ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਪਰਿਵਾਰ ਹਰ ਵੇਲੇ ਖਤਰਿਆਂ ਦੀ ਦਹਿਸ਼ਤ ’ਚ ਜੀਵਨ ਗੁਜ਼ਾਰਦੇ ਹਨ। ਅਤੀਤ ਵਿਚ ਪਾਕਿਸਤਾਨ ਵੱਲੋਂ ਇਸ ਸਰਹੱਦੀ ਪੱਟੀ ’ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦਾ ਜੋ ਨੁਕਸਾਨ ਕੀਤਾ ਗਿਆ ਹੈ, ਉਹ ਕਦੇ ਪੂਰਾ ਨਹੀਂ ਹੋ ਸਕਦਾ। ਇਸ ਸਥਿਤੀ ਵਿਚ ਲੋਕਾਂ ਨੂੰ ਆਪਣੇ ਕੰਮ-ਧੰਦੇ ਚਲਾਉਣੇ ਮੁਸ਼ਕਲ ਹੋ ਜਾਂਦੇ ਹਨ। ਅੱਤਵਾਦ ਅਤੇ ਗੋਲੀਬਾਰੀ ਦੇ ਜ਼ਖ਼ਮਾਂ ਨੂੰ ਸਹਿਣ ਕਰਕੇ ਜੀਵਨ ਬਸਰ ਕਰਨ ਵਾਲੇ ਪਰਿਵਾਰਾਂ ਲਈ ਹੁਣ ਪਿਛਲੇ ਸਾਲ ਤੋਂ ਪਸਰੇ ਕੋਰੋਨਾ ਦੇ ਖ਼ੌਫ਼ ਨੇ ਰੋਜ਼ੀ-ਰੋਟੀ ਦੀ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਸਰਹੱਦੀ ਇਲਾਕਿਆਂ ’ਚ ਇੰਡਸਟਰੀ ਜਾਂ ਵੱਡੇ ਕਾਰੋਬਾਰਾਂ ਦਾ ਕੋਈ ਨਾਮੋ-ਨਿਸ਼ਾਨ ਨਾ ਹੋਣ ਕਰਕੇ ਲੋਕਾਂ ਕੋਲ ਦਿਹਾੜੀ-ਮਜ਼ਦੂਰੀ ਤੋਂ ਬਗੈਰ ਕੋਈ ਕੰਮ ਨਹੀਂ ਬਚਦਾ। ਪੇਂਡੂ ਖੇਤਰਾਂ ’ਚ ਛੋਟੀ-ਮੋਟੀ ਦੁਕਾਨਦਾਰੀ ਜਾਂ ਅਜਿਹੇ ਹੀ ਹੋਰ ਕਿੱਤੇ ਹਨ, ਜਿਹੜੇ ਕੋਰੋਨਾ ਦੀ ਲਹਿਰ ਨੇ ਮੂਧੇ-ਮੂੰਹ ਸੁੱਟ ਦਿੱਤੇ ਹਨ। ਇਹ ਸਮਾਂ ਮਜ਼ਦੂਰ ਵਰਗ ਲਈ ਘੋਰ ਸੰਕਟ ਵਾਲਾ ਹੈ, ਜਿਨ੍ਹਾਂ ਨੂੰ ਇਸ ਸਮੇਂ ’ਚ ਪੇਟ ਪਾਲਣਾ ਬੇਹੱਦ ਔਖਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਇੰਪਰੂਵਮੈਂਟ ਟਰੱਸਟ ਦੀ ਬਿਲਡਿੰਗ ਸੀਲ ਕਰਨ ਦੇ ਆਦੇਸ਼
ਸਰਹੱਦੀ ਖੇਤਰਾਂ ਦੇ ਸੰਕਟ ਮਾਰੇ ਅਜਿਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ ਪਿਛਲੇ ਦਿਨੀਂ 593ਵੇਂ ਟਰੱਕ ਦੀ ਰਾਹਤ ਸਮੱਗਰੀ ਸੁਚੇਤਗੜ੍ਹ ਵਿਖੇ ਵੰਡੀ ਗਈ। ਬੀ. ਐੱਸ. ਐੱਫ. ਦੇ ਪ੍ਰਬੰਧਾਂ ਅਧੀਨ ਕੀਤੇ ਗਏ ਇਸ ਆਯੋਜਨ ਦੌਰਾਨ ਵੱਖ-ਵੱਖ ਸਰਹੱਦੀ ਪਿੰਡਾਂ ਦੇ 300 ਪਰਿਵਾਰਾਂ ਨੂੰ ਰਸੋਈ ਦੀ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਫਰੰਟੀਅਰ ਹੈੱਡਕੁਆਰਟਰ ਬੀ. ਐੱਸ. ਐੱਫ. ਜੰਮੂ ਦੇ ਆਈ. ਜੀ. ਸ਼੍ਰੀ ਐੱਨ. ਐੱਸ. ਜਸਵਾਲ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਰਹੱਦ ’ਤੇ ਬਹੁਤਾ ਸਮਾਂ ਤਣਾਅ ਵਾਲੇ ਹਾਲਾਤ ਬਣੇ ਰਹਿੰਦੇ ਹਨ। ਪਾਕਿਸਤਾਨ ਵੱਲੋਂ ਕਦੀ ਬਿਨਾਂ ਕਾਰਣ ਫਾਇਰਿੰਗ ਕੀਤੀ ਜਾਂਦੀ ਹੈ, ਕਦੀ ਅੱਤਵਾਦੀਆਂ ਦੀ ਘੁਸਪੈਠ ਕਰਵਾਈ ਜਾਂਦੀ ਹੈ, ਜਿਸ ਕਾਰਨ ਬੀ. ਐੱਸ. ਐੱਫ. ਨੂੰ ਬਹੁਤ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼੍ਰੀ ਜਸਵਾਲ ਨੇ ਕਿਹਾ ਕਿ ਫੋਰਸ ਦੇ ਜਵਾਨ ਨਾ ਸਿਰਫ ਹਰ ਵੇਲੇ ਸਰਹੱਦਾਂ ਦੀ ਰਖਵਾਲੀ ਲਈ ਚੌਕਸ ਰਹਿੰਦੇ ਹਨ, ਸਗੋਂ ਉਹ ਸਮਾਜ ਸੇਵਾ ਦੇ ਕਾਰਜ ਕਰਦਿਆਂ ਮਨੁੱਖਤਾ ਦੀ ਭਲਾਈ ਲਈ ਵੀ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਭਿਜਵਾਈ ਗਈ ਰਾਹਤ ਸਮੱਗਰੀ ਲੋੜਵੰਦ ਸਰਹੱਦੀ ਪਰਿਵਾਰਾਂ ਦੇ ਹੱਥਾਂ ਤੱਕ ਪਹੁੰਚਾਉਣ ਵਿਚ ਸੀਮਾ ਸੁਰੱਖਿਆ ਬਲ ਵੀ ਸਹਿਯੋਗ ਕਰ ਕੇ ਤਸੱਲੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਾਰਜਾਂ ਲਈ ਸਾਨੂੰ ਜਦੋਂ ਵੀ ਕਿਹਾ ਜਾਵੇਗਾ ਅਸੀਂ ਤਿਆਰ ਰਹਾਂਗੇ।
ਸਰਕਾਰ ਨੂੰ ਸਮਝਣਾ ਚਾਹੀਦੈ ਸਰਹੱਦੀ ਲੋਕਾਂ ਦਾ ਦਰਦ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਕਾਰਨ ਸਰਹੱਦੀ ਲੋਕ ਜਿਸ ਤਰ੍ਹਾਂ ਦੀ ਪੀੜ ਹੰਢਾਅ ਰਹੇ ਹਨ, ਕੋਰੋਨਾ ਕਾਰਨ ਉਸਦਾ ਦਰਦ ਹੋਰ ਵਧ ਗਿਆ ਹੈ। ਅੱਜ ਇਹ ਲੋਕ ਦੋ-ਵਕਤ ਦੀ ਰੋਟੀ ਲਈ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਵੀ ਸਰਹੱਦੀ ਪਰਿਵਾਰਾਂ ਦਾ ਦਰਦ ਸਮਝਣਾ ਚਾਹੀਦਾ ਹੈ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਲਈ ਵਿਸ਼ੇਸ਼ ਪ੍ਰੋਗਰਾਮ ਬਣਾ ਕੇ ਕੋਰੋਨਾ ਸੰਕਟ ਦੇ ਇਸ ਦੌਰ ਵਿਚ ਵਿਸ਼ੇਸ਼ ਮਦਦ ਭਿਜਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਜਿਸ ਦੁੱਖ-ਦਰਦ ਦਾ ਸਾਹਮਣਾ ਕਰ ਰਹੇ ਹਨ, ਉਸ ਨੂੰ ਮਹਿਸੂਸ ਕਰਦਿਆਂ ਹੀ ਪੰਜਾਬ ਕੇਸਰੀ ਪਰਿਵਾਰ ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਲਗਾਤਾਰ 22 ਸਾਲਾਂ ਤੋਂ ਰਾਹਤ ਸਮੱਗਰੀ ਭਿਜਵਾ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ
ਸਰਹੱਦੀ ਪਿੰਡਾਂ ’ਚ ਡਾਕਟਰੀ ਸਹੂਲਤਾਂ ਦੀ ਵੱਡੀ ਲੋੜ : ਰਾਮੇਸ਼ਵਰ ਮਿਨਹਾਸ
