ਪਟਿਆਲਾ/ਰਾਜਪੁਰਾ (ਬਲਜਿੰਦਰ, ਮਸਤਾਨਾ) - ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਤੋੜ ਕੇ 4 ਗੈਂਗਸਟਰਾਂ ਤੇ 2 ਅੱਤਵਾਦੀਆਂ ਨੂੰ ਭਜਾਉੁਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰਜੀਤ ਸਿੰਘ ਲਾਡਾ ਨੂੰ ਪਟਿਆਲਾ ਪੁਲਸ ਅਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਇੰਟੈਲੀਜੈਂਸ ਵਿੰਗ ਪੰਜਾਬ ਵੱਲੋਂ ਸਾਂਝੇ ਆਪ੍ਰੇਸ਼ਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਇੱਕ ਜਾਅਲੀ ਨੰਬਰ ਵਾਲੀ ਪਜੈਰੋ ਗੱਡੀ, 30 ਬੋਰ ਪਿਸਤੌਲ, 40 ਰੌਂਦ, ਜਾਅਲੀ ਵੋਟਰ ਕਾਰਡ, ਪੈਨ ਕਾਰਡ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਪੁਲਸ ਨੇ ਦਾਅਵਾ ਕੀਤਾ ਕਿ ਲਾਡੀ ਦੀ ਗ੍ਰਿਫ਼ਤਾਰੀ ਨਾਲ ਕਤਲ, ਗੱਡੀਆਂ ਖੋਹਣ ਅਤੇ ਅਗਵਾ ਕਰ ਕੇ ਫਿਰੌਤੀਆਂ ਲੈਣ ਦੀਆਂ ਦਰਜਨ ਵਾਰਦਾਤਾਂ ਟਰੇਸ ਹੋ ਗਈਆਂ ਹਨ। ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਲਾਡਾ ਨੂੰ ਐੱਸ. ਪੀ. (ਡੀ) ਹਰਵਿੰਦਰ ਸਿੰਘ ਵਿਰਕ, ਡੀ. ਐੱਸ. ਪੀ. (ਡੀ) ਸੁਖਮਿੰਦਰ ਸਿੰਘ ਅਤੇ ਸੀ. ਆਈ. ਏ. ਪਟਿਆਲਾ-2 ਦੇ ਇੰਚਾਰਜ ਇੰਸ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲਸ 'ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ਼
ਇੰਸ. ਬਿਕਰਮ ਬਰਾੜ ਨੇ ਪੁਲਸ ਪਾਰਟੀ ਸਮੇਤ ਮਿਰਜ਼ਾਪੁਰ-ਚੰਡੀਗੜ੍ਹ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਪਜੈਰੋ ਗੱਡੀ 'ਚ ਆ ਰਹੇ ਲਾਡਾ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ਪਾਰਟੀ 'ਤੇ ਗੱਡੀ ਚੜ੍ਹਾਉੁਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲਾਡਾ ਨੇ ਆਪਣੀ ਪਛਾਣ ਛੁਪਾਉਣ ਲਈ ਜਾਅਲੀ ਵੋਟਰ ਕਾਰਡ, ਪੈਨ ਕਾਰਡ ਤੇ ਪਾਸਪੋਰਟ ਬਣਾਏ ਹਨ ਜੋ ਸੁਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸ਼ੇਰਪੁਰ, ਮੁਕੰਦਪੁਰ, ਪੀਲੀਭੀਤ ਤੇ ਉੱਤਰ ਪ੍ਰਦੇਸ਼ ਦੇ ਨਾਂ 'ਤੇ ਹਨ। ਇਸ ਵਿਚ ਆਪਣੀ ਪਤਨੀ ਦਾ ਨਾਂ ਰਮਨਦੀਪ ਕੌਰ ਤੇ ਲੜਕੀ ਜੈਜੀ ਕੌਰ ਦੱਸਿਆ ਹੈ। ਪੁਲਸ ਨੇ ਲਾਡਾ ਖਿਲਾਫ਼ ਥਾਣਾ ਸਦਰ ਰਾਜਪੁਰਾ ਵਿਖੇ ਐੱਫ. ਆਈ. ਆਰ. ਨੰ. 