ਸੰਗਰੂਰ - ਅਗਲੇ ਸਾਲ ਲੋਕ ਸਭਾ ਚੋਣਾਂ ਦੇ ਲਿਹਾਜ ਨਾਲ ਸਿਆਸਤ ਸ਼ੁਰੂ ਹੋ ਜਾਵੇਗੀ। ਜਗ ਬਾਣੀ ਦੇ ਪ੍ਰਤੀਨਿਧੀ ਨਰੇਸ਼ ਕੁਮਾਰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੀ 2014 ਦੀ ਸਥਿਤੀ ਦਾ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਦੇ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਕੇ ਦੱਸਣਗੇ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਿਸ ਸੀਟ 'ਤੇ ਕੀ ਸਥਿਤੀ ਬਣਦੀ ਹੈ ਅਤੇ ਮੌਜੂਦਾ ਸੰਸਦ ਮੈਂਬਰ ਦਾ ਸੰਸਦ ਵਿਚ ਪ੍ਰਦਰਸ਼ਨ ਕਿਹੋ ਜਿਹਾ ਹੈ। ਅੱਜ ਸਭ ਤੋਂ ਪਹਿਲਾਂ ਦੱਸਦੇ ਹਾਂ ਸੰਗਰੂਰ ਲੋਕ ਸਭਾ ਸੀਟ ਦਾ ਹਾਲ।
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦੇ ਹੋਏ 4 ਸੀਟਾਂ ਜਿੱਤ ਲਈਆਂ ਸਨ। ਪਾਰਟੀ ਦੀ ਸਭ ਤੋਂ ਵੱਡੀ ਜਿੱਤ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਸੀ, ਜਿਥੇ ਭਗਵੰਤ ਮਾਨ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਹ ਸੂਬੇ ਵਿਚ ਲੋਕ ਸਭਾ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਸੀ। ਪਿਛਲੇ ਸਾਢੇ 3 ਸਾਲ 'ਚ ਸਤਲੁਜ 'ਚ ਕਾਫੀ ਪਾਣੀ ਵਹਿ ਚੁੱਕਾ ਹੈ ਅਤੇ ਸੰਗਰੂਰ ਦੇ ਸਿਆਸੀ ਹਾਲਾਤ ਵੀ ਬਦਲ ਚੁੱਕੇ ਹਨ। ਅਜਿਹੇ 'ਚ ਭਗਵੰਤ ਮਾਨ ਲਈ ਸੰਗਰੂਰ ਦੀ ਲੜਾਈ ਇੰਨੀ ਆਸਾਨ ਨਹੀਂ ਰਹਿ ਗਈ ਹੈ। ਅਸੀਂ ਤੁਹਾਨੂੰ ਤੱਥਾਂ ਦੇ ਆਧਾਰ 'ਤੇ ਦੱਸਦੇ ਹਾਂ ਕਿ ਸੰਗਰੂਰ 'ਚ ਭਗਵੰਤ ਮਾਨ ਦਾ ਸਿਆਸੀ ਗਣਿਤ ਕਿਸ ਤਰ੍ਹਾਂ ਵਿਗੜ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਤਹਿਤ ਆਉਂਦੀਆਂ ਵਿਧਾਨ ਸਭਾ ਦੀਆਂ 9 'ਚੋਂ 8 ਸੀਟਾਂ 'ਤੇ ਕਬਜ਼ਾ ਕੀਤਾ ਸੀ ਪਰ 2017 ਦੀਆਂ ਚੋਣਾਂ ਆਉਂਦੇ-ਆਉਂਦੇ ਭਗਵੰਤ ਮਾਨ ਦੀ ਇਹ ਬੜ੍ਹਤ 5 ਸੀਟਾਂ 'ਤੇ ਸਿਮਟ ਗਈ ਹੈ। ਭਗਵੰਤ ਮਾਨ ਨੇ 2014 ਦੀਆਂ ਚੋਣਾਂ ਵਿਚ ਇਸ ਸੀਟ 'ਤੇ 5,33,237 ਵੋਟਾਂ ਹਾਸਲ ਕੀਤੀਆਂ ਸਨ ਪਰ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਦੀਆਂ 9 ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਨੂੰ 4,07,259 ਵੋਟਾਂ ਹਾਸਲ ਹੋਈਆਂ ਹਨ। ਭਾਵ ਪਾਰਟੀ ਨੇ ਪਿਛਲੇ 3 ਸਾਲਾਂ 'ਚ ਹੀ ਇਸ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਤੇ 1,25,978 ਵੋਟ ਗਵਾ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 2014 'ਚ ਇਸ ਸੀਟ 'ਤੇ ਸਿਰਫ 1,81,410 ਵੋਟਾਂ ਹਾਸਿਲ ਹੋਈਆਂ ਸਨ ਪਰ 2017 'ਚ ਪਾਰਟੀ ਨੂੰ 3,87,158 ਵੋਟਾਂ ਹਾਸਿਲ ਹੋਈਆਂ, ਭਾਵ ਕਾਂਗਰਸ ਨੂੰ ਇਸ ਸੀਟ 'ਤੇ 2,05,748 ਵੋਟਾਂ ਦਾ ਫਾਇਦਾ ਹੋਇਆ। ਅਕਾਲੀ ਦਲ ਵੀ ਵਿਧਾਨਸਭਾ ਚੋਣਾਂ ਦੌਰਾਨ ਹਾਲਾਂਕਿ ਸੀਟਾਂ ਦੇ ਲਿਹਾਜ ਨਾਲ ਜ਼ਿਆਦਾ ਸਫਲ ਨਹੀਂ ਰਿਹਾ ਅਤੇ ਲਹਿਰਾ ਸੀਟ 'ਤੇ ਹੀ ਜਿੱਤ ਹਾਸਿਲ ਕਰ ਸਕਿਆ ਪਰ ਸੰਗਰੂਰ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ ਵਿਧਾਨ ਸਭਾ ਸੀਟਾਂ 'ਤੇ ਅਕਾਲੀ ਦਲ ਨੂੰ 2014 ਦੇ ਮੁਕਾਬਲੇ 38,629 ਵੋਟਾਂ ਦਾ ਫਾਇਦਾ ਹੋਇਆ ਹੈ। ਅਕਾਲੀ ਦਲ ਨੂੰ 2014 'ਚ ਇਸ ਸੀਟ 'ਤੇ 3,21,516 ਵੋਟਾਂ ਹਾਸਿਲ ਹੋਈਆਂ ਸਨ, ਜੋ ਇਸ ਸਾਲ ਵਧ ਕੇ 3,60,145 ਹੋ ਗਈਆਂ ਸਨ।
ਨਗਰ ਪ੍ਰੀਸ਼ਦ ਚੋਣਾਂ 'ਚ ਵੀ ਜਿੱਤੀ ਕਾਂਗਰਸ
