ਜਲੰਧਰ (ਮਹੇਸ਼)-ਇੰਗਲੈਂਡ ਵਿਚ ਸਲੋਹ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਪਹਿਲੀ ਵਾਰ ਆਪਣੇ ਪਿੰਡ ਰਾਏਪੁਰ ਪ੍ਰੌਹਲਾ ਵਿਚ ਪਹੁੰਚੇ, ਜਿਥੇ ਉਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਨੇ ਅਥਾਹ ਪਿਆਰ ਤੇ ਸਨਮਾਨ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਵਿਚ ਵੀ ਪ੍ਰਿੰਸੀਪਲ ਤਾਰਾ ਸਿੰਘ ਅਤੇ ਸਮੂਹ ਸਟਾਫ ਨੇ ਉਨ੍ਹਾਂ ਦੇ ਸਨਮਾਨ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ। ਇਸ ਦੌਰਾਨ ਸੰਸਦ ਮੈਂਬਰ ਢੇਸੀ ਨਾਲ ਦਾਦਾ ਸਰਵਣ ਸਿੰਘ ਢੇਸੀ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਤੇ ਇੰਗਲੈਂਡ ਦੇ ਪ੍ਰਮੁੱਖ ਕਾਰੋਬਾਰੀ ਅਤੇ ਲੰਬਾ ਅਰਸਾ ਗਰੈਬਜੈਂਡ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਜਸਪਾਲ ਸਿੰਘ ਢੇਸੀ, ਮਾਤਾ ਦਲਵਿੰਦਰ ਕੌਰ ਢੇਸੀ ਤੇ ਚਾਚਾ ਐੱਸ. ਜੀ. ਪੀ. ਸੀ. ਮੈਂਬਰ ਪਰਮਜੀਤ ਸਿੰਘ ਰਾਏਪੁਰ, ਅਮਰੀਕ ਸਿੰਘ ਢੇਸੀ ਸਮੇਤ ਢੇਸੀ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਸਨ।
ਸਭ ਤੋਂ ਪਹਿਲਾਂ ਤਨਮਨਜੀਤ ਸਿੰਘ ਢੇਸੀ ਰਾਏਪੁਰ ਦੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿੰਡ ਵਿਚ ਆ ਕੇ ਜੋ ਸਕੂਨ ਤੇ ਪਿਆਰ ਮਿਲਦਾ ਹੈ, ਉਸ ਦੇ ਸੁਖਦਾਈ ਅਹਿਸਾਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।
ਢੇਸੀ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਦਾ ਜਨਮ ਯੂ. ਕੇ. ਵਿਚ ਸਲੋਹ ਹਲਕੇ 'ਚ ਹੋਇਆ ਪਰ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਵਿਚ ਹੀ ਹਾਸਲ ਕੀਤੀ ਹੈ। ਸੰਸਦ ਮੈਂਬਰ ਢੇਸੀ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਜਸਪਾਲ ਸਿੰਘ ਢੇਸੀ ਅਤੇ ਦਲਵਿੰਦਰ ਕੌਰ ਢੇਸੀ ਦੇ ਆਸ਼ੀਰਵਾਦ ਅਤੇ ਪ੍ਰੇਰਣਾ ਸਦਕਾ ਅੱਜ ਇੰਗਲੈਂਡ ਵਿਚ ਸਲੋਹ ਹਲਕੇ ਦੇ ਸੰਸਦ ਮੈਂਬਰ ਬਣੇ ਹਨ।
ਉਨ੍ਹਾਂ ਕਿਹਾ ਕਿ ਉਹ ਯੂ. ਕੇ. ਵਿਚ ਰਹਿੰਦੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਬਾਰੇ ਸੰਸਦ ਵਿਚ ਆਵਾਜ਼ ਉਠਾਉਣਗੇ। ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਯੋਗ ਪਾਲਿਸੀ ਬਣਾਉਣੀ ਹੋਵੇਗੀ ਤਾਂ ਹੀ ਕਿਸਾਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਵੱਧ ਤੋਂ ਵੱਧ ਯਤਨ ਕਰਨਗੇ।
ਚੰਡੀਗੜ੍ਹ ਦੇ ਵੱਡੇ ਸ਼ਾਪਿੰਗ ਮਾਲਾਂ 'ਚ ਸ਼ਾਮਲ 'ਏਲਾਂਤੇ ਮਾਲ' ਦੂਜੀ ਵਾਰ ਵਿਕਿਆ, ਇੰਝ ਹੋਇਆ ਸ਼ਹਿਰ ਦਾ ਸਭ ਤੋਂ ਵੱਡਾ ਸੌਦਾ
NEXT STORY