ਤਰਨਤਾਰਨ, (ਆਹਲੂਵਾਲੀਆ)- ਨੈਸ਼ਨਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਤਰਨਤਾਰਨ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ ਵਿਚ ਅੱਜ ਤਰਨਤਾਰਨ ਜ਼ਿਲੇ ਵਿਚ ਪ੍ਰਾਈਵੇਟ ਹਸਪਤਾਲ ਤੇ ਮੈਡੀਕਲ ਸਟੋਰ ਬੰਦ ਕੀਤੇ ਗਏ ਅਤੇ ਸਿਰਫ ਐਮਰਜੈਂਸੀ ਮਰੀਜ਼ਾਂ ਦਾ ਹੀ ਇਲਾਜ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਨੇ ਦੱਸਿਅਾ ਕਿ ਸਰਕਾਰੀ ਹਸਪਤਾਲਾਂ ਵਿਚ ਵੀ ਦੋ ਘੰਟੇ ਵਾਸਤੇ ਕੰਮ ਕਾਜ ਠੱਪ ਰਿਹਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਗਰੀਬ ਵਿਰੋਧੀ ਹੈ।
ਇਸ ਬਿੱਲ ਦੇ ਪਾਸ ਹੋਣ ਨਾਲ ਮੈਡੀਕਲ ਸਿੱਖਿਆ ਦਾ ਮਿਆਰ ਡਿੱਗੇਗਾ ਅਤੇ ਇਹ ਸਿੱਖਿਆ ਇੰਨੀ ਮਹਿੰਗੀ ਹੋ ਜਾਵੇਗੀ ਕਿ ਗਰੀਬ ਅਤੇ ਹੁਸ਼ਿਆਰ ਵਿਦਿਆਰਥੀ ਦਾਖਲਾ ਨਹੀਂ ਲੈ ਸਕਣਗੇ ਕਿਉਂਕਿ ਸਰਕਾਰ ਇਸ ਕਮਿਸ਼ਨ ਰਾਹੀਂ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਮਨ ਚਾਹੀਆਂ ਫੀਸਾਂ ਲੈਣ ਦੀ ਖੁੱਲ੍ਹ ਦੇ ਦੇਵੇਗੀ। ਇਸ ਤਰ੍ਹਾਂ ਅਮੀਰ ਨਾਲਾਇਕ ਵਿਦਿਆਰਥੀ ਇਹ ਸੀਟਾਂ ਖਰੀਦਣਗੇ ਅਤੇ ਲੋਕ ਇਲਾਜ ਵਾਸਤੇ ਚੰਗੇ ਡਾਕਟਰਾਂ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਊਂਸਲ ਆਫ ਇੰਡੀਆ ਦੀ ਜਗ੍ਹਾ ਇਸ ਕਮਿਸ਼ਨ ਰਾਹੀਂ ਸਰਕਾਰ ਇਸ ਅਦਾਰੇ ਨੂੰ ਆਟੋਨਾਮਸ ਨਾ ਰੱਖ ਕੇ ਆਪਣਾ ਗਲਬਾ ਕਾਇਮ ਕਰੇਗੀ ਅਤੇ ਕਮਿਸ਼ਨ ਵਿਚ ਨਾਮਜ਼ਦ ਮੈਂਬਰਾਂ ਰਾਹੀਂ ਨਿਯਮਾਂ ਨੂੰ ਅਣਗੌਲਿਆ ਕਰਕੇ ਲੋਕਾਂ ਨੂੰ ਮਾਡ਼ੇ ਡਾਕਟਰਾਂ ਦੇ ਰਹਿਮੋ ਕਰਮ ’ਤੇ ਛੱਡ ਦੇਵੇਗੀ। ਐਸੋਸੀਏਸ਼ਨ ਨੇ ਸਿਵਲ ਸਰਜਨ ਤਰਨਤਾਰਨ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਬਿੱਲ ’ਚ ਲੋਡ਼ੀਂਦੀਆਂ ਸੋਧਾਂ ਕਰਨ ਦੀ ਅਪੀਲ ਕੀਤੀ ਹੈ। ਇਸ ਸਮੇਂ ਡਾ. ਕਰਨਜੀਤ ਸਿੰਘ, ਡਾ. ਸੁਰਿੰਦਰ ਸਿੰਘ ਕੈਂਥ, ਡਾ. ਦਿਨੇਸ਼ ਗੁਪਤਾ, ਡਾ. ਕਮਲਜੀਤ ਕੌਰ ਕੋਛਰ, ਡਾ. ਹਰੀਪਾਲ ਕੌਰ ਧਾਲੀਵਾਲ, ਡਾ. ਮੋਨਿਕਾ ਗੁਪਤਾ, ਡਾ. ਸਮਰਿਤੀ ਅਹੂਜਾ, ਡਾ. ਹਰਦੀਪ ਕੌਰ, ਡਾ. ਸਪਨਾ, ਡਾ. ਸਤਵਿੰਦਰ ਭਗਤ, ਡਾ. ਰਮਨਦੀਪ ਸਿੰਘ ਪੱਡਾ, ਡਾ. ਸੁਦਰਸ਼ਨ ਚੌਧਰੀ, ਡਾ. ਵਰੁਣ ਗੁਪਤਾ, ਡਾ. ਮਨਮੋਹਨ ਸਿੰਘ ਆਦਿ ਹਾਜ਼ਰ ਸਨ।
ਮੀਂਹ ਕਾਰਨ ਡੇਢ ਸੌ ਏਕਡ਼ ਝੋਨੇ ਦੀ ਫਸਲ ਬਰਬਾਦ
NEXT STORY