ਅੰਮ੍ਰਿਤਸਰ (ਦਲਜੀਤ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਜੇਲ ਭਰੋ ਮੋਰਚੇ ਤਹਿਤ ਗ੍ਰਿਫਤਾਰੀਆਂ ਦੇਣ ਪੁੱਜੇ ਕਿਸਾਨਾਂ ਦੇ ਇਕੱਠ ਨੂੰ ਦੇਖ ਕੇ ਪੁਲਸ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਕਿਸਾਨ ਸਰਕਾਰ ਤੇ ਪੁਲਸ ਨੂੰ ਲਲਕਾਰਦੇ ਰਹੇ ਕਿ ਜੇਕਰ ਮੰਗਾਂ ਨਹੀਂ ਮੰਨਣੀਆਂ ਤਾਂ ਸਾਨੂੰ ਗ੍ਰਿਫਤਾਰ ਕਰ ਲਓ ਪਰ ਪੁਲਸ ਨੇ ਕਿਸੇ ਵੀ ਕਿਸਾਨ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ। ਕਿਸਾਨਾਂ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਜੇਲ ਭਰੋ ਅੰਦੋਲਨ 'ਚ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲਿਆਂ ਦੇ ਕਾਰਕੁੰਨ ਵੱਡੀ ਗਿਣਤੀ 'ਚ ਪੁੱਜੇ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨਾਲ ਚੋਣਾਂ 'ਚ ਵਾਅਦੇ ਕਰ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਕਿਸਾਨਾਂ ਦੀਆਂ ਅਹਿਮ ਮੰਗਾਂ ਨੂੰ ਭੁੱਲ ਗਈ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਕੈਪਟਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਈ ਵਾਰ ਕਿਸਾਨਾਂ ਨੂੰ ਮੰਗਾਂ ਸਬੰਧੀ ਭਰੋਸਾ ਦੇ ਕੇ ਸਰਕਾਰ ਮੁੱਕਰ ਚੁੱਕੀ ਹੈ। ਸਰਕਾਰ ਦੇ ਨਾਕਾਰਾਤਮਕ ਵਤੀਰੇ ਨੂੰ ਦੇਖਦਿਆਂ ਕਿਸਾਨਾਂ 'ਚ ਭਾਰੀ ਰੋਸ ਹੈ। ਪਹਿਲੇ ਅੰਦੋਲਨ ਤਹਿਤ ਰੇਲਾਂ ਰੋਕੀਆਂ ਗਈਆਂ ਸਨ ਤੇ ਹੁਣ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਦੇ ਕੇ ਗ੍ਰਿਫਤਾਰੀਆਂ ਲਈ ਪੁਲਸ ਨੂੰ ਕਿਹਾ ਜਾ ਰਿਹਾ ਹੈ। ਸਰਕਾਰ ਨੇ ਜੇਕਰ ਮੰਗਾਂ ਨਹੀਂ ਮੰਨਣੀਆਂ ਤਾਂ ਕਿਸਾਨਾਂ ਨੂੰ ਜੇਲਾਂ ਵਿਚ ਹੀ ਡੱਕ ਦੇਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਦੇਸ਼ ਦੀ ਖੇਤੀ ਮੰਡੀ ਤੋੜ ਕੇ ਨਿੱਜੀ ਹੱਥਾਂ 'ਚ ਦੇਣ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਏਸ਼ੀਆ ਦੇ 16 ਦੇਸ਼ਾਂ ਦਰਮਿਆਨ ਕਰ-ਮੁਕਤ ਵਪਾਰਕ ਸਮਝੌਤਾ ਜੂਨ ਮਹੀਨੇ 'ਚ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਚੀਨ, ਆਸਟਰੇਲੀਆ, ਜਾਪਾਨ, ਨਿਊਜ਼ੀਲੈਂਡ ਆਦਿ ਮੁਲਕਾਂ 'ਚੋਂ ਕਣਕ, ਝੋਨਾ, ਦੁੱਧ, ਖੰਡ, ਫਲ ਆਦਿ ਵਸਤੂਆਂ ਕਰ-ਮੁਕਤ ਕਰਨ ਨਾਲ ਭਾਰਤ ਸਰਕਾਰ ਨੂੰ ਖੁੱਲ੍ਹੀ ਆਮਦਨ ਹੋਵੇਗੀ, ਜਿਸ ਨਾਲ ਭਾਰਤ ਦੀ ਖੇਤੀ ਤੇ ਪੰਜਾਬ ਵਰਗਾ ਖੇਤੀ ਆਧਾਰਿਤ ਸੂਬਾ ਤਬਾਹ ਹੋ ਜਾਵੇਗਾ।
ਇਹ ਹਨ ਮੁੱਖ ਮੰਗਾਂ
ਕਿਸਾਨਾਂ, ਮਜ਼ਦੂਰਾਂ ਨੇ ਮੰਗ ਕੀਤੀ ਕਿ ਝੋਨਾ ਲਾਉਣ ਲਈ 1 ਜੂਨ ਦੀ ਤਰੀਕ ਤੈਅ ਕੀਤੀ ਜਾਵੇ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਫਸਲਾਂ ਦੇ ਭਾਅ ਦਿੱਤੇ ਜਾਣ, ਕਿਸਾਨਾਂ, ਮਜ਼ਦੂਰਾਂ ਦਾ ਸਰਕਾਰੀ, ਸਹਿਕਾਰੀ ਤੇ ਨਿੱਜੀ ਬੈਂਕਾਂ ਦਾ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਭਾਅ ਮੁਤਾਬਕ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਦੋਹਰੀ ਗਾਰੰਟੀ ਤਹਿਤ ਬੈਂਕਾਂ ਵੱਲੋਂ ਲਏ ਗਏ ਖਾਲੀ ਚੈੱਕ ਕਿਸਾਨਾਂ ਨੂੰ ਵਾਪਸ ਕੀਤੇ ਜਾਣ। ਪੰਜਾਬ ਨੂੰ ਨਸ਼ਾ-ਮੁਕਤ ਕੀਤਾ ਜਾਵੇ। ਬੇਰੋਜ਼ਗਾਰ ਨੌਜਵਾਨਾਂ ਨੂੰ ਘਰ-ਘਰ ਨੌਕਰੀ, ਨਸ਼ਾ ਪੀੜਤਾਂ ਦਾ ਨਸ਼ਾ ਕੇਂਦਰਾਂ 'ਚ ਇਲਾਜ ਕਰਵਾ ਕੇ ਮੁੜ ਵਸੇਬਾ ਕੀਤਾ ਜਾਵੇ। ਮਜ਼ਦੂਰਾਂ ਨੂੰ ਸਸਤਾ ਅਨਾਜ, 5-5 ਮਰਲੇ ਦੇ ਪਲਾਟ, ਸ਼ਗਨ ਸਕੀਮ 51000 ਰੁਪਏ, ਨਰੇਗਾ 'ਚ 365 ਦਿਨ ਕੰਮ, ਦਿਹਾੜੀ ਦੁੱਗਣੀ, ਨਰੇਗਾ ਨੂੰ ਖੇਤੀਬਾੜੀ 'ਚ ਸ਼ਾਮਿਲ ਕਰਕੇ ਇਹ ਸਕੀਮ ਲਾਗੂ ਕੀਤੀ ਜਾਵੇ। ਮੰਨੀ ਹੋਈ ਮੰਗ ਮੁਤਾਬਕ ਮਜ਼ਦੂਰਾਂ ਦੇ ਘਰੇਲੂ ਬਿਜਲੀ ਬਿੱਲ ਬਕਾਏ ਖਤਮ ਕੀਤੇ ਜਾਣ। ਅਬਾਦਕਾਰਾਂ ਨੂੰ ਅਬਾਦ ਕੀਤੀਆਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ, ਗੰਨਾ ਮਿੱਲਾਂ ਵੱਲੋਂ ਕਿਸਾਨਾਂ ਦਾ ਪਿਛਲਾ ਬਕਾਇਆ ਤੇ ਨਵੀਂ ਪੇਮੈਂਟ ਤੁਰੰਤ ਦਿੱਤੀ ਜਾਵੇ, ਪੂਰਾ ਗੰਨਾ ਪੀੜਾਈ ਤੱਕ ਮਿੱਲਾਂ ਚਲਾਈਆਂ ਜਾਣ, ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਖਿਲਾਫ ਛਾਪੇਮਾਰੀ ਕਰ ਕੇ ਵਿਕਰੇਤਾਵਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੁੱਧ ਦਾ ਲਾਹੇਵੰਦ ਭਾਅ ਦਿੱਤਾ ਜਾਵੇ, ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਉਨ੍ਹਾਂ ਦਾ ਸਮੁੱਚ ਕਰਜ਼ਾ ਖਤਮ ਕੀਤਾ ਜਾਵੇ, ਪਿੰਡ ਕਲੇਰਬਾਲਾ ਦੀ ਫਿਰਨੀ ਦੀ ਨਿਸ਼ਾਨਦੇਹੀ ਜੋ ਹੋ ਚੁੱਕੀ ਹੈ, ਅਨੁਸਾਰ ਰਸਤਾ ਕਢਵਾ ਕੇ ਨਾਲਾ ਬਣਾਇਆ ਜਾਵੇ, ਕਿਸਾਨ ਆਗੂਆਂ 'ਤੇ ਪਾਏ ਆਰ. ਪੀ. ਐੱਫ. ਅਤੇ ਪੰਜਾਬ ਪੁਲਸ ਦੇ ਕੇਸ ਵਾਪਸ ਲਏ ਜਾਣ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਤੇ ਜਮਹੂਰੀਅਤ ਦੇ ਨਾਂ 'ਤੇ ਧੱਬਾ ਲਾਉਣ ਵਾਲਾ ਕਾਨੂੰਨ ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2017 ਵਾਪਸ ਲਿਆ ਜਾਵੇ, ਜਥੇਬੰਦ ਹੋਣ, ਬੋਲਣ ਤੇ ਇਕੱਠੇ ਹੋਣ ਦੀ ਆਜ਼ਾਦੀ ਬਰਕਰਾਰ ਰੱਖੀ ਜਾਵੇ।
ਪਹਿਲੀ ਜਮਾਤ ਦੀ ਬੱਚੀ ਨਾਲ ਆਟੋ ਚਾਲਕ ਵਲੋਂ ਜਬਰ-ਜ਼ਨਾਹ
NEXT STORY