ਨਾਭਾ (ਸੁਸ਼ੀਲ ਜੈਨ) -14 ਮਹੀਨੇ ਪਹਿਲਾਂ 27 ਨਵੰਬਰ 2016 ਦੀ ਜੇਲ ਬਰੇਕ ਹੋਣ ਤੋਂ ਬਾਅਦ ਵੀ ਮੈਕਸੀਮਮ ਸਕਿਓਰਟੀ ਜੇਲ ਤੇ ਨਵੀਂ ਜ਼ਿਲਾ ਜੇਲ ਦੀਆਂ ਬੈਰਕਾਂ ਤੇ ਚੱਕੀਆਂ ਵਿਚੋਂ ਲਗਾਤਾਰ ਮੋਬਾਇਲ ਫੋਨ/ਸਿਮ ਬਰਾਮਦ ਹੋ ਰਹੇ ਹਨ। ਇਸ ਨਾਲ ਗ੍ਰਹਿ ਮੰਤਰਾਲੇ ਤੇ ਖੂਫੀਆ ਏਜੰਸੀਆਂ ਦੀ ਨੀਂਦ ਹਰਾਮ ਹੋ ਰਹੀ ਹੈ ਪਰ ਜੇਲ ਵਿਭਾਗ ਦੇ ਉੱਚ ਅਧਿਕਾਰੀ ਕੋਈ ਠੋਸ ਕਦਮ ਨਹੀਂ ਚੁੱਕ ਰਹੇ। ਅੱਜ ਫਿਰ ਨਵੀਂ ਜ਼ਿਲਾ ਜੇਲ ਦੀ ਬੈਰਕ/ਚੱਕੀ ਨੰਬਰ ਚਾਰ ਵਿਚੋਂ ਇਕ ਪੰਜਾਬੀ ਹਵਾਲਾਤੀ ਰਾਜਾ ਸਿੰਘ ਅਤੇ ਦੋ ਵਿਦੇਸ਼ੀ ਨਾਈਜੀਰੀਅਨ ਹਵਾਲਾਤੀਆਂ (ਜੋ 11 ਮਹੀਨਿਆਂ ਤੋਂ ਇੱਥੇ ਜੇਲ ਵਿਚ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਬੰਦ ਹਨ), ਦੇ ਸਾਮਾਨ ਦੀ ਤਲਾਸ਼ੀ ਦੌਰਾਨ ਇਕ ਮੋਬਾਇਲ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਪੁਲਸ ਨੇ ਤਿੰਨੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਹੁਣ ਇਨ੍ਹਾਂ ਹਵਾਲਾਤੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਮੋਬਾਇਲ ਕਿਵੇਂ ਬੈਰਕ ਵਿਚ ਪਹੁੰਚਿਆ। ਸਮਝਿਆ ਜਾਂਦਾ ਹੈ ਕਿ ਇਸ ਮੋਬਾਇਲ ਰਾਹੀਂ ਹੀ ਨਸ਼ਾ ਸਮੱਗਲਿੰਗ ਦਾ ਰੈਕਟ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਿਹਾ ਸੀ। ਤਿੰਨ ਦਿਨ ਪਹਿਲਾਂ ਪੁਲਸ ਨੇ ਯੁਗਾਂਡਾ ਨਾਗਰਿਕਤਾ ਮਹਿਲਾ ਸਮੱਗਲਰ ਰੋਜਟ ਨੇਮੁਤਾ ਬੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਮੱਛੀ ਵਿਚ ਹੈਰੋਇਨ ਲੁਕਾ ਰੱਖੀ ਸੀ। ਇਹ ਮਹਿਲਾ ਨਾਈਜੀਰੀਅਨ ਨੇਬੁਸ ਉਰਫ ਮਾਈਕਲ ਲਈ ਹੀ ਕੰਮ ਕਰਦੀ ਸੀ, ਜੋ ਇਸ ਸਮੇਂ ਨਾਭਾ ਜੇਲ ਵਿਚ ਬੰਦ ਹੈ। ਪੁਲਸ ਨਾਈਜੀਰੀਅਨ ਨੂੰ ਹਿਰਾਸਤ ਵਿਚ ਲੈ ਕੇ ਕੀ ਖੰਗਾਲਦੀ ਹੈ, ਇਹ ਬਾਅਦ ਵਿਚ ਹੀ ਪਤਾ ਲੱਗੇਗਾ।
'ਪਦਮਾਵਤ' ਸਬੰਧੀ ਪੁਲਸ ਚੌਕਸ
NEXT STORY