ਪਟਿਆਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੂਨ ਤੋਂ ਬਾਅਦ ਕੇਂਦਰੀ ਕੈਬਨਿਟ 'ਚ ਫੇਰਬਦਲ ਕਰ ਸਕਦੇ ਹਨ। ਸੂਤਰਾਂ ਅਨੁਸਾਰ ਮੋਦੀ ਆਪਣੀ ਕੈਬਨਿਟ ਵਿਚ ਸਿੱਖੀ ਸਰੂਪ ਵਾਲਾ ਮੰਤਰੀ ਸ਼ਾਮਲ ਕਰਨਾ ਚਾਹੁੰਦੇ ਹਨ। ਬੇਸ਼ੱਕ ਮੌਜੂਦਾ ਸਮੇਂ ਸਿੱਖ ਅਤੇ ਪੰਜਾਬੀ ਕੋਟੇ 'ਚੋਂ ਹਸਿਮਰਤ ਕੌਰ ਬਾਦਲ ਕੇਂਦਰ 'ਚ ਕੈਬਨਿਟ ਮੰਤਰੀ ਹਨ ਪਰ ਮੋਦੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੈਬਨਿਟ 'ਚ ਸਿੱਖੀ ਸਰੂਪ ਵਾਲਾ ਮੰਤਰੀ ਜ਼ਰੂਰ ਹੋਵੇ, ਜਿਸ ਲਈ ਮੋਦੀ ਅਤੇ ਅਮਿਤ ਸ਼ਾਹ ਤੀਸਰੀ ਵਾਰ ਐਮ. ਪੀ. ਬਣੇ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਕੇਂਦਰ 'ਚ ਰਾਜ ਮੰਤਰੀ ਬਨਾਉਣਾ ਚਾਹੁੰਦੇ ਹਨ। ਇਸ ਬਾਰੇ ਅਮਿਤ ਸ਼ਾਹ ਅਤੇ ਮੋਦੀ ਨੇ ਇੱਛਾ ਵੀ ਜ਼ਾਹਰ ਕੀਤੀ ਹੈ ਪਰ ਪੰਜਾਬ ਦੇ ਸਿਆਸੀ ਹਾਲਾਤ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਦੂਮਾਜਰਾ ਦੇ ਮੰਤਰੀ ਬਨਣ ਦੇ ਰਸਤੇ 'ਚ ਰੋੜਾ ਬਣੇ ਹੋਏ ਹਨ ਅਤੇ ਉਨ੍ਹਾਂ ਕਾਰਨ ਚੰਦੂਮਾਜਰਾ ਦੇ ਨਾਮ 'ਤੇ ਬ੍ਰੇਕ ਲੱਗੀ ਹੋਈ ਹੈ। ਅਕਾਲੀ ਦਲ ਲਈ ਕੇਂਦਰੀ ਕੈਬਨਿਟ ਲਈ ਆਪਣੇ ਕੋਟੇ 'ਚੋਂ ਕਿਸੇ ਸਾਂਸਦ ਦਾ ਨਾਮ ਭੇਜਣਾ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਕਿਉਂਕਿ ਮੋਦੀ ਵਲੋਂ ਅਕਾਲੀ ਦਲ ਦਾ ਇਕ ਰਾਜ ਮੰਤਰੀ ਬਣਾਇਆ ਜਾਣਾ ਹੈ।
ਵਾਜਪੇਈ ਸਰਕਾਰ 'ਚ ਐਮ. ਪੀ. ਸੁਖਦੇਵ ਸਿੰਘ ਢੀਂਡਸਾ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਲਿਹਾਜ਼ਾ ਉਹ ਰਾਜ ਮੰਤਰੀ ਬਣ ਕੇ ਆਪਣੀ ਡਿਮੋਸ਼ਨ ਨਹੀਂ ਕਰਵਾਉਣਾ ਚਾਹੁੰਦੇ। ਇਸ ਤਰ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਪੰਜਾਬ 'ਚ ਕਈ ਵਾਰ ਵਿਧਾਇਕ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਹ ਵੀ ਰਾਜ ਮੰਤਰੀ ਨਹੀਂ ਬਣਨਾ ਚਾਹੁੰਦੇ ਜਦਕਿ ਚੰਦੂਮਾਜਰਾ ਨੂੰ ਬਾਦਲ ਪਰਿਵਾਰ ਕੇਂਦਰ 'ਚ ਮੰਤਰੀ ਬਨਣ ਨਹੀਂ ਦੇਣਾ ਚਾਹੁੰਦਾ। ਅਜਿਹੇ 'ਚ ਅਕਾਲੀ ਦਲ ਲਈ ਪ੍ਰੇਸ਼ਾਨੀ ਬਣੀ ਹੋਈ ਹੈ ਕਿ ਉਹ ਕਿਸ ਆਗੂ ਨੂੰ ਕੇਂਦਰ 'ਚ ਮੰਤਰੀ ਬਣਾਏ। ਜੇਕਰ ਅਕਾਲੀ ਦਲ ਵਲੋਂ ਆਪਣੇ ਆਗੂ ਦਾ ਨਾਮ ਨਹੀਂ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਭਾਜਪਾ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦੇ ਪ੍ਰਚਾਰ ਦਾ ਲਾਭ ਲੈਣਾ ਚਾਹੁੰਦੀ ਹੈ ਜਿਸ ਕਾਰਨ ਪਾਰਟੀ 'ਚ ਵਿਚਾਰ ਚੱਲ ਰਿਹਾ ਹੈ ਕਿ ਸਿੱਧੂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਜਾਂ ਫਿਰ ਸਰਕਾਰ 'ਚ ਰਾਜ ਮੰਤਰੀ ਬਣਾਇਆ ਜਾਵੇ। ਕੇਂਦਰੀ ਕੈਬਨਿਟ 'ਚ ਸਿੱਖੀ ਸਰੂਪ ਵਾਲਾ ਮੰਤਰੀ ਸ਼ਾਮਲ ਕਰਕੇ ਭਾਜਪਾ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਸ ਦੇ ਨਾਲ ਹਰ ਧਰਮ ਦੇ ਲੋਕ ਹਨ। ਇਸ ਲਈ ਭਾਜਪਾ ਨੇ ਨਜ਼ਮਾ ਹੇਪਤੁਲਾ ਅਤੇ ਮੁਖਤਾਰ ਅੱਬਾਸ ਨਕਵੀ ਮੁਸਲਿਮ ਚਿਹਰੇ ਵੀ ਸ਼ਾਮਲ ਕੀਤੇ ਹਨ।
ਜੱਥੇਦਾਰ ਟੌਹੜਾ ਦੇ ਪਰਿਵਾਰ ਨੂੰ ਅਕਾਲੀ ਦਲ ਨੇ ਲਾਇਆ 'ਨੁੱਕਰੇ'
NEXT STORY