ਜਲੰਧਰ (ਚੋਪੜਾ)— ਜਲੰਧਰ ਲੋਕ ਸਭਾ ਸੀਟ ਦੀ ਟਿਕਟ ਦੀ ਅਲਾਟਮੈਂਟ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਝਗੜੇ ਦਾ ਅੱਜ ਪਰਦਾ ਡਿੱਗ ਜਾਵੇਗਾ। ਚੌਧਰੀ ਸੰਤੋਖ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਜਲੰਧਰ ਪਹੁੰਚ ਰਹੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਸਵੇਰੇ ਮਹਿੰਦਰ ਕੇ. ਪੀ. ਦੇ ਮਾਡਲ ਟਾਊਨ ਨਿਵਾਸ ਵਿਖੇ ਪਹੁੰਚਣਗੇ, ਜਿੱਥੇ ਉਹ ਕੇ. ਪੀ. ਪਰਿਵਾਰ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਕਾਂਗਰਸ 'ਚ ਚੱਲ ਰਹੇ ਕਲਾਈਮੈਕਸ ਨੂੰ ਖਤਮ ਕਰਨਗੇ।
ਕੇ. ਪੀ. ਨੇ ਦੱਸਿਆ ਕਿ ਸੋਮਵਾਰ ਸਵੇਰੇ ਕੈ. ਅਮਰਿੰਦਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣਾ ਸਟੈਂਡ ਫਾਈਨਲ ਕਰਨਗੇ ਪਰ ਸਿਆਸੀ ਸੂਤਰਾਂ ਦੀ ਮੰਨੀਏ ਤਾਂ ਟਿਕਟ ਝਗੜੇ ਦੀ ਪੂਰੀ ਕਹਾਣੀ 15 ਅਪ੍ਰੈਲ ਨੂੰ ਹੀ ਲਿਖੀ ਜਾ ਚੁੱਕੀ ਸੀ ਜਦੋਂ ਪੰਜਾਬ ਦੇ ਦਲਿਤ ਟਕਸਾਲੀ ਕਾਂਗਰਸੀਆਂ ਨੂੰ ਪਾਰਟੀ ਵਿਚ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਚੰਡੀਗੜ੍ਹ ਵਿਚ ਬੁਲਾਈ ਬੈਠਕ ਵਿਚ ਸ਼ਾਮਲ ਹੋਣ ਜਾ ਰਹੇ ਕੇ. ਪੀ. ਰਾਹੁਲ ਦਰਬਾਰ ਦੇ ਬੁਲਾਵੇ ਤੋਂ ਬਾਅਦ ਮੀਟਿੰਗ ਨੂੰ ਛੱਡ ਕੇ ਦਿੱਲੀ ਜਾ ਪਹੁੰਚੇ ਸਨ। ਕਾਂਗਰਸੀ ਹਾਈਕਮਾਨ ਦੇ ਬੁਲਾਵੇ 'ਤੇ ਦਿੱਲੀ ਪਹੁੰਚੇ ਕੇ. ਪੀ. ਦੀ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਹੋਈ, ਜਿਸ 'ਚ ਕੇ. ਪੀ. ਨੇ ਕਾਂਗਰਸ ਵੱਲੋਂ ਉਨ੍ਹਾਂ ਦੇ ਸਿਆਸੀ ਕਤਲ ਕਰਨ ਅਤੇ ਟਿਕਟ ਦਾਅਵੇਦਾਰੀ ਨੂੰ ਲੈ ਕੇ ਉਨ੍ਹਾਂ ਨੂੰ ਅਣਗੌਲਿਆਂ ਕੀਤੇ ਜਾਣ ਦਾ ਦੁੱਖੜਾ ਸੁਣਾਇਆ। ਕੈ. ਅਮਰਿੰਦਰ ਦੇ ਜਲੰਧਰ ਦੌਰੇ 'ਤੇ ਜਾਰੀ ਕੀਤੇ ਉਸ ਭਾਸ਼ਣ ਨੂੰ ਵੀ ਉਨ੍ਹਾਂ ਨੇ ਸੀਨੀਅਰ ਆਗੂਆਂ ਦੇ ਸਾਹਮਣੇ ਉਠਾਇਆ ਜਿਸ ਵਿਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਪਾਰਟੀ ਵੱਲੋਂ ਕੇ. ਪੀ. ਨੂੰ ਸੂਬਾ ਪ੍ਰਧਾਨ, ਸੰਸਦ ਮੈਂਬਰ ਤੇ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਵੇ ਪਰ ਹੁਣ ਵਾਰ-ਵਾਰ ਹਾਰ ਦਾ ਸਾਹਮਣਾ ਕਰਨ 'ਤੇ ਵੀ ਟਿਕਟ ਨਾ ਮਿਲਣ ਦੀ ਨਾਰਾਜ਼ਗੀ ਜ਼ਾਹਿਰ ਕਰਨਾ ਉਚਿਤ ਨਹੀਂ ਹੈ।
ਸੂਤਰਾਂ ਦੀ ਮੰਨੀਏ ਤਾਂ ਆਲ੍ਹਾ ਕਮਾਨ ਨੇ ਕੇ. ਪੀ. ਨੂੰ ਪਾਰਟੀ ਵਿਚ ਐਡਜਸਟਮੈਂਟ ਅਤੇ ਉਨ੍ਹਾਂ ਦੇ ਰੁਤਬੇ ਅਨੁਸਾਰ ਸੈਟਿੰਗ ਦਾ ਭਰੋਸਾ ਦਿੱਤਾ, ਜਿਸ ਨਾਲ ਫਾਈਨਲ ਹੋਇਆ ਕਿ 22 ਅਪ੍ਰੈਲ ਨੂੰ ਜਲੰਧਰ ਦੌਰੇ 'ਤੇ ਆ ਰਹੇ ਕੈ. ਅਮਰਿੰਦਰ ਪਹਿਲਾਂ ਕੇ. ਪੀ. ਦੇ ਘਰ ਜਾਣਗੇ ਤਾਂ ਜੋ ਜਗ ਜ਼ਾਹਿਰ ਹੋ ਚੁੱਕੇ ਸੰਤੋਖ ਚੌਧਰੀ ਅਤੇ ਮਹਿੰਦਰ ਕੇ. ਪੀ. ਝਗੜੇ ਨੂੰ ਇਸ ਢੰਗ ਨਾਲ ਖਤਮ ਕਰ ਦਿੱਤਾ ਜਾਵੇ ਜਿਸ ਨਾਲ ਕਾਂਗਰਸ ਦਾ ਆਮ ਜਨਤਾ ਵਿਚ ਕਿਸੇ ਪੱਖੋਂ ਅਕਸ ਖਰਾਬ ਨਾ ਹੋਵੇ।
ਜ਼ਿਕਰਯੋਗ ਹੈ ਕਿ ਸੰਤੋਖ ਚੌਧਰੀ ਦੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਕੇ. ਪੀ. ਨੇ ਬਗਾਵਤੀ ਸੁਰਾਂ ਨੂੰ ਤੇਜ਼ ਕਰਦੇ ਹੋਏ ਆਜ਼ਾਦ ਚੋਣ ਲੜਨ ਤੱਕ ਦੇ ਸੰਕੇਤ ਦੇ ਰੱਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਾਈਕਮਾਨ ਨੇ ਟਿਕਟ 'ਤੇ ਮੁੜ ਵਿਚਾਰ ਨਹੀਂ ਕੀਤਾ ਤਾਂ ਉਹ ਆਪਣੇ ਪਰਿਵਾਰ ਅਤੇ ਸਮਰਥਕਾਂ ਦੀ ਰਾਏ ਮੁਤਾਬਕ ਹੀ ਕੰਮ ਕਰਨਗੇ। ਜੇਕਰ ਉਨ੍ਹਾਂ ਦੇ ਸਮਰਥਕਾਂ ਤੇ ਪਰਿਵਾਰ ਨੇ ਆਜ਼ਾਦ ਚੋਣ ਲੜਨ ਜਾਂ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨ ਨੂੰ ਕਿਹਾ ਕਿ ਤਾਂ ਉਹ ਪਿੱਛੇ ਨਹੀਂ ਹਟਣਗੇ।
