ਤਰਨਤਾਰਨ (ਰਮਨ ਚਾਵਲਾ) : ਜ਼ਹਿਰੀਲੀ ਕੁਲਫੀ ਖਾਣ ਨਾਲ ਗੰਭੀਰ ਰੂਪ 'ਚ ਬੀਮਾਰ ਹੋਈ 6 ਸਾਲਾ ਲੜਕੀ ਨੂੰ ਪੁਲਸ ਪ੍ਰਸ਼ਾਸਨ ਵਲੋਂ ਇਨਸਾਫ ਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਧਰਨਾ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਭਰ 'ਚ ਰੋਜ਼ਾਨਾ ਗਲੀਆਂ ਬਾਜ਼ਾਰਾਂ 'ਚ ਵਿਕਣ ਵਾਲੀਆਂ ਘਟੀਆ ਮਟੀਰੀਅਲ ਨਾਲ ਤਿਆਰ ਕੀਤੀਆਂ ਵਸਤਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਖਿਲਾਫ ਸਿਹਤ ਵਿਭਾਗ ਦੀ ਕਾਰਜ ਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਨੇ ਦੱਸਿਆ ਕਿ ਉਸ ਦੀ 6 ਸਾਲਾਂ ਦੀ ਰਾਮ ਸੰਦੀਪ ਕੌਰ ਦੋਹਤੀ ਕੁਝ ਦਿਨਾਂ ਲਈ ਉਨ੍ਹਾਂ ਕੋਲ ਰਹਿਣ ਆਈ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਮਿਤੀ 21 ਮਾਰਚ ਨੂੰ ਗਲੀ 'ਚ ਰਿਕਸ਼ੇ 'ਤੇ ਵੇਚਣ ਆਏ ਇਕ ਕੁਲਫੀ ਵਾਲੇ ਕੋਲੋਂ 5 ਰੁਪਏ ਦੀ ਕੁਲਫੀ ਲੈ ਕੇ ਖਾ ਲਈ, ਜਿਸ ਤੋਂ ਬਾਅਦ ਉਸ ਨੂੰ ਨੀਂਦ ਆ ਗਈ ਅਤੇ ਉਸ ਨੂੰ ਜਦੋਂ ਅਗਲੇ ਦਿਨ ਉਠਾਇਆ ਗਿਆ ਤਾਂ ਉਸ ਦੇ ਸਰੀਰ 'ਤੇ ਸੋਜ ਪੈ ਚੁੱਕੀ ਸੀ ਅਤੇ ਉਸ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਸੀ। ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਪਰੰਤ ਆਪਣੀ ਦੋਹਤੀ ਨੂੰ ਪਹਿਲਾਂ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਲਿਜਾਇਆ ਜਿੱਥੇ ਉਸ ਦੀ ਹਾਲਤ 'ਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਪੱਟੀ ਦੇ ਇਕ ਹਸਪਤਾਲ ਅਤੇ ਬਾਅਦ 'ਚ ਅੰਮ੍ਰਿਤਸਰ ਦੇ ਕੇ.ਡੀ. ਹਸਪਤਾਲ 'ਚ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦੇ ਸਰੀਰ ਤੋਂ ਸਾਰੀ ਚਮੜੀ ਉਤਰਨੀ ਸ਼ੁਰੂ ਹੋ ਗਈ ਸੀ ਅਤੇ ਉਸ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ। ਆਖਿਰ 'ਚ ਬੱਚੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਲਿਜਾਇਆ ਗਿਆ ਜਿਥੇ ਅੱਜ ਵੀ ਉਸ ਦਾ ਇਲਾਜ ਜਾਰੀ ਹੈ। ਹਰਭਜਨ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬੱਚੀ ਵਲੋਂ ਖਾਧੀ ਗਈ ਕੁਲਫੀ 'ਚ ਜ਼ਹਿਰੀਲੀ ਵਸਤੂ ਜ਼ਰੂਰ ਹੋਵੇਗੀ, ਜਿਸ ਕਾਰਨ ਉਸ ਦਾ ਇਹ ਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਕ ਮੁਹੱਲੇ 'ਚ ਮੌਜੂਦ ਕੁਲਫੀ ਦੇ ਮਾਲਕ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਪਹਿਲਾਂ ਬੱਚੀ ਦੀ ਹਾਲਤ ਵੇਖ ਕਿਹਾ ਕਿ ਉਹ ਇਸ ਦੇ ਬਦਲੇ ਉਨ੍ਹਾਂ ਨੂੰ 60 ਹਜ਼ਾਰ ਰੁਪਏ ਦੇ ਦਿੰਦੇ ਹਨ ਪਰੰਤੂ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਬੱਚੀ ਦੇ ਇਲਾਜ ਲਈ ਹੁਣ ਤੱਕ ਕਰੀਬ 4 ਲੱਖ ਰੁਪਏ ਤੋਂ ਵੱਧ ਖਰਚ ਹੋ ਚੁੱਕਾ ਹੈ, ਜਿਸ ਤੋਂ ਬਾਅਦ ਕੁਲ਼ਫੀ ਵਾਲੀ ਫੈਕਟਰੀ ਦੇ ਮਾਲਕ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਜੋ ਮਰਜ਼ੀ ਕਰ ਲੈਣ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮਾਲਕ ਨੇ ਕਿਹਾ ਕਿ ਜਿਹੜੇ ਰੁਪਏ ਤੁਹਾਨੂੰ ਰਾਜੀਨਾਮੇ ਲਈ ਦੇਣੇ ਹਨ ਉਹ ਮੈਂ ਪੁਲਸ ਨੂੰ ਦੇਵਾਂਗਾ ਤਾਂ ਜੋ ਪੁਲਸ ਮੇਰੇ ਵੱਲ ਦੀ ਗੱਲ ਕਰੇ। ਇਸ ਸਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਪਵਨ ਕੁਮਾਰ ਮੁਰਾਦਪੁਰੀਆ ਨੇ ਦੱਸਿਆ ਕਿ ਹਰਭਜਨ ਸਿੰਘ ਵਲੋਂ ਪਹਿਲਾਂ ਐੱਸ.ਐੱਸ.ਪੀ. ਨੂੰ ਮਿਤੀ 11 ਅਪ੍ਰੈਲ ਨੂੰ ਦਰਖਾਸਤ ਦਿੱਤੀ ਗਈ ਜੋ 12 ਅਪ੍ਰੈਲ ਨੂੰ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਨੂੰ ਜਾਂਚ ਲਈ ਭੇਜ ਦਿੱਤੀ ਗਈ ਪਰੰਤੂ ਅੱਜ ਤੱਕ ਉਨ੍ਹਾਂ ਦੀ ਦਰਖਾਸਤ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਉਨ੍ਹਾਂ ਨੂੰ ਐੱਸ.ਐੱਸ.ਪੀ. ਦਫਤਰ ਦਾ ਘਿਰਾਉ ਕਰਨ ਲਈ ਮਜਬੂਰ ਹੋਣਾ ਪਵੇਗਾ।
ਥਾਣਾ ਮੁਖੀ ਵਲੋਂ ਕੀਤੀ ਜਾ ਰਹੀ ਹੈ ਜਾਂਚ
ਡੀ.ਐੱਸ.ਪੀ. ਗੋਇੰਦਵਾਲ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦੀ ਜਾਂਚ ਥਾਣਾ ਸਦਰ ਦੇ ਮੁਖੀ ਵਲੋਂ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਜਲਦ ਸਾਹਮਣੇ ਆ ਜਾਵੇਗੀ।
ਸੈਂਪਲ ਭਰਨ ਲਈ ਦਿੱਤੇ ਜਾਣਗੇ ਨਿਰਦੇਸ਼
ਐੱਫ.ਡੀ.ਏ. ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਜਿਸ ਤਹਿਤ ਉਹ ਤੁਰੰਤ ਬਰਫ ਦੇ ਕਾਰਖਾਨਿਆਂ, ਆਈਸ ਕ੍ਰੀਮ ਫੈਕਟਰੀਆਂ, ਡੇਅਰੀਆਂ, ਪਾਣੀ ਦੀਆਂ ਫੈਕਟਰੀਆਂ ਆਦਿ ਦੇ ਸੈਂਪਲ ਭਰਨ ਦੇ ਸਖਤ ਨਿਰਦੇਸ਼ ਜਾਰੀ ਕਰਨਗੇ।
ਸਿਹਤ ਵਿਭਾਗ ਤੋਂ ਲਈ ਜਾਵੇਗੀ ਰਿਪੋਰਟ
ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਪਿਛਲੇ ਦੋ ਮਹੀਨਿਆਂ ਦੀ ਰਿਪੋਰਟ ਮੰਗ ਰਹੇ ਹਨ ਕਿ ਕਿੰਨੀਆਂ ਆਈਸ ਕ੍ਰੀਮ ਫੈਕਟਰੀਆਂ, ਸਕੂਲਾਂ ਦੀਆਂ ਕੰਟੀਨਾਂ, ਬਰਫ ਕਾਰਖਾਨਿਆਂ ਤੋਂ ਕਿੰਨੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸੇ ਦਿਨ ਸ਼ੱਕੀ ਫੈਕਟਰੀਆਂ ਦੀ ਜਾਂਚ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ, ਜਿਸ ਅਧਿਕਾਰੀ ਦੀ ਨਲਾਇਕੀ ਸਾਹਮਣੇ ਆਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਸ਼ੇਰ ਸਿੰਘ ਘੁਬਾਇਆ ਲਈ ਇਸ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਾ ਸੌਖਾ ਨਹੀਂ
NEXT STORY