ਬਾਘਾਪੁਰਾਣਾ (ਚਟਾਨੀ) - ਹਾਦਸਿਆਂ 'ਚ ਹੋ ਰਹੇ ਵਾਧੇ ਤੋਂ ਚਿੰਤਿਤ ਹੋਈਆਂ ਸਰਕਾਰਾਂ ਮਨੁੱਖੀ ਜਾਨਾਂ ਨੂੰ ਸੁਰੱਖਿਅਤ ਕਰਨ ਲਈ ਯੋਜਨਾਵਾਂ ਉਲੀਕਣ ਲੱਗੀਆਂ ਹਨ। ਸ਼ਹਿਰ ਅੰਦਰੋਂ ਲੰਘਦੀ ਨਿਹਾਲ ਸਿੰਘ ਵਾਲਾ-ਮੁੱਦਕੀ ਸੜਕ, ਜੋ ਨੈਸ਼ਨਲ ਹਾਈਵੇ (ਕੌਮੀ ਮਾਰਗ) ਹੈ, ਨੂੰ ਚਾਰਮਾਰਗੀ ਕਰਨ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ।
ਲੋਕ ਨਿਰਮਾਣ ਵਿਭਾਗ ਦੇ ਸੜਕੀ ਵਿੰਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਵਾਹਰ ਸਿੰਘ ਵਾਲਾ ਚੌਕ ਤੋਂ ਲੈ ਕੇ ਮੁੱਦਕੀ ਕਸਬੇ ਤੱਕ ਦੇ 38 ਕਿਲੋਮੀਟਰ ਦੇ ਟੋਟੇ ਨੂੰ ਕੌਮੀ ਮਾਰਗ ਵਜੋਂ ਵਿਕਸਿਤ ਕਰਨ ਲਈ ਟੈਂਡਰ ਮੰਗ ਲਏ ਗਏ ਹਨ ਅਤੇ ਟੈਂਡਰਾਂ ਦੀ ਪ੍ਰਕਿਰਿਆ ਮੁਕੰਮਲ ਹੋਣ 'ਚ ਸਿਰਫ ਦੋ ਕੁ ਮਹੀਨਿਆਂ ਦਾ ਸਮਾਂ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਮਾਰਗ ਦੀ ਚੌੜਾਈ 33 ਫੁੱਟ ਕੀਤੀ ਜਾਣੀ ਹੈ, ਜਦਕਿ ਇਸ ਦੀ ਮੌਜੂਦਾ ਚੌੜਾਈ 18 ਫੁੱਟ ਹੈ। ਦੋਵਾਂ ਪਾਸੇ ਸਾਢੇ ਸੱਤ ਫੁੱਟ ਸੜਕ ਦੀ ਚੌੜਾਈ 'ਚ ਵਾਧਾ ਕੀਤਾ ਜਾਣਾ ਹੈ। ਲੋਕ ਨਿਰਮਾਣ ਵਿਭਾਗ ਦੇ ਸਬੰਧਿਤ ਸੂਤਰਾਂ ਅਨੁਸਾਰ ਟੈਂਡਰ ਪ੍ਰਕਿਰਿਆ ਦੇ ਸੰਪੰਨ ਹੋਣ ਉਪਰੰਤ ਸ਼ਹਿਰ ਅਤੇ ਹੋਰਨਾਂ ਖੇਤਰਾਂ 'ਚ ਆਉਣ ਵਾਲੇ ਖੰਭੇ ਜਾਂ ਹੋਰਨਾਂ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਆਰੰਭ ਹੋ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ 38 ਕਿਲੋਮੀਟਰ ਵਾਲੇ ਹਿੱਸੇ 'ਚ ਆਉਂਦੀਆਂ ਨਹਿਰਾਂ ਤੇ ਸੂਇਆਂ ਆਦਿ ਦੇ ਪੁਲਾਂ ਨੂੰ ਵੀ ਚੌੜਾ ਕੀਤਾ ਜਾਣਾ ਹੈ। ਪਤਾ ਲੱਗਾ ਹੈ ਕਿ ਇਸ ਕਾਰਜ ਨੂੰ ਜਲਦੀ ਨਿਪਟਾਉਣ ਵਾਸਤੇ ਸਮੁੱਚਾ ਕਾਰਜ ਬੇਰੋਕ ਜਾਰੀ ਰਹੇਗਾ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸਿਆਸੀ ਸ਼ਹਿ 'ਤੇ ਪੁਲਸ ਕਰ ਰਹੀ ਹੈ ਪ੍ਰੇਸ਼ਾਨ : ਬਾਬਾ ਦਿਲਬਾਗ ਸਿੰਘ
NEXT STORY