ਇਸ ਦੌਰਾਨ ਖੁਦ ਚੌਧਰੀ ਤੇ ਉਨ੍ਹਾਂ ਦੇ ਪੁੱਤਰ ਵਿਕਰਮ ਚੌਧਰੀ ਕੇ. ਪੀ. ਦੇ ਘਰ ਉਨ੍ਹਾਂ ਨੂੰ ਮਨਾਉਣ ਪਹੁੰਚੇ ਪਰ ਕੇ. ਪੀ. ਨੇ ਆਪਣੀ ਸਖਤ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਸਪੱਸ਼ਟ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਲਾਲੀ, ਸਾਬਕਾ ਮੰਤਰੀ ਕੰਵਲਜੀਤ ਸਿੰਘ ਲਾਲੀ ਤੇ ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੱਲੋਂ ਕੀਤੀ ਗਈ ਕੋਸ਼ਿਸ਼ ਸਫਲ ਨਹੀਂ ਹੋਈ।
ਆਖਿਰਕਾਰ ਪੰਜਾਬ ਦੇ ਸੀਨੀਅਰ ਕਾਂਗਰਸੀ ਤੇ ਸ਼ਹੀਦ ਪਰਿਵਾਰ ਦਾ ਗੁੱਸਾ ਰੰਗ ਲਿਆਇਆ ਅਤੇ ਹਾਈਕਮਾਨ ਨੇ ਕੇ. ਪੀ. ਦੇ ਬਗਾਵਤੀ ਮੂਡ ਨੂੰ ਦੇਖਦੇ ਹੋਏ ਅਜਿਹਾ ਰੰਗਮੰਚ ਤਿਆਰ ਕੀਤਾ ਜਿਸ ਨਾਲ ਸਾਰੇ ਪੱਖਾਂ ਦੀ ਸਾਖ ਵੀ ਬਚ ਜਾਵੇਗੀ ਅਤੇ ਕੇ. ਪੀ. ਪਰਿਵਾਰ ਦੀ ਨਾਰਾਜ਼ਗੀ ਦੂਰ ਹੋ ਜਾਵੇਗੀ ਕਿਉਂਕਿ ਕਾਂਗਰਸ ਆਲ੍ਹਾ ਕਮਾਨ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇਕਰ ਕੇ. ਪੀ. ਦੇ ਰਵੱਈਏ ਨਾਲ ਪਾਰਟੀ ਨੂੰ ਹੋ ਰਹੇ ਡੈਮੇਜ ਨੂੰ ਕੰਟਰੋਲ ਨਾ ਕੀਤਾ ਤਾਂ ਸਿਰਫ ਜਲੰਧਰ ਲੋਕ ਸਭਾ ਸੀਟ ਹੀ ਨਹੀਂ ਸਗੋਂ ਸੂਬੇ ਦੀ ਰਾਜਨੀਤੀ ਵਿਚ ਕਾਂਗਰਸ ਨੂੰ ਇਸ ਦਾ ਮਾੜਾ ਅਸਰ ਝੱਲਣਾ ਪੈ ਸਕਦਾ ਹੈ। ਹੁਣ ਕੈ. ਅਮਰਿੰਦਰ ਕੇ. ਪੀ. ਨੂੰ ਨਾਲ ਲੈ ਕੇ ਪੁੱਡਾ ਗਰਾਊਂਡ ਵਿਚ ਸੰਤੋਖ ਚੌਧਰੀ ਦੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਸਬੰਧੀ ਆਯੋਜਿਤ ਕੀਤੀ ਜਾ ਰਹੀ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਹੋਣਗੇ ਅਤੇ ਇਸ ਰੈਲੀ ਦੇ ਮੰਚ 'ਤੇ ਮੁੱਖ ਮੰਤਰੀ ਵੱਲੋਂ ਖੁਦ ਕੇ. ਪੀ. ਅਤੇ ਚੌਧਰੀ ਦੀ ਸਿਆਸੀ ਜੱਫੀ ਪੁਆਈ ਜਾਵੇਗੀ।
ਕੁਲਫੀ ਖਾਣ ਨਾਲ ਗੰਭੀਰ ਬੀਮਾਰ ਹੋਈ ਬੱਚੀ ਨੂੰ ਨਹੀਂ ਮਿਲ ਰਿਹਾ ਇਨਸਾਫ
NEXT STORY