ਮੋਗਾ (ਗੋਪੀ ਰਾਊਕੇ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਠੋਸ ਕੂਡ਼ਾ ਪ੍ਰਬੰਧਨ (ਸਾਲਿਡ ਵੇਸਟ ਮੈਨੇਜਮੈਂਟ) ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੂਡ਼ਾ-ਕਰਕੱਟ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਜ਼ਿਲੇ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀਡੀਓਜ਼ ਰਾਹੀ ਜਾਗਰਿਤ ਕੀਤਾ ਜਾਵੇ, ਤਾਂ ਜੋ ਚੌਗਿਰਦੇ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਲਿਡ ਵੇਸਟ ਮੈਨੇਜਮੈਂਟ-2016 ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ’ਚ ਸੁੱਕਾ ਤੇ ਗਿੱਲਾ ਕੂਡ਼ਾ-ਕਰਕਟ ਵੱਖੋ-ਵੱਖ ਡਸਟਬਿੰਨਾਂ ’ਚ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਬਾਇਓ-ਮੈਡੀਕਲ ਵੇਸਟ, ਈ-ਵੇਸਟ ਅਤੇ ਖਤਰਨਾਕ (ਹਾਜਰਡਸ) ਵੇਸਟ ਦੇ ਢੁੱਕਵੇ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀਡੀਓ ਫਿਲਮਾਂ ਰਾਹੀ ਸੋਲਿਡ ਵੇਸਟ ਪ੍ਰਬੰਧਨ ਨਾ ਕਰਨ ਦੇ ਹਾਨੀਕਾਰਕ ਨੁਕਸਾਨਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਗਿੱਲੇ ਕੂਡ਼ਾ-ਕਰਕਟ ਤੋਂ ਤਿਆਰ ਹੋਣ ਵਾਲੀ ਖਾਦ ਨੂੰ ਘਰ-ਘਰ ’ਚ ਜਾ ਕੇ ਦਿਖਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ। ਉਨ੍ਹਾਂ ਰਸੋਈ ਦੇ ਕੂਡ਼ਾ-ਕਰਕਟ ਤੋਂ ਤਿਆਰ ਹੋਣ ਵਾਲੀ ਖਾਦ ਬਾਰੇ ਵੀ ਦੱਸਿਆ ਤੇ ਕਿਹਾ ਕਿ ਘਰੇਲੂ ਔਰਤਾਂ ਨੂੰ ਇਸ ਬਾਰੇ ਸੈਮੀਨਾਰਾਂ ਰਾਹੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਲਾਸਟਿਕ ਕੈਰੀ ਬੈਗਜ਼ ਅਤੇ ਲਿਫਾਫਿਆਂ ’ਤੇ ਲਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਕਿਉਂਕਿ ਪਲਾਸਟਿਕ ਦੇ ਲਿਫਾਫਿਆਂ ਨਾਲ ਨਾਲੀਆਂ/ਸੀਵਰੇਜ਼ ਦੇ ਬੰਦ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੀਟਿੰਗ ’ਚ ਸਹਾਇਕ ਕਮਿਸ਼ਨਰ (ਜ਼) ਲਾਲ ਵਿਸਵਾਸ਼ ਬੈਸ, ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ, ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫਸਰ ਹਾਜ਼ਰ ਸਨ।
ਵੋਟਰ ਪ੍ਰਣ ਪ੍ਰਤੀ ਸਮਾਗਮ ਕਰਵਾਇਆ
NEXT STORY