ਮੋਹਾਲੀ, (ਨਿਆਮੀਆਂ)- ਮੋਹਾਲੀ ਨਗਰ ਨਿਗਮ ਦੇ ਦਫਤਰ ਵਿਚ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਪ੍ਰਣਾਲੀ ਬਣਾਉਣ ਤੇ ਇਸ ਨੂੰ ਲਾਗੂ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਵਲੋਂ ਇੰਟਰਨੈਸ਼ਨਲ ਯੂਨੀਅਨ ਅਗੇਂਸਟ ਟਿਊਬਰਕਲੋਸਿਸ ਐਂਡ ਲੰਗ ਡਿਸੀਜ਼ ਦੇ ਸਹਿਯੋਗ ਨਾਲ ਲਾਈ ਗਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਤੰਬਾਕੂ ਉਤਪਾਦਾਂ ਦੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਨੀਤੀ ਬਣਾਉਣਾ ਸੀ । ਵਰਕਸ਼ਾਪ ਵਿਚ ਕੁਲਵੰਤ ਸਿੰਘ ਮੇਅਰ ਨਗਰ ਨਿਗਮ ਮੋਹਾਲੀ, ਉਪਿੰਦਰ ਕੌਰ ਆਹਲੂਵਾਲੀਆ ਮੇਅਰ ਨਗਰ ਨਿਗਮ ਪੰਚਕੂਲਾ, ਸੰਦੀਪ ਹੰਸ ਆਈ. ਏ. ਐੱਸ. ਕਮਿਸ਼ਨਰ ਮੋਹਾਲੀ ਮਿਊਂਸਪਲ ਕਾਰਪੋਰੇਸ਼ਨ, ਅਵਨੀਤ ਕੌਰ ਸੰਯੁਕਤ ਕਮਿਸ਼ਨਰ ਮੋਹਾਲੀ, ਮਿਊਂਸਪਲ ਕਾਰਪੋਰੇਸ਼ਨ ਸੀਨੀਅਰ ਤਕਨੀਕੀ ਸਲਾਹਕਾਰ ਆਸ਼ੀਸ਼ ਪਾਂਡੇ, ਸੰਸਥਾ ਸੀਡਜ਼ ਨਵੀ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਮਿਸ਼ਰਾ ਮੁੱਖ ਤੌਰ 'ਤੇ ਹਾਜ਼ਰ ਸਨ।
ਇਸ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਕਿ ਤੰਬਾਕੂ ਕੰਟਰੋਲ ਲਈ ਮੋਹਾਲੀ, ਪੰਚਕੂਲਾ ਤੇ ਚੰਡੀਗੜ੍ਹ ਵਿਚ ਤਾਲਮੇਲ ਕਿਵੇਂ ਬਣਾਇਆ ਜਾ ਸਕਦਾ ਹੈ ਕਿਉਂਕਿ ਤਿੰਨ ਸ਼ਹਿਰਾਂ ਦੀਆਂ ਹੱਦਾਂ ਇਕ-ਦੂਜੇ ਦੇ ਨਾਲ ਲਗਦੀਆਂ ਹਨ ਜੇਕਰ ਕੋਈ ਸ਼ਹਿਰ ਤੰਬਾਕੂ ਕੰਟਰੋਲ ਲਈ ਕਿਸੇ ਕਾਨੂੰਨ ਤਹਿਤ ਅੰਦਰ ਸਖ਼ਤੀ ਦਿਖਾਉਂਦਾ ਹੈ ਤਾਂ ਦੂਜੇ ਸ਼ਹਿਰ 'ਚ ਇਸ ਦੀ ਉਲੰਘਣਾ ਹੋਣੀ ਸ਼ੁਰੂ ਹੋ ਜਾਂਦੀ ਹੈ । ਇਸ ਵਿਸ਼ੇ 'ਤੇ ਵੀ ਚਰਚਾ ਕੀਤੀ ਗਈ ਕਿ ਤੰਬਾਕੂ ਦੀ ਵਿਕਰੀ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਸਿਸਟਮ ਸ਼ੁਰੂ ਕੀਤਾ ਜਾਵੇ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਸਾਰੇ ਸੂਬਿਆਂ ਨੂੰ ਇਕ ਚਿੱਠੀ ਲਿਖੀ ਗਈ ਹੈ, ਜਿਸ ਵਿਚ ਅਜਿਹੀ ਨੀਤੀ ਬਣਾਉਣ ਦੀ ਗੱਲ ਕੀਤੀ ਗਈ ਹੈ।
ਕੁਲਵੰਤ ਸਿੰਘ ਮੇਅਰ ਨਗਰ ਨਿਗਮ ਮੋਹਾਲੀ ਨੇ ਕਿਹਾ ਕਿ ਤਿੰਨਾਂ ਸ਼ਹਿਰਾਂ ਦੇ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਇਕ ਛੱਤ ਥੱਲੇ ਇਕੱਠਾ ਕਰਨਾ ਤੇ ਇਕ ਸਾਂਝੀ ਨੀਤੀ ਬਣਾਉਣ 'ਤੇ ਚਰਚਾ ਕਰਨਾ ਖੁਦ ਵਿਚ ਬਹੁਤ ਵੱਡਾ ਉਪਰਾਲਾ ਹੈ ਤੇ ਉਨ੍ਹਾਂ ਇਸ ਉਪਰਾਲੇ ਲਈ ਸੰਸਥਾ ਦੀ ਸ਼ਲਾਘਾ ਕੀਤੀ ।
ਉਪਿੰਦਰ ਕੌਰ ਆਹਲੂਵਾਲੀਆ ਮੇਅਰ ਨਗਰ ਨਿਗਮ ਪੰਚਕੂਲਾ ਨੇ ਇਸ ਮੌਕੇ ਕਿਹਾ ਕਿ ਉਹ ਹਰ ਉਸ ਨੀਤੀ ਨਿਰਮਾਣ ਤੇ ਉਸ ਦੀ ਪਾਲਣਾ ਲਈ ਵਚਨਬੱਧ ਹਨ, ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ । ਉਹ ਤੰਬਾਕੂ ਕੰਟਰੋਲ ਲਈ ਮੋਹਾਲੀ ਤੇ ਚੰਡੀਗੜ੍ਹ ਨਗਰ ਨਿਗਮਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ ।
ਉਪਿੰਦਰਪ੍ਰੀਤ ਕੌਰ ਗਿੱਲ ਪ੍ਰਧਾਨ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਨੇ ਕਿਹਾ ਕਿ ਵਰਕਸ਼ਾਪ ਦਾ ਮਕਸਦ ਤੰਬਾਕੂ ਕੰਟਰੋਲ ਸਬੰਧੀ ਤਿੰਨਾਂ ਸ਼ਹਿਰਾਂ ਦੇ ਕੰਮਾਂ ਵਿਚ ਇਕਸਾਰਤਾ ਲਿਆਉਣਾ ਤੇ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਸਿਸਟਮ ਸ਼ੁਰੂ ਕਰਨ ਬਾਰੇ ਨੀਤੀ ਨਿਰਮਾਣ ਕਰਨਾ ਹੈ, ਤਾਂ ਜੋ ਧੜੱਲੇ ਨਾਲ ਵਿਕ ਰਹੇ ਗੈਰ-ਕਾਨੂੰਨੀ ਉਤਪਾਦਾਂ 'ਤੇ ਰੋਕਥਾਮ ਲਈ ਜਾ ਸਕੇ ।
ਤੰਬਾਕੂ ਕਾਰਨ ਹਰ ਸਾਲ ਹੁੰਦੀਆਂ ਹਨ 13 ਲੱਖ ਮੌਤਾਂ
ਇਸ ਮੌਕੇ ਦਿੱਲੀ ਤੋਂ ਆਏ ਸੀਨੀਅਰ ਤਕਨੀਕੀ ਸਲਾਹਕਾਰ ਆਸ਼ੀਸ਼ ਪਾਂਡੇ ਨੇ ਕਿਹਾ ਕਿ ਹਰ ਸਾਲ ਭਾਰਤ ਵਿਚ ਤੰਬਾਕੂ ਦੀ ਵਰਤੋਂ ਨਾਲ 13 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਸੰਸਥਾ ਸੀਡਜ਼ ਨਵੀਂ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਮਿਸ਼ਰਾ ਨੇ ਕਿਹਾ ਕਿ ਰਾਂਚੀ ਭਾਰਤ ਦਾ ਪਹਿਲਾ ਸ਼ਹਿਰ ਹੈ ਜਿਥੇ ਕਾਰਪੋਰੇਸ਼ਨ ਨੇ ਸ਼ਹਿਰ ਵਿਚ ਤੰਬਾਕੂ ਉਤਪਾਦਾਂ ਦੀ ਵਿਕਰੀ ਲਈ ਲਾਇਸੈਂਸ ਸਿਸਟਮ ਸ਼ੁਰੂ ਕੀਤਾ ਹੈ, ਜਿਸ ਨਾਲ ਤੰਬਾਕੂ ਦੇ ਗੈਰ-ਕਾਨੂੰਨੀ ਵਪਾਰ ਨੂੰ ਰੋਕਣ ਦੇ ਨਾਲ-ਨਾਲ ਤੰਬਾਕੂ ਕੰਟਰੋਲ ਲਈ ਬਣੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਸਕਦਾ ਹੈ ।
ਰਿਸ਼ਵਤ ਲੈਣ ਦੇ ਦੋਸ਼ ’ਚ ਡੀ. ਡੀ. ਪੀ. ਓ., ਸੁਪਰਡੈਂਟ ਅਤੇ ਡਿਵੈੱਲਪਮੈਂਟ ਸਹਾਇਕ ਦੋ ਦਿਨਾ ਰਿਮਾਂਡ ’ਤੇ (ਵੀਡੀਓ)
NEXT STORY