ਬਠਿੰਡਾ ( ਕੁਨਾਲ ਬਾਂਸਲ,ਪਰਮਿੰਦਰ): 31 ਜਨਵਰੀ 2017 ਨੂੰ ਵਾਪਰੇ ਮੌਡ਼ ਬੰਬ ਬਲਾਸਟ ਮਾਮਲੇ ’ਚ ਪੁਲਸ ਵੱਲੋਂ ਡੇਰਾ ਪ੍ਰੇਮੀ ਮੁਲਜ਼ਮਾਂ ਦੇ ਇਸ਼ਤਿਹਾਰ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਦਾਲਤ ਨੇ ਭਗੌਡ਼ਾ ਕਰਾਰ ਦਿੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2017 ਤੋਂ ਇਕ ਦਿਨ ਪਹਿਲਾਂ 31 ਜਨਵਰੀ 2017 ਨੂੰ ਮੌਡ਼ ਮੰਡੀ ’ਚ ਸ਼ਾਮ ਨੂੰ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਇਕ ਇਕੱਠ ਨੂੰ ਸੰਬੋਧਨ ਕਰ ਕੇ ਚੱਲੇ ਹੀ ਸਨ ਕਿ ਨੇਡ਼ੇ ਹੀ ਇਕ ਕਾਰ ’ਚ ਬੰਬ ਧਮਾਕਾ ਹੋ ਗਿਆ। ਧਮਾਕੇ ’ਚ 7 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 23 ਹੋਰ ਗੰਭੀਰ ਜ਼ਖਮੀ ਹੋਏ ਸਨ। ਇਸ ਸਬੰਧੀ ਥਾਣਾ ਮੌਡ਼ ਮੰਡੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਸ ਮਾਮਲੇ ’ਚ ਪਹਿਲੀ ਜਾਂਚ ਟੀਮ ਡੇਰਾ ਸੱਚਾ ਸੌਦਾ ਸਿਰਸਾ ਤੱਕ ਪਹੁੰਚ ਗਈ ਸੀ ਕਿਉਂਕਿ ਪੁਲਸ ਸੂਤਰਾਂ ਅਨੁਸਾਰ ਧਮਾਕੇ ’ਚ ਵਰਤੀ ਗਈ ਕਾਰ ਡੇਰਾ ਸਿਰਸਾ ਵਿਖੇ ਤਿਆਰ ਹੋਈ ਸੀ। ਇਸ ਲਈ ਪੁਲਸ ਨੇ ਡੇਰੇ ਦੀ ਕਾਰ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਵਾਸੀ ਆਲੀਕੇ ਜ਼ਿਲਾ ਸਿਰਸਾ, ਸਕਿਓਰਿਟੀ ਗਾਰਡ ਅਮਰੀਕ ਸਿੰਘ ਵਾਸੀ ਬਾਦਲਗਡ਼੍ਹ ਜ਼ਿਲਾ ਸੰਗਰੂਰ ਅਤੇ ਅਵਤਾਰ ਸਿੰਘ ਵਾਸੀ ਭੈਂਸੀ ਮਾਜਰਾ ਜ਼ਿਲਾ ਕੁਰੂਕਸ਼ੇਤਰ ਨੂੰ ਉਕਤ ਮੁਕੱਦਮੇ ’ਚ ਨਾਮਜ਼ਦ ਕਰ ਲਿਆ ਸੀ। ਪਹਿਲੀ ਜਾਂਚ ਕਮੇਟੀ ਨੇ ਉਕਤ ਦੀ ਗ੍ਰਿਫ਼ਤਾਰੀ ਲਈ ਕਾਫੀ ਮਸ਼ੱਕਤ ਕੀਤੀ ਪਰ ਸਫਲਤਾ ਨਹੀਂ ਮਿਲ ਸਕੀ, ਜੋ ਕਿ ਇਕਦਮ ਗਾਇਬ ਹੀ ਹੋ ਗਏ। ਜਿਨ੍ਹਾਂ ਨੂੰ ਪੁਲਸ ਵੀ ਭਗੌਡ਼ੇ ਕਰਾਰ ਦੇ ਚੁੱਕੀ ਹੈ।
ਹੁਣ ਨਵੀਂ ਜਾਂਚ ਕਮੇਟੀ ਵੱਲੋਂ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ’ਚ ਉਕਤ ਤਿੰਨੋਂ ਮੁਲਜ਼ਮਾਂ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ ਅਤੇ ਪੁਲਸ ਨੇ ਆਮ ਲੋਕਾਂ ਦੀ ਮਦਦ ਮੰਗੀ ਹੈ ਤਾਂ ਜੋ ਇਨ੍ਹਾਂ ਬਾਰੇ ਕੋਈ ਜਾਣਕਾਰੀ ਮਿਲ ਸਕੇ ਕਿਉਂਕਿ ਪੁਲਸ ਤਿੰਨ ਸਾਲਾਂ ’ਚ ਵੀ ਇਨ੍ਹਾਂ ਤੱਕ ਨਹੀਂ ਪਹੁੰਚ ਸਕੀ ਹੈ। ਇਹ ਜ਼ਿੰਦਾ ਹਨ ਜਾਂ ਮਾਰ ਗਏ ਆਦਿ ਕੋਈ ਵੀ ਸੁਰਾਗ ਪੁਲਸ ਨੂੰ ਨਹੀਂ ਮਿਲ ਸਕਿਆ। ਇਸ ਲਈ ਪੁਲਸ ਨੇ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ। ਇਸ਼ਤਿਹਾਰ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਡਾ. ਨਾਨਕ ਸਿੰਘ ਐੱਸ. ਐੱਸ. ਪੀ. ਨੇ ਕਿਹਾ ਕਿ ਜਾਂਚ ਦਾ ਕੰਮ ਤੇਜ਼ ਕੀਤਾ ਗਿਆ ਹੈ। ਜਲਦੀ ਹੀ ਸਿੱਟਾ ਨਿਕਲਣ ਦੀ ਉਮੀਦ ਹੈ।
ਹਰਸਿਮਰਤ ਬਾਦਲ ਦਾ ਵਿਵਾਦਤ ਬਿਆਨ, ਕਿਹਾ- ਕੈਪਟਨ ਨੇ ਮਰਨ ਤੱਕ ਕਿਸੇ ਨੂੰ ਕੁੱਝ ਨਹੀਂ ਦੇਣਾ
NEXT STORY