ਨਕੋਦਰ (ਸੋਨੂੰ)— ਨਕੋਦਰ ਵਿਖੇ 1986 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਹੋਏ ਗੋਲੀਕਾਂਡ 'ਚ ਸ਼ਹੀਦ ਹੋਏ 4 ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਨੂੰ ਸਿਟ ਬਣਾਉਣ ਦੀ ਮੰਗ ਕੀਤੀ ਹੈ। ਜਲੰਧਰ ਦੇ ਪ੍ਰੈੱਸ ਕਲੱਬ 'ਚ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਬੀਤੇ ਦਿਨ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿੱਥੇ ਉਨ੍ਹਾਂ ਦਾ ਦਰਦ ਛਲਕਿਆ। ਪ੍ਰੈੱਸ ਕਾਨਫਰੰਸ ਦੌਰਾਨ ਪੀੜਤਾਂ ਨੇ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਾਲੀ ਘਟਨਾ ਨੂੰ ਲੈ ਕੇ 4 ਫਰਵਰੀ ਨੂੰ ਨੌਜਵਾਨਾਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ ਪਰ ਸਥਿਤੀ ਉਦੋਂ ਖਰਾਬ ਹੋਈ ਜਦੋਂ ਇਲਾਕੇ 'ਚ ਕਰਫਿਊ ਲਗਾ ਦਿੱਤਾ ਗਿਆ। ਉਥੇ ਹੀ ਸਿੱਖ ਫੈੱਡਰੇਸ਼ਨ ਦੇ ਨੌਜਵਾਨਾਂ ਅਤੇ ਹੋਰ ਲੋਕਾਂ ਨੇ ਰੋਸ ਕੱਢਿਆ ਅਤੇ ਸ਼ਹਿਰ ਦੀ ਬਾਊਂਡਰੀ ਦੇ ਬਾਹਰ ਜਿੱਥੇ ਕਰਫਿਊਨਹੀਂ ਸੀ, ਉਥੇ ਆਪਸੀ ਮਤਭੇਦ ਹੋਏ। ਇਸੇ ਦੌਰਾਨ ਮਾਹੌਲ ਵਿਗੜ ਗਿਆ ਅਤੇ ਪੁਲਸ ਵੱਲੋਂ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ।
ਦਰਦ ਬਿਆਨ ਕਰਦੇ ਦੱਸਿਆ ਕਿ ਇਸ ਘਟਨਾ 'ਚ 3 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਚੌਥੇ ਨੌਜਵਾਨ ਸਿਵਲ ਹਸਪਤਾਲ ਲਿਜਾਂਦੇ ਸਮੇਂ ਗੋਲੀਆਂ ਮਾਰੀਆਂ ਗਈਆਂ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਪੀੜਤਾਂ ਨੇ ਦੱਸਿਆ ਕਿ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਕੋਈ ਇਨਸਾਫ ਨਹੀਂ ਮਿਲ ਸਕਿਆ ਹੈ। ਪੀੜਤਾਂ ਨੇ ਕਿਹਾ ਕਿ ਸਾਨੂੰ ਤਾਂ ਲੱਗਦਾ ਹੈ ਕਿ ਸਰਕਾਰ ਸ਼ਾਇਦ ਨਕੋਦਰ ਗੋਲੀਕਾਂਡ ਬਾਰੇ ਭੁੱਲ ਹੀ ਗਈ ਹੈ।
ਬਲਦੇਵ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਰਿਟਾਇਰਡ ਜਸਟਿਸ ਗੁਰਨਾਮ ਸਿੰਘ ਵੱਲੋਂ ਕੀਤੀ ਗਈ ਸੀ। ਇਸ ਦੀ ਰਿਪੋਰਟ 5 ਮਾਰਚ 2007 'ਚ ਪੰਜਾਬ ਵਿਧਾਨ ਸਭਾ 'ਚ ਬੜੇ ਹੀ ਡਰਾਮੇ ਵਾਲੇ ਢੰਗ ਨਾਲ ਪੇਸ਼ ਕੀਤੀ ਗਈ ਅਤੇ ਇਨ੍ਹਾਂ 'ਤੇ ਐਕਸ਼ਨ ਰਿਪੋਰਟ ਪੇਸ਼ ਕਰਨ ਦੀ ਲੋੜ ਵੀ ਨਹੀਂ ਸਮਝੀ ਗਈ। ਇਹ ਰਿਪੋਰਟ ਜੋ ਦੋ ਭਾਗਾਂ 'ਚ ਸੀ, ਇਸ ਦਾ ਇਕ ਹੀ ਭਾਗ ਮਿਲ ਸਕਿਆ ਹੈ, ਜਦੋਂਕਿ ਦੂਜਾ ਭਾਗ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ 'ਚੋਂ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਰਿਪੋਰਟ ਦਾ ਪਹਿਲਾ ਭਾਗ ਤਾਂ ਮਿਲ ਗਿਆ ਹੈ, ਦੂਜਾ ਭਾਗ ਪ੍ਰਾਪਤ ਕਰਨ 'ਤੇ ਇਨਸਾਫ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਅਤੇ ਉਨ੍ਹਾਂ ਵਲੋਂ ਪ੍ਰੈੱਸ ਬਿਆਨਾਂ ਰਾਹੀਂ ਦਿੱਤੇ ਗਏ ਭਰੋਸੇ ਕਿ ਨਕੋਦਰ ਸਾਕੇ ਦੀ ਦੋਬਾਰਾ ਜਾਂਚ ਕਰਵਾਈ ਜਾਵੇਗੀ, ਹਰ ਹਾਲਤ 'ਚ ਇਨਸਾਫ ਦਿਵਾਇਆ ਜਾਵੇਗਾ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਵਿਧਾਨ ਸਭਾ 'ਚ ਵਿਧਾਇਕ ਕੰਵਰ ਸੰਧੂ, ਐੱਚ. ਐੱਸ. ਫੂਲਕਾ ਆਵਾਜ਼ ਉਠਾ ਚੁੱਕੇ ਹਨ ਅਤੇ ਐਕਸ਼ਨ ਰਿਪੋਰਟ ਲਈ ਮੰਗ ਕਰ ਚੁੱਕੇ ਹਨ। ਸਾਬਕਾ ਐੱਮ. ਪੀ. ਧਰਮਵੀਰ ਗਾਂਧੀ ਪਾਰਲੀਮੈਟ 'ਚ ਅਤੇ ਸਾਬਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਮੁੱਖ ਮੰਤਰੀ ਪੰਜਾਬ ਨੂੰ ਲਿਖ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਚੋਣਾਂ ਦੌਰਾਨ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਨਕੋਦਰ ਗੋਲੀਕਾਂਡ ਦੀ ਦੋਬਾਰਾ ਜਾਂਚ ਲਈ ਆਖ ਚੁੱਕੇ ਹਨ ਪਰ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੇ।
ਇਸ ਮੌਕੇ ਪਰਿਵਾਰ ਨੇ ਸਰਕਾਰ ਨੂੰ ਮੰਗ ਕਰਦੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ 'ਚ ਜਾਂਚ ਕਰ ਰਹੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਦੋਵੇਂ ਹਿੱਸਿਆਂ ਨੂੰ ਜਨਤਕ ਕਰੇ ਅਤੇ ਜਵਦੀ ਤੋਂ ਜਲਦੀ ਇਸ ਮਾਮਲੇ 'ਚ ਜਾਂਚ ਲਈ ਸਿਟ ਦਾ ਗਠਨ ਕਰਕੇ ਮੁਲਜ਼ਮ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ, ਦਰਬਾਰਾ ਸਿੰਘ ਗੁਰੂ ਅਤੇ ਇਜ਼ਹਾਰ ਆਲਮ ਦੀ ਭੂਮਿਕਾ ਦੀ ਜਾਂਚ ਕਰੇ। ਪਰਿਵਾਰ ਨੇ ਮੰਗ ਕੀਤੀ ਕਿ ਜਾਂਚ ਤੋਂ ਬਾਅਦ ਪੁਲਸ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬਣੀ ਇਕ ਹੋਰ ਟਿਕ-ਟਾਕ ਵੀਡੀਓ, SGPC ਨੇ ਲਿਆ ਨੋਟਿਸ
NEXT STORY