ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਰਾਕ ਵਿਚ ਲਾਪਤਾ ਹੋਏ 39 ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੀ ਵੀ ਹਾਲਤ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਭਾਰਤ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਲਾਪਤਾ ਹੋਏ ਭਾਰਤੀ ਇਰਾਕ ਦੇ ਬਾਦੁਸ਼ ਵਿਖੇ ਜੇਲ ਵਿਚ ਬੰਦ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੂੰ ਉਥੋਂ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਬਾਦੁਸ਼ ਵਿਖੇ ਅਜੇ ਵੀ ਲੜਾਈ ਚੱਲ ਰਹੀ ਹੈ।
ਇਸ ਦੌਰਾਨ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ਦੀ ਫੌਜ ਵੱਲੋਂ ਮੋਸੂਲ 'ਚੋਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੂੰ ਖਦੇੜੇ ਜਾਣ ਵਾਲੇ ਦਿਨ ਹੀ ਉਨ੍ਹਾਂ ਨੇ ਵੀ. ਕੇ. ਸਿੰਘ ਨੂੰ ਇਰਬਿਲ ਜਾਣ ਲਈ ਕਿਹਾ ਸੀ। ਲਾਪਤਾ ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਸੁਸ਼ਮਾ ਸਵਰਾਜ ਦੇ ਨਾਲ ਐੱਮ. ਜੇ. ਅਕਬਰ, ਵੀ. ਕੇ. ਸਿੰਘ ਵੀ ਮੌਜੂਦ ਹਨ। ਇੱਥੇ ਦੱਸ ਦੇਈਏ ਕਿ ਇਹ ਭਾਰਤੀ ਸਾਲ 2014 ਤੋਂ ਇਰਾਕ ਵਿਚ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਆਈ. ਐੱਸ. ਆਈ. ਐੱਸ. ਨੇ ਅਗਵਾ ਕੀਤਾ ਸੀ। ਭਾਰਤੀ ਦੇ ਲਾਪਤਾ ਹੋਣ ਤੋਂ ਬਾਅਦ ਹੀ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਪਰਿਵਾਰਾਂ ਨੂੰ ਉਮੀਦ ਹੈ ਕਿ ਮੋਸੂਲ ਵਿਚ ਅੱਤਵਾਦੀਆਂ ਦੇ ਕਬਜ਼ੇ 'ਚੋਂ ਛੁਡਵਾਏ ਗਏ ਲੋਕਾਂ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਫਿਲਹਾਲ ਉਹ ਕਿੱਥੇ ਹਨ, ਇਸ ਬਾਰੇ ਅਸਪੱਸ਼ਟਤਾ ਕਾਇਮ ਹੈ।
ਕਾਂਗਰਸ ਨੇ ਅਕਾਲੀ ਦਲ 'ਤੇ ਚੁੱਕੇ ਸਵਾਲ, ਹਿੰਦੂਆਂ ਦੀਆਂ ਮੁਸ਼ਕਿਲਾਂ ਸਮੇਂ ਅਕਾਲੀ ਦਲ ਦੀ ਜ਼ੁਬਾਨ ਹੋ ਜਾਂਦੀ ਹੈ ਬੰਦ
NEXT STORY