ਅੰਮ੍ਰਿਤਸਰ, ( ਜ. ਬ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 29 ਨਵੰਬਰ ਨੂੰ ਹੋਏ ਸਾਲਾਨਾ ਜਨਰਲ ਇਜਲਾਸ ਸਮੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਲਿਫਾਫੇ ਰਾਹੀਂ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਕਰ ਕੇ ਜਿਥੇ ਸਿਆਸੀ ਵਿਰੋਧੀਆਂ ਨੂੰ ਖੁੱਡੇ ਲਾਉਣ ਲਈ ਨਵੀਂ ਚਾਲ ਚੱਲੀ ਗਈ ਹੈ, ਉਥੇ ਇਹ ਚਾਲ ਉਸ ਵੇਲੇ ਪੁੱਠੀ ਪੈ ਗਈ ਜਦੋਂ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਰਸਾ ਵਾਲੇ ਸੌਦਾ ਸਾਧ ਦਾ ਚੇਲਾ ਹੋਣ ਦੀ ਚਰਚਾ ਸ਼ੁਰੂ ਹੋ ਗਈ। ਇਸੇ ਤਰ੍ਹਾਂ ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਇਕ ਹੋਰ ਨਵਾਂ ਸੱਪ ਕੱਢਦਿਆਂ ਲੌਂਗੋਵਾਲ ਵੱਲੋਂ ਗੁਰੂ ਘਰ ਦੀ ਜਾਇਦਾਦ ਨਾਲ ਹੇਰਾਫੇਰੀ ਤੇ 420 ਕਰਨ ਦਾ ਦੋਸ਼ ਲਾਇਆ ਹੈ। ਸਿਰਸਾ ਨੇ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ 'ਤੇ ਸੌਦਾ ਸਾਧ ਦਾ ਚੇਲਾ ਹੋਣ ਦੇ ਦੋਸ਼ ਲੱਗਣ ਦੇ ਨਾਲ-ਨਾਲ ਉਸ ਵੱਲੋਂ 2004 ਵਿਚ ਭਾਈ ਮਨੀ ਸਿੰਘ ਸ਼ਹੀਦ ਦੇ ਗੁਰਦੁਆਰੇ (ਕੈਬੋਵਾਲ) ਦੇ ਨਾਂ 4 ਏਕੜ ਜ਼ਮੀਨ ਜੋ ਕਿਸੇ ਦਾਨੀ ਸੱਜਣ ਨੇ ਕਰਵਾਈ ਸੀ, ਦਾ ਮਾਲ ਵਿਭਾਗ ਦੇ ਖਾਨਾ ਮਾਲਕੀ ਵਿਚ ਮੁਆਫੀਨਾਮਾ ਲਿਖਿਆ ਹੋਇਆ ਹੈ। ਭਾਵ ਇਸ ਜ਼ਮੀਨ ਦਾ ਕਾਨੂੰਨੀ ਤੌਰ 'ਤੇ ਨਾ ਕੋਈ ਤਬਾਦਲਾ ਕਰ ਸਕਦਾ ਹੈ ਤੇ ਨਾ ਹੀ ਵੇਚ ਸਕਦਾ ਹੈ। ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਾਜ਼ਿਸ਼ ਤਹਿਤ ਇਸ ਨੂੰ ਹੜੱਪਣ ਦੀ ਨੀਅਤ ਨਾਲ ਆਪਣਾ ਰਾਜਨੀਤਕ ਰਸੂਖ ਵਰਤ ਕੇ ਗੁਰਦੁਆਰੇ ਚੁੱਲ੍ਹੇ (ਲੋਹ ਲੰਗਰ) ਬਾਬਾ ਆਲਾ ਸਿੰਘ ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੈ, ਦਾ ਤਬਾਦਲਾ ਕਰਨ ਦੀ ਸਾਜ਼ਿਸ਼ ਰਚੀ। ਇਸ ਗੁਰਦੁਆਰੇ ਦੇ ਨਾਂ ਸਾਢੇ ਚਾਰ ਏਕੜ (36 ਕਨਾਲ) ਜ਼ਮੀਨ ਹੈ। ਲੌਂਗੋਵਾਲ ਸ਼ਹਿਰ ਵਿਚ ਕਮਰਸ਼ੀਅਲ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਮੁਖਤਿਆਰ-ਏ-ਆਮ ਵੱਲੋਂ ਆਪਣੀ ਲਿਖਤੀ ਰਿਪੋਰਟ ਵਿਚ ਇਸ ਜ਼ਮੀਨ ਦੀ ਮਾਰਕੀਟ ਕੀਮਤ 1 ਏਕੜ ਦੀ 1 ਕਰੋੜ ਰੁਪਏ ਦੱਸੀ ਗਈ ਹੈ ਅਤੇ ਭਾਈ ਮਨੀ ਸਿੰਘ ਗੁਰਦੁਆਰੇ ਵਾਲੀ ਜ਼ਮੀਨ ਦੀ ਕੀਮਤ 10 ਲੱਖ ਰੁਪਏ ਪ੍ਰਤੀ ਏਕੜ ਦੱਸੀ ਹੈ ਕਿਉਂਕਿ ਇਹ ਸ਼ਹਿਰ ਤੋਂ 10 ਕਿਲੋਮੀਟਰ ਦੂਰੀ 'ਤੇ ਹੈ। ਭਾਈ ਮਨੀ ਸਿੰਘ ਗੁਰਦੁਆਰੇ ਵਾਲੀ ਜ਼ਮੀਨ ਦਾ ਪ੍ਰਬੰਧ ਗੋਬਿੰਦ ਸਿੰਘ ਲੌਂਗੋਵਾਲ ਕੋਲ ਹੈ, ਜਿਸ ਨੇ ਇਸ ਜ਼ਮੀਨ ਨੂੰ ਹੜੱਪਣ ਦੀ ਨੀਅਤ ਨਾਲ ਕਾਨੂੰਨ ਦਾ ਆਸਰਾ ਲੈਂਦਿਆਂ ਜ਼ਮੀਨ ਦਾ ਤਬਾਦਲਾ ਕਰ ਲਿਆ, ਜਿਸ ਨਾਲ ਕਰੀਬ 4 ਕਰੋੜ ਦਾ ਚੂਨਾ ਲਾਉਣ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਕੇਸ ਨੂੰ ਲੈ ਕੇ ਭਾਨ ਸਿੰਘ ਭੌਰਾ ਨਾਮੀ ਵਿਅਕਤੀ ਨੇ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤੇ ਘਪਲੇ ਦੇ ਕੇਸ ਦੀ ਪਟੀਸ਼ਨ ਨੰਬਰ 43 ਮਿਤੀ 30 ਨਵੰਬਰ 2005 ਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਅੰਮ੍ਰਿਤਸਰ ਵਿਚ ਆਪਣੇ ਵਕੀਲ ਮਨਿੰਦਰ ਸਿੰਘ ਰੰਧਾਵਾ ਰਾਹੀਂ ਪਾਈ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਗੁਰੂ ਘਰ ਦੀ ਜਾਇਦਾਦ ਨਾਲ ਖਿਲਵਾੜ ਕਰਨ ਵਾਲੇ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਖਿਲਾਫ ਹੇਰਾਫੇਰੀ ਤੇ ਅਮਾਨਤ ਵਿਚ ਖਿਆਨਤ ਕਰਨ ਦਾ ਪਰਚਾ ਦਰਜ ਕੀਤਾ ਜਾਂਦਾ ਪਰ ਬਲਿਹਾਰੇ ਜਾਈਏ ਬਾਦਲ ਪਰਿਵਾਰ ਨੇ, ਜਿਨ੍ਹਾਂ ਨੇ ਇਕ ਭ੍ਰਿਸ਼ਟ ਤੇ ਸੌਦਾ ਸਾਧ ਦੇ ਚੇਲੇ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਅਜਿਹੇ ਘਪਲੇ ਕਰਨ ਦਾ ਲਾਇਸੈਂਸ ਦੇ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਇਸ ਪਟੀਸ਼ਨ ਦਾ ਕੀ ਬਣੇਗਾ ਉਸ ਬਾਰੇ ਸਾਰੀ ਸਿੱਖ ਕੌਮ ਭਲੀਭਾਂਤ ਜਾਣਦੀ ਹੈ।
ਬੈਂਸ ਦੇ ਸਟਿੰਗ ਆਪ੍ਰੇਸ਼ਨ ਨਾਲ ਖੁੱਲ੍ਹੀ ਬਿਲਡਿੰਗ ਬ੍ਰਾਂਚ ਦੇ ਭ੍ਰਿਸ਼ਟਾਚਾਰ ਦੀ ਪੋਲ
NEXT STORY