਾੜੀ ਹੈ ਕਿ ਉਹ ਖੁਦ ਵੀ ਆਪਣੇ ਲਈ ਕਿਸੇ ਸਹੂਲਤ ਦਾ ਪ੍ਰਬੰਧ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਲੋਕਾਂ ਲਈ ਵਿਸ਼ੇਸ਼ ਨੀਤੀ ਅਮਲ 'ਚ ਲਿਆਉਣੀ ਚਾਹੀਦੀ ਹੈ।
ਬੱਚਿਆਂ ਦਾ ਭਵਿੱਖ ਸੰਵਾਰਨ ਲਈ ਯਤਨ ਕੀਤੇ ਜਾਣ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਕਿ ਸਰਹੱਦੀ ਖੇਤਰਾਂ ਦੇ ਬੱਚੇ ਨਾ ਸਿਰਫ ਨਜ਼ਰਅੰਦਾਜ਼ ਹੋ ਰਹੇ ਹਨ ਸਗੋਂ ਉਹ ਪਾਲਣ-ਪੋਸ਼ਣ ਦੀ ਘਾਟ ਕਾਰਣ ਰੋਗਾਂ ਦੇ ਸ਼ਿਕਾਰ ਵੀ ਹੋ ਰਹੇ ਹਨ। ਇਸ ਹਾਲਤ ਵਿਚ ਉਨ੍ਹਾਂ ਦਾ ਭਵਿੱਖ ਡਾਵਾਂਡੋਲ ਹੋ ਸਕਦਾ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸਮਾਜ ਦੇ ਲੋਕਾਂ ਅਤੇ ਸੰਸਥਾਵਾਂ ਨੂੰ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਨਿੱਗਰ ਕਦਮ ਚੁੱਕਣੇ ਚਾਹੀਦੇ ਹਨ। ਇਸ ਕੰਮ ਨੂੰ ਸਿਰਫ ਸਰਕਾਰਾਂ ਦੇ ਭਰੋਸੇ 'ਤੇ ਨਹੀਂ ਛੱਡਿਆ ਜਾ ਸਕਦਾ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ਸਮੇਤ ਕਿਸੇ ਵੀ ਜਗ੍ਹਾ ਜੇ ਕੋਈ ਵਿਅਕਤੀ ਅੱਤਵਾਦੀਆਂ ਹੱਥੋਂ ਸ਼ਹੀਦ ਹੁੰਦਾ ਹੈ ਤਾਂ ਉਸ ਲਈ ਫਾਰਮ ਭਰ ਕੇ ਪੰਜਾਬ ਕੇਸਰੀ ਗਰੁੱਪ ਨੂੰ ਭਿਜਵਾਏ ਜਾਣ ਤਾਂ ਜੋ ਸਬੰਧਤ ਪਰਿਵਾਰ ਦੀ ਮਾਲੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਅਜਿਹੇ ਪਰਿਵਾਰਾਂ ਦੀ ਮਦਦ ਲਈ ਸ਼ਹੀਦ ਪਰਿਵਾਰ ਫੰਡ ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਹੁਣ ਤੱਕ ਕਰੋੜਾਂ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਰਾਹਤ ਵੰਡ ਆਯੋਜਨ ਮੌਕੇ ਲੁਧਿਆਣਾ ਦੇ ਸ਼੍ਰੀਮਤੀ ਰਮਾ ਜੈਨ, ਸੁਰੇਸ਼ ਜੈਨ, ਰਜਨੀ ਜੈਨ, ਸੰਨੀ ਜੈਨ, ਅੰਮ੍ਰਿਤਸਰ ਤੋਂ ਪ੍ਰਵੀਨ ਜੈਨ, ਸੰਜੇ ਜੈਨ, ਰਾਜੇਸ਼ ਜੈਨ, ਮਿੰਟੂ ਜੈਨ, ਬਲਾਕ ਸੰਮਤੀ ਸੁੰਦਰਬਨੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ, ਸਰਪੰਚ ਪਰਵਿੰਦਰ ਕੌਰ, ਸਵਰਨ ਕੌਰ, ਨਾਨਕ ਚੰਦ, ਮੁਹੰਮਦ ਸਦੀਕ, ਮੁਹੰਮਦ ਸਾਬਰ, ਤਲਵਿੰਦਰ ਸਿੰਘ, ਪਰਮਜੀਤ ਕੌਰ ਅਤੇ ਤਨਵੀਰ ਬੇਗਮ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਲਾਮ ਅਤੇ ਲੜੋਕਾ ਪੰਚਾਇਤਾਂ ਨਾਲ ਸਬੰਧਤ ਸਨ।
ਕਣਕ ਦੀ ਫਸਲ 'ਤੇ ਹੋ ਸਕਦੈ ਪੀਲੀ ਕੁੰਗੀ ਦਾ ਹਮਲਾ: ਡਾ ਐਰੀ
NEXT STORY