ਜਲੰਧਰ, (ਪ੍ਰੀਤ)- ਜਬਰ-ਜ਼ਨਾਹ ਦੇ ਇਰਾਦੇ ਨਾਲ ਮਾਸੂਮ ਬੱਚੀ ਦੇ ਅਗਵਾ ਦੇ ਦੋਸ਼ 'ਚ ਫੜੇ ਗਏ ਰਾਜਿੰਦਰ ਕੁਮਾਰ ਕਾਲਾ ਉਰਫ ਲਾਲੀ ਨੇ ਫਰਵਰੀ ਮਹੀਨੇ 'ਚ ਇਕ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕੀਤਾ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਮੁਲਜ਼ਮ ਰਾਜਿੰਦਰ ਕੁਮਾਰ ਤੋਂ ਪੁਲਸ ਰਿਮਾਂਡ ਦੌਰਾਨ ਹੋਈ ਪੁੱਛਗਿੱਛ 'ਚ ਵਾਰਦਾਤ ਦਾ ਖੁਲਾਸਾ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਸਤੀ ਬਾਵਾ ਖੇਲ ਥਾਣੇ ਦੀ ਪੁਲਸ ਨੇ ਰਾਜਿੰਦਰ ਕੁਮਾਰ ਉਰਫ ਕਾਲਾ ਵਾਸੀ ਵੱਡਾ ਬਿਹਾਰ, ਬਸਤੀ ਗੁਜ਼ਾਂ ਨੂੰ ਗ੍ਰਿਫਤਾਰ ਕੀਤਾ।
ਉਸ 'ਤੇ ਮਾਸੂਮ ਬੱਚੀਆਂ ਨੂੰ ਪ੍ਰਸ਼ਾਦ ਦੇਣ ਦੇ ਬਹਾਨੇ ਅਗਵਾ ਕਰ ਕੇ ਜਬਰ-ਜ਼ਨਾਹ ਦੀ ਕੋਸ਼ਿਸ਼ ਦਾ ਦੋਸ਼ ਸੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਕਾਲਾ ਦਾ ਪੁੱਛਗਿੱਛ ਅਤੇ ਮਾਮਲੇ ਦੀ ਜਾਂਚ ਲਈ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ਇਸ ਦੌਰਾਨ ਏ. ਡੀ. ਸੀ. ਪੀ. ਸਿਟੀ-2 ਸੂਡਰਵਿਜ਼ੀ ਦੀ ਅਗਵਾਈ 'ਚ ਬਸਤੀ ਬਾਵਾ ਖੇਲ ਥਾਣੇ ਦੇ ਐੈੱਸ. ਐੈੱਚ. ਓ. ਨਰੇਸ਼ ਜੋਸ਼ੀ ਵੱਲੋਂ ਉਕਤ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਫਰਵਰੀ ਮਹੀਨੇ 'ਚ ਥਾਣੇ 'ਚ ਦਰਜ ਮਾਸੂਮ ਬੱਚੀ ਦੇ ਅਗਵਾ ਅਤੇ ਹੱਤਿਆ ਦਾ ਬਲਾਈਂਡ ਕੇਸ ਹੱਲ ਹੋ ਗਿਆ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ 1 ਫਰਵਰੀ ਨੂੰ ਮਿੱਠੂ ਬਸਤੀ ਇਲਾਕੇ 'ਚ ਧਾਰਮਿਕ ਪ੍ਰੋਗਰਾਮ ਦੇ ਦੌਰਾਨ ਮਾਸੂਮ ਬੱਚੀ ਸ਼ਰੂਤੀ ਲਾਪਤਾ ਹੋ ਗਈ ਸੀ। ਬਾਅਦ 'ਚ ਉਸ ਦੀ ਲਾਸ਼ ਹੁਸ਼ਿਆਰਪੁਰ ਰੋਡ 'ਤੇ ਮਿਲੀ ਸੀ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ 'ਚ 2 ਫਰਵਰੀ ਨੂੰ ਉਕਤ ਬੱਚੀ ਦੇ ਪਿਤਾ ਰਣਜੀਤ ਕੁਮਾਰ ਪੁੱਤਰ ਕਿਸ਼ਨ ਵਾਸੀ ਬਿਹਾਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਅਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਇੰਸਪੈਕਟਰ ਨਰੇਸ਼ ਜੋਸ਼ੀ ਵੱਲੋਂ ਕੀਤੀ ਗਈ ਜਾਂਚ 'ਚ ਮੁਲਜ਼ਮ ਕਾਲਾ ਨੇ ਮੰਨਿਆ ਕਿ ਉਸ ਨੇ ਹੀ ਸ਼ਰੂਤੀ ਨੂੰ ਅਗਵਾ ਕੀਤਾ ਅਤੇ ਹੁਸ਼ਿਆਰਪੁਰ ਰੋਡ 'ਤੇ ਪਿੰਡ ਢੱਡੇ ਦੇ ਨੇੜੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀਆਂ ਵੱਲੋਂ ਜਾਂਚ ਦੇ ਦੌਰਾਨ ਉਕਤ ਮੁਲਜ਼ਮ ਨੂੰ ਵਾਰਦਾਤ ਵਾਲੀ ਥਾਂ ਦੀ ਨਿਸ਼ਾਨਦੇਹੀ ਵੀ ਕਰਵਾਈ ਗਈ।
ਵਿਆਹ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਹਾਦਸੇ 'ਚ ਮੌਤ
NEXT STORY