ਇਸ ਮੌਕੇ ਸੰਬੋਧਨ ਕਰਦਿਆਂ ਕਸਬਾ ਮੀਰਾਂ ਸਾਹਿਬ ਦੇ ਸਮਾਜ ਸੇਵੀ ਆਗੂ ਸ਼੍ਰੀ ਰਾਮੇਸ਼ਵਰ ਮਿਨਹਾਸ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਵਿਚ ਵੱਖ-ਵੱਖ ਰੋਗਾਂ ਤੋਂ ਪੀੜਤ ਸਰਹੱਦੀ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਰਹੱਦੀ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਕਿਉਂਕਿ ਇਨ੍ਹਾਂ ਖੇਤਰਾਂ ’ਚ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਦੀ ਵੱਡੀ ਘਾਟ ਹੈ। ਮਜਬੂਰੀ ਦੇ ਮਾਰੇ ਲੋਕ ਨੀਮ ਹਕੀਮਾਂ ਦੇ ਹੱਥੋਂ ਲੁੱਟ ਕਰਵਾਉਂਦੇ ਰਹਿੰਦੇ ਹਨ ਅਤੇ ਸਿਹਤ ਦਾ ਨੁਕਸਾਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼੍ਰੀ ਮਿਨਹਾਸ ਨੇ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ।
ਅਜੋਕੀ ਸਥਿਤੀ ’ਚ ਚੁੱਲ੍ਹਾ ਬਾਲਣਾ ਵੀ ਔਖਾ ਹੋ ਗਿਐ : ਸਲੋਚਨਾ
ਰਾਹਤ ਸਮੱਗਰੀ ਲੈਣ ਲਈ ਆਈ ਪਿੰਡ ਘਰਾਣਾ ਦੀ ਰਹਿਣ ਵਾਲੀ ਸਲੋਚਨਾ ਦੇਵੀ ਨੇ ਦੱਸਿਆ ਕਿ ਸਰਹੱਦੀ ਇਲਾਕੇ ’ਚ ਅੱਜ ਜੋ ਸਥਿਤੀ ਬਣ ਗਈ ਹੈ, ਉਸ ਵਿਚ ਚੁੱਲ੍ਹਾ ਬਾਲਣਾ ਵੀ ਔਖਾ ਹੋ ਗਿਆ ਹੈ। ਉਸਦੇ ਚਾਰ ਬੱਚੇ ਹਨ, ਜਿਨ੍ਹਾਂ ’ਚੋਂ ਤਿੰਨ ਲੜਕੀਆਂ ਹਨ। ਘਰਵਾਲਾ ਰਾਮ ਕੁਮਾਰ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਪਰ ਪਿਛਲੇ ਸਾਲ ਤੋਂ ਬਹੁਤੇ ਨਿਰਮਾਣ ਕੰਮ ਬੰਦ ਹੀ ਪਏ ਹਨ। ਕਦੀ ਹਫਤੇ ’ਚ ਇਕ ਦੋ ਦਿਨ ਕੰਮ ਮਿਲਦਾ ਹੈ ਅਤੇ ਕਦੇ ਕੁਝ ਵੀ ਨਹੀਂ। ਇਸ ਕਾਰਨ ਰੁਖੀ-ਮਿੱਸੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਐ। ਸਲੋਚਨਾ ਨੇ ਕਿਹਾ ਕਿ ਹਰ ਘਰ ਵਿਚ ਅਜਿਹੀ ਹੀ ਤਰਸਯੋਗ ਹਾਲਤ ਬਣੀ ਹੋਈ ਹੈ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣਾ ਚਾਹੀਦਾ ਹੈ।
ਕੌਣ-ਕੌਣ ਮੌਜੂਦ ਸਨ
ਰਾਹਤ ਵੰਡ ਆਯੋਜਨ ਮੌਕੇ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਸ. ਸੁਰਜੀਤ ਸਿੰਘ ਸੇਖੋਂ, ਕਮਾਂਡੈਂਟ 36 ਬਟਾਲੀਅਨ ਅਜੈ ਸੂਰਿਆਵੰਸ਼ੀ, ਜਲੰਧਰ ਤੋਂ ਐੱਨ. ਆਰ. ਆਈ. ਸਰਬਜੀਤ ਸਿੰਘ ਗਿਲਜੀਆਂ, ਮੀਰਾਂ ਸਾਹਿਬ ਤੋਂ ਓਮ ਪ੍ਰਕਾਸ਼ ਖਜੂਰੀਆ, ਅਜੀਤ ਪਾਲ ਸਿੰਘ, ਕੁਲਵੰਤ ਸਿੰਘ ਮਿਨਹਾਸ ਅਤੇ ਸੀਮਾ ਸੁਰੱਖਿਆ ਬਲ ਦੇ ਹੋਰ ਅਧਿਕਾਰੀ ਅਤੇ ਜਵਾਨ ਮੌਜੂਦ ਸਨ।
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 29 ਲੱਖ 86 ਹਜ਼ਾਰ ਦੀ ਠੱਗੀ
NEXT STORY