ਟਾਂਡਾ, (ਜਸਵਿੰਦਰ)- ਜ਼ਮੀਨ ਖਿਸਕਣ ਕਾਰਨ ਲਾਪਤਾ ਹੋਏ ਇਕ ਭਾਰਤੀ ਫੌਜ ਦੇ ਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਉਹ ਆਪਣੇ ਪੁੱਤ ਦੇ ਜ਼ਿੰਦਾ ਹੋਣ ਜਾਂ ਮਾਰੇ ਜਾਣ ਦੀ ਜਾਣਕਾਰੀ ਹਾਸਲ ਕਰਨ ਲਈ ਪਿਛਲੇ ਡੇਢ ਸਾਲ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਫੌਜ ਦੇ ਉੱਚ ਅਧਿਕਾਰੀਆਂ ਅੱਗੇ ਹਾੜੇ ਕੱਢ ਚੁੱਕੇ ਹਨ। ਪਰ ਅੱਜ ਤੱਕ ਇਸ ਬਾਬਤ ਕੋਈ ਜਾਣਕਾਰੀ ਨਾ ਮਿਲਣ ਕਾਰਨ ਲਾਪਤਾ ਫੌਜੀ ਦੀ ਪਤਨੀ ਅਤੇ ਛੋਟੇ-ਛੋਟੇ ਬੱਚਿਆਂ ਦੀਆਂ ਹਿਚਕੀਆਂ ਉਸ ਦੀ ਉਡੀਕ 'ਚ ਘਰ ਦੀ ਚਾਰਦੀਵਾਰੀ ਅੰਦਰ ਦਮ ਤੋੜਦੀਆਂ ਦਿਸ ਰਹੀਆਂ ਹਨ।
'ਜਗ ਬਾਣੀ' ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਹਲਕਾ ਟਾਂਡਾ ਦੇ ਪਿੰਡ ਦਵਾਖਰੀ ਦਾ ਰਹਿਣ ਵਾਲਾ ਬਲਵੀਰ ਸਿੰਘ ਭਾਰਤੀ ਫੌਜ ਦੀ 1444 ਬੀ. ਸੀ. ਕੰਪਨੀ ਗਿਰਫ 'ਚ ਅਰੁਣਾਚਲ ਪ੍ਰਦੇਸ਼ ਅੰਦਰ ਤਾਇਨਾਤ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਵੀਰ ਓ. ਸੀ. ਦੇਵਕੀਨੰਦਨ ਦਾ ਡਰਾਈਵਰ ਸੀ। 2016 ਦੇ ਸਤੰਬਰ ਮਹੀਨੇ ਸਾਨੂੰ ਕੰਪਨੀ ਵੱਲੋਂ ਸੂਚਿਤ ਕੀਤਾ ਗਿਆ ਕਿ ਜ਼ਮੀਨ ਖਿਸਕਣ ਕਾਰਨ ਬਲਵੀਰ ਦਾ ਐਕਸੀਡੈਂਟ ਹੋ ਗਿਆ ਹੈ।
ਅਸੀਂ ਮੌਕੇ 'ਤੇ ਪੁੱਜ ਕੇ ਬਲਵੀਰ ਨੂੰ ਲੱਭਣ ਲਈ ਫੌਜ ਦੀ ਮਦਦ ਨਾਲ 3 ਦਿਨ ਤੱਕ ਸਰਚ ਆਪ੍ਰੇਸ਼ਨ ਚਲਾਇਆ ਪਰ ਸ਼ੱਕੀ ਹਾਲਾਤ 'ਚ ਦੁਰਘਟਨਾਗ੍ਰਸਤ ਗੱਡੀ ਤੇ ਓ. ਸੀ. ਦੇਵਕੀਨੰਦਨ ਤਾਂ ਸਹੀ ਸਲਾਮਤ ਸਨ ਪਰ ਬਲਵੀਰ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਹੋਰਨਾਂ ਨੂੰ ਭੇਜੀਆਂ ਟੈਲੀਗ੍ਰਾਮਾਂ ਅਤੇ ਚਿੱਠੀਆਂ ਦੀਆਂ ਰਸੀਦਾਂ ਦਿਖਾਉਂਦਿਆਂ ਲਾਪਤਾ ਜਵਾਨ ਦੇ ਪਿਤਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਪਾਕਿਸਤਾਨ ਜਾਂ ਵਿਦੇਸ਼ 'ਚ ਫਸੇ ਲੋਕਾਂ ਦੀ ਵਤਨ ਵਾਪਸੀ ਲਈ ਸਿਰਤੋੜ ਯਤਨ ਕਰਦੀ ਹੈ ਪਰ ਉਹ ਆਪਣੇ ਇਕ ਜਵਾਨ, ਜੋ ਕਿ ਫੌਜ ਲਈ ਸੜਕਾਂ ਬਣਾਉਣ ਵਾਲੀ ਕੰਪਨੀ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ 'ਚ ਤਾਇਨਾਤ ਸੀ, ਨੂੰ ਲੱਭਣ ਲਈ ਯਤਨ ਕਿਉਂ ਨਹੀਂ ਕਰ ਰਹੀ?
