ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ, ਭਾਟੀਆ) - ਪਿੰਡ ਚੀਮਾ ਕਲਾਂ ਸਥਿਤ ਚਰਚਿਤ ਗਊਸ਼ਾਲਾ ਦੇ ਮੁਖੀ ਬਾਬਾ ਦਿਲਬਾਗ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵੱਲੋਂ ਕਥਿਤ ਸਿਆਸੀ ਸ਼ਹਿ 'ਤੇ ਉਸ ਵਿਰੁੱਧ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਪਿੰਡ ਵਾਸੀ ਸਾਹਿਬ ਸਿੰਘ, ਬਲਵਿੰਦਰ ਸਿੰਘ ਬਿੱਲਾ ਚੀਮਾ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ ਆਦਿ ਦੀ ਹਾਜ਼ਰੀ 'ਚ ਬਾਬਾ ਦਿਲਬਾਗ ਸਿੰਘ ਨੇ ਪੁਲਸ ਵੱਲੋਂ ਉਸ ਖਿਲਾਫ਼ ਦਰਜ ਵੱਖ-ਵੱਖ ਪੁਲਸ ਕੇਸਾਂ ਦੀਆਂ ਨਕਲਾਂ ਪੱਤਰਕਾਰਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੋਣ ਨਾਲ ਪਿੰਡ ਚੀਮਾ ਕਲਾਂ ਵਿਖੇ ਪਿਛਲੇ ਕਈ ਸਾਲਾਂ ਤੋਂ ਬਾਬਾ ਸ਼ੇਖ ਬ੍ਰਹਮ ਪੀਰ ਗਊਸ਼ਾਲਾ 'ਚ ਸੈਂਕੜੇ ਗਊਆਂ ਦੀ ਸਾਂਭ-ਸੰਭਾਲ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਡੇਰੇ ਦੀ ਦਿਨੋ-ਦਿਨ ਵੱਧ ਰਹੀ ਮਹੱਤਤਾ ਕਾਰਨ ਸੱਤਾਧਾਰੀ ਧਿਰ ਪੱਖੀ ਕੁਝ ਸਿਆਸੀ ਲੋਕਾਂ ਵੱਲੋਂ ਉਸ ਨੂੰ ਡਰਾਉਣ-ਧਮਕਾਉਣ ਲਈ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਨੂੰ ਕਾਂਗਰਸ ਪਾਰਟੀ ਦਾ ਨੁਮਾਇੰਦਾ ਦੱਸਦਿਆਂ ਕਿਹਾ ਕਿ ਉਹ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਉਸ ਅਤੇ ਉਨ੍ਹਾਂ ਦੇ ਡੇਰੇ ਦੇ ਸੇਵਾਦਾਰਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਵੱਲੋਂ ਪੜਤਾਲ ਅਧੀਨ ਦਰਜ ਇਕ ਕੇਸ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਬੀਤੇ 2 ਦਿਨ ਪਹਿਲਾਂ ਜੇਲ ਭੇਜ ਦਿੱਤਾ ਸੀ ਪਰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੇ ਥਾਣਾ ਮੁਖੀ ਵੱਲੋਂ ਉਸ ਖਿਲਾਫ਼ ਹੋਰ ਝੂਠੇ ਕੇਸ ਦਰਜ ਕਰਨ ਦੇ ਖਦਸ਼ੇ ਪ੍ਰਗਟ ਕਰਦਿਆਂ ਕਿਹਾ ਕਿ ਉਹ ਥਾਣਾ ਮੁਖੀ ਵਿਰੁੱਧ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ ਪੰਜਾਬ ਦੇ ਗ੍ਰਹਿ ਵਿਭਾਗ ਸਮੇਤ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਨੂੰ ਸ਼ਿਕਾਇਤ ਕਰ ਰਹੇ ਹਨ।
ਚੰਡੀਗੜ੍ਹ : ਇਸ ਵਾਰ 'ਰੋਜ਼ ਫੈਸਟੀਵਲ' 'ਤੇ ਖਰਚੇ ਜਾਣਗੇ 55 ਲੱਖ
NEXT STORY