ਲੁਧਿਆਣਾ(ਪੰਕਜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਤਾ ਵਿਚ ਆਉਂਦੇ ਹੀ ਰਾਸ਼ਟਰੀ ਪੱਧਰ 'ਤੇ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਦੀ ਪੁਲਸ ਕਮਿਸ਼ਨਰੇਟ ਦੇ ਅਧੀਨ ਪੈਂਦੇ ਪੁਲਸ ਸਟੇਸ਼ਨਾਂ 'ਚ ਹਵਾ ਨਿਕਲਦੀ ਦਿਖਾਈ ਦਿੰਦੀ ਹੈ। ਇਸ ਮੁਹਿੰਮ ਦੌਰਾਨ ਸਹੁਰੇ ਘਰ ਟਾਇਲਟ ਨਾ ਹੋਣ 'ਤੇ ਜਿਥੇ ਕਈ ਔਰਤਾਂ ਨੇ ਵਿਆਹ ਤੱਕ ਕਰਨ ਤੋਂ ਇਨਕਾਰ ਕਰ ਦਿੱਤਾ, ਉਥੇ ਕੁਝ ਨੇ ਸਹੁਰੇ ਛੱਡ ਉਦੋਂ ਤੱਕ ਨਾ ਆਉਣ ਦਾ ਪ੍ਰਣ ਲਿਆ ਜਦੋਂ ਤੱਕ ਘਰਾਂ ਵਿਚ ਟਾਇਲਟ ਦੀ ਉਸਾਰੀ ਨਹੀਂ ਹੁੰਦੀ। ਖੁੱਲ੍ਹੇ ਵਿਚ ਪੇਸ਼ਾਬ ਖਿਲਾਫ ਛਿੜੀ ਇਸ ਮੁਹਿੰਮ ਨੇ ਦੇਸ਼ ਵਿਚ ਨਵੀਂ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਹੈ। ਦੂਜੇ ਪਾਸੇ ਜੇਕਰ ਕਮਿਸ਼ਨਰੇਟ ਦੇ ਅਧੀਨ ਪੈਂਦੇ 28 ਪੁਲਸ ਸਟੇਸ਼ਨਾਂ ਵਿਚ ਔਰਤਾਂ ਲਈ ਵੱਖਰੇ ਟਾਇਲਟ, ਪੀਣ ਦਾ ਪਾਣੀ ਅਤੇ ਬੈਠਣ ਦੇ ਯੋਗ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਮਾਡਰਨ ਪੁਲਸ ਸਟੇਸ਼ਨਾਂ ਨੂੰ ਛੱਡ ਬਾਕੀ ਵਿਚ ਹਾਲਾਤ ਜਿਓਂ ਦੇ ਤਿਓਂ ਬਣੇ ਹੋਏ ਹਨ। ਇਨ੍ਹਾਂ ਪੁਲਸ ਸਟੇਸ਼ਨਾਂ ਵਿਚ ਆਉਣ ਵਾਲੀਆਂ ਔਰਤਾਂ ਨੂੰ ਬਾਥਰੂਮ ਜਾਣ ਲਈ ਆਲੇ-ਦੁਆਲੇ ਦੇ ਹੋਟਲਾਂ ਜਾਂ ਪ੍ਰਾਈਵੇਟ ਥਾਵਾਂ 'ਤੇ ਜਾ ਕੇ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ।
ਇਨ੍ਹਾਂ ਪੁਲਸ ਸਟੇਸ਼ਨਾਂ ਵਿਚ ਹਾਲਾਤ ਹਨ ਠੀਕ
ਅਜਿਹਾ ਨਹੀਂ ਕਿ ਸ਼ਹਿਰ ਦੇ ਸਾਰੇ ਪੁਲਸ ਸਟੇਸ਼ਨਾਂ ਵਿਚ ਔਰਤਾਂ ਲਈ ਟਾਇਲਟ ਵੱਖਰੇ ਨਹੀਂ ਹਨ। ਮਾਡਰਨ ਪੁਲਸ ਸਟੇਸ਼ਨ ਦੇ ਰੂਪ ਵਿਚ ਜਾਣੇ ਜਾਂਦੇ ਸਦਰ, ਦੁੱਗਰੀ, ਡਵੀਜ਼ਨ ਨੰ.7, ਸਾਹਨੇਵਾਲ, ਪੀ. ਏ. ਯੂ. ਅਜਿਹੇ ਹਨ ਜਿਥੇ ਔਰਤਾਂ ਦੇ ਟਾਇਲਟ, ਪੀਣ ਦੇ ਪਾਣੀ ਅਤੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਹੈ।
