ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਦੇ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਨਾ ਕਿ ਸੂਬੇ ਅੰਦਰ ਲਾਗੂ ਘੱਟੋ-ਘੱਟ ਤਨਖਾਹ ਦੇ ਨਿਯਮ ਤੋਂ ਵੀ ਘੱਟ ਪੈਸਿਆਂ ਉਤੇ ਕੰਮ ਕਰਨ ਲਈ ਕਹਿ ਕੇ ਉਨ੍ਹਾਂ ਦਾ ਅਪਮਾਨ ਕਰਨ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜ਼ਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਤੇ ਇਸ ਦਾ ਤਕਨੀਕੀ ਮੰਤਰੀ ਕੰਪਨੀਆਂ ਨੂੰ ਇਸ ਗੱਲ ਦੀ ਆਗਿਆ ਦੇ ਰਹੇ ਹਨ ਕਿ ਉਹ ਟੈਕਨੀਕਲ ਡਿਪਲੋਮਾ ਅਤੇ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਨੂੰ ਸੂਬੇ ਵੱਲੋਂ ਨਿਰਧਾਰਿਤ ਘੱਟੋ-ਘੱਟ ਤਨਖਾਹ ਤੋਂ ਵੀ ਘੱਟ ਪੈਸਿਆਂ 'ਤੇ ਭਰਤੀ ਕਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲਾਨਾ ਭਰਤੀ ਤਹਿਤ ਸਸਤੀ ਸ਼ੌਹਰਤ ਲਈ ਲਾਏ ਅਖੌਤੀ ਰੋਜ਼ਗਾਰ ਮੇਲੇ ਵਿਚ ਵਿਦਿਆਰਥੀਆਂ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ, 9 ਹਜ਼ਾਰ ਪ੍ਰਤੀ ਮਹੀਨਾ ਦੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਨੌਕਰੀਆਂ ਦੀਆਂ ਅਜਿਹੀਆਂ ਪੇਸ਼ਕਸ਼ਾਂ ਉਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੀਆਂ ਹਨ, ਜਿਨ੍ਹਾਂ ਤਹਿਤ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਅਰਧ-ਕੁਸ਼ਲ ਕਾਮਿਆਂ ਨੂੰ ਘੱਟੋ-ਘੱਟ 321 ਰੁਪਏ ਰੋਜ਼ਾਨਾ ਤੇ ਕੁਸ਼ਲ ਕਾਮਿਆਂ ਨੂੰ ਘੱਟੋ-ਘੱਟ 356 ਰੁਪਏ ਰੋਜ਼ਾਨਾ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁਢਲੀ ਉਜਰਤ ਦੇਣ ਦੀ ਤਾਂ ਗੱਲ ਹੀ ਛੱਡ ਦਿਓ, ਇਨ੍ਹਾਂ ਅਖੌਤੀ ਰੁਜ਼ਗਾਰ ਮੇਲਿਆਂ ਵਿਚ ਨੌਜਵਾਨਾਂ ਨੂੰ ਖੇਤੀਬਾੜੀ ਲਈ ਨਿਰਧਾਰਿਤ 303 ਰੁਪਏ ਰੋਜ਼ਾਨਾ ਦਿਹਾੜੀ ਤੋਂ ਵੀ ਘੱਟ ਪੈਸਿਆਂ ਦੀ ਪੇਸ਼ਕਸ਼ ਦਿੱਤੀ ਜਾ ਰਹੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸੂਬਾ ਸਰਕਾਰ ਦੇ ਇਕ ਜ਼ਿੰਮੇਵਾਰ ਪ੍ਰਤੀਨਿਧੀ ਚੰਨੀ ਨੇ ਨਿੱਜੀ ਕੰਪਨੀਆਂ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਭ ਤੋਂ ਨਿੰਦਣਯੋਗ ਗੱਲ ਇਹ ਹੈ ਕਿ ਸੂਬਾ ਸਰਕਾਰ ਦੀ ਛਤਰ ਛਾਇਆ ਹੇਠ ਕੀਤੀ ਨੌਕਰੀਆਂ ਦੀ ਇਸ ਭਰਤੀ ਲਈ ਨਿਯਮ ਤੈਅ ਕਰਨ ਦੀ ਥਾਂ ਚੰਨੀ ਨੇ ਉਨ੍ਹਾਂ ਵਿਦਿਆਰਥੀਆਂ ਦਾ ਉਲਟਾ ਅਪਮਾਨ ਕਰ ਦਿੱਤਾ, ਜਿਨ੍ਹਾਂ ਨੇ ਕੱਲ ਉਸ ਨੂੰ ਭਰਤੀ ਲਈ ਨਿਯਮਾਂ ਨੂੰ ਛਿੱਕੇ ਟੰਗੇ ਜਾਣ ਤੋਂ ਜਾਣੂ ਕਰਵਾਇਆ ਸੀ।
ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੂਰਖ ਬਣਾਉਣ ਦੀ ਥਾਂ ਕੀਤੇ ਵਾਅਦੇ ਪੂਰੇ ਕਰੇ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਸਰਕਾਰੀ ਨੌਕਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਕਿਉਂ ਨਹੀਂ ਭਰ ਰਹੀ ਹੈ।
ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਦੀ ਮਾੜੀ ਹਾਲਤ ਵੇਖ ਕੇ ਕਾਂਗਰਸੀ ਭੜਕੇ
NEXT STORY