ਲੁਧਿਆਣਾ : ਲੋਕ ਸਭਾ ਹਲਕੇ ਸ੍ਰੀ ਆਨੰਦਪੁਰ ਸਾਹਿਬ ਅਤੇ ਪਟਿਆਲਾ ਲਈ ਜ਼ਿਲ੍ਹੇ 'ਚ 19 ਮਈ ਨੂੰ ਪੈਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ਦੇ ਸਾਰੇ 749 ਪੋਲਿੰਗ ਬੂਥਾਂ 'ਤੇ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਈ. ਵੀ. ਐੱਮ ਅਤੇ ਵੀ. ਵੀ. ਪੈਟ ਮਸ਼ੀਨਾਂ ਨਾਲ ਲੈ ਕੇ ਪੁੱਜ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜਿਲ੍ਹੇ 'ਚ ਪੈਂਦੇ 052-ਖਰੜ, 053-ਐੱਸ. ਏ. ਐੱਸ ਨਗਰ ਅਤੇ 112-ਡੇਰਾਬਸੀ ਵਿਧਾਨ ਸਭਾ ਹਲਕਿਆਂ 'ਚ ਬਣਾਏ ਗਏ ਪੋਲਿੰਗ ਬੂਥਾਂ 'ਤੇ ਸਿਵਲ ਪ੍ਰਸ਼ਾਸਨ ਵੱਲੋਂ 2996 ਮੁਲਾਜ਼ਮ ਤਾਇਨਾਤ ਰਹਿਣਗੇ, ਜਦੋਂ ਕਿ 20 ਫੀਸਦੀ ਸਟਾਫ ਰਿਜਰਵ ਹੋਵੇਗਾ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਲ੍ਹੇ 'ਚ ਪੈਂਦੇ ਤਿੰਨੇ ਵਿਧਾਨ ਸਭਾ ਹਲਕਿਆਂ 'ਚ ਕੁੱਲ 7,26,482 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ, ਜਿਨ੍ਹਾਂ 'ਚ 3 ਲੱਖ 81 ਹਜ਼ਾਰ 731 ਪੁਰਸ਼ ਅਤੇ 3 ਲੱਖ 44 ਹਜ਼ਾਰ 725 ਮਹਿਲਾ ਅਤੇ 26 ਕਿੰਨਰ ਵੋਟਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੁੱਲ 1863 ਸਰਵਿਸ ਵੋਟਰ ਹਨ, ਜਿਨ੍ਹਾਂ 'ਚ 1768 ਪੁਰਸ਼ ਤੇ 95 ਮਹਿਲਾ ਵੋਟਰ ਸ਼ਾਮਲ ਹਨ। ਚੋਣਾਂ ਲਈ 929 ਈ. ਵੀ. ਐਮਜ਼ ਅਤੇ ਵੀ.ਵੀ .ਪੈਟ ਦੀ ਵਰਤੋਂ ਹੋਵੇਗੀ। ਜਦਕਿ ਜਿਲ੍ਹੇ 'ਚ 12842 ਪਹਿਲੀ ਵਾਰ ਬਣੇ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਖਰੜ ਅਤੇ ਮੁਹਾਲੀ ਦੀਆਂ ਵੋਟਾਂ ਦੀ ਗਿਣਤੀ 23 ਮਈ ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਅਤੇ ਲੋਕ ਸਭਾ ਹਲਕਾ ਪਟਿਆਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ 'ਚ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ 8 'ਸਖੀ' ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿੱਥੇ ਕੇਵਲ ਮਹਿਲਾ ਵੋਟਰ ਆਪਣੀ ਵੋਟ ਪਾ ਸਕਣਗੀਆਂ ਅਤੇ ਸਖੀ ਪੋਲਿੰਗ ਬੂਥ 'ਤੇ ਸਾਰਾ ਸਟਾਫ਼ ਔਰਤਾਂ ਦਾ ਹੋਵੇਗਾ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਮਹਿਲਾ ਪੁਲਸ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ 'ਚ 93 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਹੈ ਕਿ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਲਈ ਬੂਥਾਂ 'ਤੇ ਕ੍ਰੈੱਚ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਵਾਰ ਦਿਵਿਆਂਗ ਵੋਟਰਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਦਿਵਿਆਂਗ ਵੋਟਰਾਂ ਲਈ ਹਰੇਕ ਪੋਲਿੰਗ ਬੂਥ 'ਤੇ ਰੈਂਪ ਅਤੇ ਵੀਲ੍ਹ ਚੇਅਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਣ ਅਤੇ ਛੱਡਣ ਲਈ ਮੁਫ਼ਤ ਆਵਾਜਾਈ ਦੀ ਸਹੂਲਤ ਵੀ ਦਿੱਤੀ ਜਾਵੇਗੀ ਅਤੇ ਪੋਲਿੰਗ ਬੂਥਾਂ 'ਤੇ ਉਨ੍ਹਾਂ ਦੀ ਸਹਾਇਤਾ ਲਈ ਵਾਲੰਟੀਅਰ ਵੀ ਲਾਏ ਗਏ ਹਨ।
ਲੋਕ ਸਭਾ ਲਈ ਆਖਰੀ ਗੇੜ ਦੀ ਪੋਲਿੰਗ ਅੱਜ (ਪੜ੍ਹੋ 19 ਮਈ ਦੀਆਂ ਖਾਸ ਖਬਰਾਂ)
NEXT STORY