ਇਸ ਮਹੀਨੇ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਨੇ ਸੰਗਰੂਰ ਦੀਆਂ ਜ਼ਿਆਦਾਤਰ ਨਗਰ ਪ੍ਰੀਸ਼ਦਾਂ 'ਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਸੀਟਾਂ 'ਤੇ ਅਕਾਲੀ ਦਲ ਦੂਜੇ ਨੰਬਰ 'ਤੇ ਰਿਹਾ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ 'ਤੇ ਚਲੀ ਗਈ।
ਭਗਵੰਤ ਮਾਨ ਦਾ ਜਲਾਲਾਬਾਦ ਤੋਂ ਚੋਣ ਲੜਨ ਨਾਲ ਨੁਕਸਾਨ
ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਸੀ ਪਰ ਵਿਧਾਨ ਸਭਾ ਚੋਣਾਂ ਆਈਆਂ ਤਾਂ ਉਹ ਆਪਣੀ ਸੀਟ ਛੱਡ ਕੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਨੂੰ ਟੱਕਰ ਦੇਣ ਲਈ ਜਲਾਲਾਬਾਦ ਜਾ ਪਹੁੰਚੇ। ਭਗਵੰਤ ਮਾਨ ਦੇ ਆਪਣਾ ਹਲਕਾ ਛੱਡਣ ਦਾ ਸੰਗਰੂਰ ਦੇ ਲੋਕਾਂ ਵਿਚ ਨਕਾਰਾਤਮਕ ਸੁਨੇਹਾ ਗਿਆ ਅਤੇ ਆਪਣੇ ਹੀ ਘਰ ਸੰਗਰੂਰ ਵਿਚ ਭਗਵੰਤ ਮਾਨ ਨੇ ਆਪਣੀ ਪਕੜ ਗੁਆ ਦਿੱਤੀ। ਵਿਧਾਨ ਸਭਾ ਚੋਣਾਂ ਦੌਰਾਨ ਗੁਆਈ ਹੋਈ ਪਕੜ ਨੂੰ ਭਗਵੰਤ ਮਾਨ ਫਿਰ ਤੋਂ ਹਾਸਲ ਨਹੀਂ ਕਰ ਸਕੇ ਹਨ। ਭਗਵੰਤ ਮਾਨ ਨਾ ਜਲਾਲਾਬਾਦ ਦੀ ਚੋਣ ਜਿੱਤ ਸਕੇ ਅਤੇ ਨਾ ਹੀ ਆਪਣੇ ਹਲਕੇ ਦੇ ਲੋਕਾਂ ਵਿਚ ਉਨ੍ਹਾਂ ਦਾ ਵਿਸ਼ਵਾਸ ਬਹਾਲ ਹੋ ਸਕਿਆ।
ਭਗਵੰਤ ਮਾਨ ਲਈ ਮਿਲੇ ਫੰਡ ਦਾ ਬਿਓਰਾ
ਕੁੱਲ ਜਾਰੀ ਫੰਡ 15 ਕਰੋੜ
ਵਿਆਜ ਸਮੇਤ ਕੁਲ ਫੰਡ 15.86 ਕਰੋੜ
ਖਰਚ ਹੋਇਆ ਫੰਡ 11.08 ਕਰੋੜ
ਬਚਿਆ ਹੋਇਆ ਫੰਡ 4.58 ਕਰੋੜ
ਕੁਲ ਫੰਡ ਦੀ ਵਰਤੋਂ 73.88 ਫੀਸਦੀ
ਸੰਸਦ 'ਚ ਇੰਝ ਡਿੱਗੀ ਭਗਵੰਤ ਮਾਨ ਦੀ ਹਾਜ਼ਰੀ
ਪਹਿਲਾ ਸੈਸ਼ਨ 83%
ਦੂਜਾ ਸੈਸ਼ਨ 67%
ਤੀਜਾ ਸੈਸ਼ਨ 95%
ਚੌਥਾ ਸੈਸ਼ਨ 71%
ਪੰਜਵਾਂ ਸੈਸ਼ਨ 65%
ਛੇਵਾਂ ਸੈਸ਼ਨ 60%
ਸੱਤਵਾਂ ਸੈਸ਼ਨ 38%
ਅੱਠਵਾਂ ਸੈਸ਼ਨ 62%
ਨੌਵਾਂ ਸੈਸ਼ਨ 20%
ਦਸਵਾਂ ਸੈਸ਼ਨ 00%
11ਵਾਂ ਸੈਸ਼ਨ 21%
12ਵਾਂ ਸੈਸ਼ਨ 74%
ਸੜਕ ਹਾਦਸੇ 'ਚ ਜ਼ਖਮੀ ਹੋਏ ਫੌਜੀ ਦੀ ਮੌਤ
NEXT STORY