ਬਲਵੀਰ ਦੀ ਪਤਨੀ ਨਾਲ ਸੀਮਾ ਨਾਲ ਜਦੋਂ ਗੱਲ ਕੀਤੀ ਤਾਂ ਉਸ ਦੀਆਂ ਅੱਖਾਂ ਦੀ ਨਮੀ ਉਸ ਦੇ ਦਰਦ ਨੂੰ ਬਿਆਨ ਕਰ ਰਹੀ ਸੀ। ਉਸ ਨੇ ਆਪਣੇ ਤਿੰਨ ਛੋਟੇ-ਛੋਟੇ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ ਦੱਸਿਆ ਕਿ ਸਾਡੇ ਪਰਿਵਾਰ ਦਾ ਜੀਵਨ ਨਿਰਬਾਹ ਉਸ ਦੇ ਪਤੀ ਆਸਰੇ ਹੈ, ਜਿਸ ਦੇ ਜ਼ਿੰਦਾ ਹੋਣ ਜਾਂ ਮਾਰੇ ਜਾਣ ਦੇ ਡਰ ਕਾਰਨ ਉਹ ਵੀ ਮੁਰਦਿਆਂ ਵਾਂਗ ਜਿਊ ਰਹੀ ਹੈ। ਉਸ ਨੇ ਕਿਹਾ ਕਿ ਇਕ ਤਾਂ ਮੇਰੇ ਸਿਰ ਦੇ ਸਾਈਂ ਦਾ ਕੋਈ ਥਹੁ-ਪਤਾ ਨਹੀਂ ਹੈ, ਉਤੋਂ ਭਾਰਤ ਸਰਕਾਰ ਨੇ ਵੀ ਸਾਡੇ ਨਾਲ ਨਾ-ਇਨਸਾਫ਼ੀ ਕਰਦਿਆਂ ਉਸ ਦੇ ਪਤੀ ਦੇ ਡਿਊਟੀ ਦੌਰਾਨ ਲਾਪਤਾ ਹੋਣ ਦੇ ਬਾਵਜੂਦ ਉਸ ਦੇ ਪਰਿਵਾਰ ਨੂੰ ਮਿਲਦੀ ਤਨਖਾਹ ਵੀ ਬੰਦ ਕਰ ਦਿੱਤੀ ਹੈ। ਲਾਪਤਾ ਫੌਜੀ ਬਲਵੀਰ ਸਿੰਘ ਦੇ ਪਿਤਾ ਨੇ ਇਸ ਮਾਮਲੇ ਨੂੰ ਸ਼ੱਕੀ ਦੱਸਦਿਆਂ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਪੁਲਸ ਦੇ ਨੱਕ ਹੇਠਾਂ ਚੋਰਾਂ ਨੇ ਦੋ ਦੁਕਾਨਾਂ 'ਚ ਬੋਲਿਆ ਹੱਲਾ
NEXT STORY