50 ਅਧੀਨ ਧਾਰਾ 307, 353, 186, 467, 468, 473 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਵੀ ਦਰਜ ਕੀਤਾ ਹੈ।
27 ਨਵੰਬਰ ਨੂੰ 4 ਗੈਂਗਸਟਰਾਂ ਤੇ 2 ਅੱਤਵਾਦੀਆਂ ਨੂੰ ਛੁਡਵਾਇਆ ਸੀ
ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਪਿਛਲੇ ਸਾਲ 27 ਨਵੰਬਰ ਨੂੰ ਗੁਰਜੀਤ ਸਿੰਘ ਲਾਡਾ ਨੇ ਗੋਪੀ ਘਨਸ਼ਾਮਪੁਰੀਆ, ਗੋਪੀ ਕੌੜਾ, ਪ੍ਰੇਮਾ ਸਿੰਘ ਪ੍ਰੇਮਾ ਲਾਹੌਰੀਆ, ਪਲਵਿੰਦਰ ਸਿੰਘ ਪਿੰਦਾ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਨਾਭਾ ਜੇਲ 'ਤੇ ਹਮਲਾ ਕਰ ਕੇ 4 ਗੈਂਗਸਟਰਾਂ ਤੇ 2 ਅੱਤਵਾਦੀਆਂ ਨੂੰ ਛੁਡਵਾ ਲਿਆ ਸੀ। ਇਨ੍ਹਾਂ ਵਿਚੋਂ ਪੁਲਸ ਨੇ 3 ਗੈਂਗਸਟਰਾਂ ਤੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਸੀ। ਵਿੱਕੀ ਗੌਂਡਰ ਅਤੇ ਕਸ਼ਮੀਰਾ ਸਿੰਘ ਗਲਵੱਡੀ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਇਸ ਮਾਮਲੇ ਵਿਚ ਹੁਣ ਤੱਕ ਕੁੱਲ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਰੀਕਾ ਜਾਣ ਦੀ ਫਿਰਾਕ 'ਚ ਸੀ
ਐੱਸ. ਐੱਸ. ਪੀ. ਨੇ ਦੱਸਿਆ ਕਿ ਲਾਡਾ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਦੇ ਖਿਲਾਫ਼ ਪੰਜਾਬ ਭਰ ਵਿਚ ਇਕ ਦਰਜਨ ਤੋਂ ਜ਼ਿਆਦਾ ਕਤਲ, ਡਕੈਤੀਆਂ, ਲੁੱਟ-ਖੋਹ, ਗੱਡੀਆਂ ਖੋਹਣ, ਐੈੱਨ. ਡੀ. ਪੀ. ਐੈੱਸ. ਐਕਟ, ਅਸਲਾ ਐਕਟ ਅਤੇ ਅਗਵਾ ਕਰ ਕੇ ਫਿਰੌਤੀਆਂ ਲੈਣ ਦੇ ਕੇਸ ਦਰਜ ਹਨ। ਲਾਡਾ ਸਾਲ 2016 ਤੋਂ ਹੀ ਵੱਖ-ਵੱਖ ਮੁਕੱਦਮਿਆਂ ਵਿਚ ਭਗੌੜਾ ਹੈ। ਉਨ੍ਹਾਂ ਦੱਸਿਆ ਕਿ ਮਾਰਚ 2017 ਵਿਚ 10 ਦਿਨਾਂ ਲਈ ਆਪਣੀ ਘਰ ਵਾਲੀ ਤੇ ਬੱਚੀ ਨਾਲ ਦੁਬਈ ਚਲਾ ਗਿਆ ਸੀ। ਹੁਣ ਅਮਰੀਕਾ ਜਾਣ ਦੀ ਫਿਰਾਕ ਵਿਚ ਸੀ।
ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ
NEXT STORY