ਜ਼ਿਆਦਾਤਰ ਪੁਲਸ ਸਟੇਸ਼ਨਾਂ ਵਿਚ ਟਾਇਲਟਾਂ ਦੀ ਹਾਲਤ ਖਸਤਾ
ਕੁਝ ਪੁਲਸ ਸਟੇਸ਼ਨ ਅਜਿਹੇ ਵੀ ਹਨ ਜਿਥੇ ਔਰਤਾਂ ਲਈ ਵੱਖਰੇ ਟਾਇਲਟ ਤਾਂ ਹਨ ਪਰ ਉਨ੍ਹਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਇਨ੍ਹਾਂ ਦੀ ਵਰਤੋਂ ਕਰਨਾ ਬੇਹੱਦ ਮੁਸ਼ਕਲ ਹੈ। ਪੁਲਸ ਸਟੇਸ਼ਨ 2, 3, 4, ਫੋਕਲ ਪੁਆਇੰਟ, ਹੈਬੋਵਾਲ, ਜੋਧੇਵਾਲ, ਮੋਤੀ ਨਗਰ, ਸਰਾਭਾ ਨਗਰ ਵਿਚ ਬਾਥਰੂਮਾਂ ਦੀ ਹਾਲਤ ਖਸਤਾ ਹੈ ਜਾਂ ਫਿਰ ਇਨ੍ਹਾਂ ਵਿਚ ਸਾਫ-ਸਫਾਈ ਜਾਂ ਪਾਣੀ ਦੀ ਯੋਗ ਵਿਵਸਥਾ ਨਹੀਂ ਹੈ। ਇਨ੍ਹਾਂ ਪੁਲਸ ਸਟੇਸ਼ਨਾਂ ਵਿਚ ਆਉਣ ਵਾਲੀਆਂ ਔਰਤਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਵੂਮੈਨ ਸੈੱਲ ਵਿਚ ਬਾਥਰੂਮ ਦਾ ਬੁਰਾ ਹਾਲ
ਪੂਰੇ ਸ਼ਹਿਰ ਦੇ ਇਕੋ-ਇਕ ਵੂਮੈਨ ਸੈੱਲ, ਜਿਸ ਵਿਚ ਹਰ ਰੋਜ਼ ਭਾਰੀ ਗਿਣਤੀ ਵਿਚ ਪੀੜਤ ਔਰਤਾਂ ਆਪਣੇ ਪਰਿਵਾਰਾਂ ਨਾਲ ਪੁੱਜਦੀਆਂ ਹਨ, ਉਥੇ ਨਾ ਸਿਰਫ ਦੇਸੀ ਬਾਥਰੂਮ ਬਣਿਆ ਹੋਇਆ ਹੈ ਬਲਕਿ ਉਸ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਔਰਤਾਂ ਉਸ ਦੀ ਵਰਤੋਂ ਕਰਨ ਦੀ ਬਜਾਏ ਦੂਜੀ ਜਗ੍ਹਾ ਲੱਭਦੀਆਂ ਰਹਿੰਦੀਆਂ ਹਨ।
ਸਾਰੇ ਪੁਲਸ ਸਟੇਸ਼ਨਾਂ 'ਚ ਬਣਨ ਆਧੁਨਿਕ ਬਾਥਰੂਮ
ਸਮਾਜ ਸੇਵੀ ਅੰਜੂ ਧਵਨ, ਰਵਿੰਦਰ ਕੌਰ ਅਤੇ ਸੁਨੀਤਾ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਪੁਲਸ ਸਟੇਸ਼ਨਾਂ, ਖਾਸ ਕਰ ਕੇ ਵੂਮੈਨ ਸੈੱਲ ਵਿਚ ਸਾਫ-ਸੁਥਰੇ ਤੇ ਆਧੁਨਿਕ ਟਾਇਲਟਾਂ ਦੀ ਤੁਰੰਤ ਉਸਾਰੀ ਕਰਵਾਈ ਜਾਵੇ ਤੇ ਨਾਲ ਹੀ ਔਰਤਾਂ ਦੇ ਬੈਠਣ ਤੇ ਸਾਫ ਪੀਣ ਵਾਲੇ ਪਾਣੀ ਦੀ ਵੀ ਯੋਗ ਵਿਵਸਥਾ ਕੀਤੀ ਜਾਵੇ।
ਆਮਦਨ ਕਰ ਵਿਭਾਗ ਨੇ ਸ਼ਹਿਰ 'ਚ 5 ਯੂਨਿਟਾਂ 'ਤੇ ਮਾਰਿਆ ਛਾਪਾ
NEXT STORY