ਅੰਮ੍ਰਿਤਸਰ- ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਖਿੱਤੇ ਵਿਚ ਸਭ ਤੋਂ ਸਸਤਾ ਹੋਣ ਦੇ ਦਾਅਵੇ ਕਰਦੇ ਝੂਠੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕੇ ਝੂਠ ਬੋਲਣ ਅਤੇ ਧੋਖਾ ਦੇਣ ਦਾ ਦੋਸ਼ ਲਗਾਇਆ ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਪੈਟਰੋਲੀਅਮ ਵਸਤਾਂ ਦੇ ਭਾਅ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਜ਼ਿਆਦਾ ਹਨ। ਸੀਨੀਅਰ ਅਕਾਲੀ ਆਗੂ ਇਥੇ ਆਪ ਦੇ ਆਗੂ ਤੇ ਕੌਂਸਲਰ ਅਮਰਜੀਤ ਸਿੰਘ ਭਾਟੀਆ ਦੇ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਾਮਲੇ ਦੀ ਸੱਚਾਈ ਇਹ ਹੈ ਕਿ ਪੈਟਰੋਲ ਅਤੇ ਡੀਜ਼ਲ ਦਾ ਭਾਅ ਪੰਜਾਬ ਤੇ ਰਾਜਸਥਾਨ ਵਿਚ ਪਿਛਲੇ ਕਈ ਸਾਲਾਂ ਤੋਂ ਸਭ ਤੋਂ ਜ਼ਿਆਦਾ ਹੈ ਜਦੋ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਾਰ ਵਾਰ ਇਨ੍ਹਾਂ ਦੇ ਰੇਟਾਂ ਵਿਚ ਕਟੌਤੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ’ਤੇ ਸੂਬੇ ਦੇ ਵੈਟ ਦੀਆਂ ਦਰਾਂ ਵਿਚ ਕਟੌਤੀ ਨਹੀਂ ਕੀਤੀ ਜਦੋਂ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਹਾਂ ’ਤੇ ਕੇਂਦਰੀ ਆਬਕਾਰੀ ਡਿਊਟੀ ਪੰਜ ਰੁਪਏ ਘਟਾਈ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਸੂਬੇ ਨੁੰ ਆਪਣੇ ਵੱਲੋਂ ਕਟੌਤੀ ਕਰਨ ਲਈ ਉਦੋਂ ਮਜਬੂਰ ਹੋਣਾ ਪਿਆ ਹੈ ਜਦੋਂ ਕੇਂਦਰ ਸਰਕਾਰ ਦੇ ਨਾਲ ਹੀ ਕਈ ਰਾਜਾਂ ਨੇ ਆਪਣੇ ਵੈਟ ਵਿਚ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ- ਨਵਾਂਸ਼ਹਿਰ ਦੇ ਸੀ. ਆਈ. ਏ. ਸਟਾਫ ’ਚ ਹੋਇਆ ਧਮਾਕਾ, ਜਾਂਚ ਜਾਰੀ
ਸਰਦਾਰ ਮਜੀਠੀਆ ਨੇ ਕਿਹਾ ਕਿ ਹੁਣ ਵੀ ਕਾਂਗਰਸ ਸਰਕਾਰ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚ ਕਟੌਤੀ ਕਰਨ ਲਈ ਮਜਬੂਰ ਹੋਣ ਮਗਰੋਂ ਵੀ ਇਹ ਦਾਅਵੇ ਕਰ ਕੇ ਡਰਾਮੇਬਾਜ਼ੀ ਕਰ ਰਹੀ ਹੈ ਕਿ ਇਹ ਦਰਾਂ ਸਭ ਤੋਂ ਘੱਟ ਹਨ ਜਦੋਂ ਕਿ ਸੂਬੇ ਦੀਆਂ ਡੀਜ਼ਲ ਕੀਮਤਾਂ ਚੰਡੀਗੜ੍ਹ ਨਾਲੋਂ 3 ਰੁਪਏ ਲੀਟਰ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਨਾਲੋਂ 3.25 ਰੁਪਏ ਪ੍ਰਤੀ ਲੀਟਰ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਦਾਅਵਾ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ ਕਿ ਉਸਨੇ ਵੱਡੀ ਰਾਹਤ ਦਿੱਤੀ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਇਸਨੈ ਪੰਜ ਸਾਲਾਂ ਵਿਚ ਇਹਨਾਂ ਟੈਕਸਾਂ ਤੋਂ ਪੰਜਾਬੀਆਂ ਤੋਂ 30 ਹਜ਼ਾਰ ਕਰੋੜ ਰੁਪਏ ਉਗਰਾਹੇ ਹਨ।
ਅਕਾਲੀ ਆਗੂ ਨੇ ਘਰ ਘਰ ਨੌਕਰੀ ਸਕਮ ਸਿਰਫ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਤੇ ਰਿਸ਼ਤੇਦਾਰਾਂ ਲਈ ਹੀ ਯੋਗ ਬਣਾਉਣ ’ਤੇ ਵੀ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਿਯਮਾਂ ਨੁੰ ਛਿੱਕੇ ਟੰਗ ਕੇ ਬੇਅਤ ਸਿੰਘ ਦੇ ਪਰਿਵਾਰ ਵਿਚੋਂ ਮੁੰਡੇ ਨੁੰ ਡੀ. ਐਸ. ਪੀ. ਬਣਾਇਆ ਗਿਆ ਤੇ ਫਿਰ ਰਾਕੇਸ਼ ਪਾਂਡੇ ਦੇ ਪੁੱਤਰ ਨੁੰ ਤਹਿਸੀਲਦਾਰ ਅਤੇ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਈ ਟੀਓ ਨਿਯੁਕਤ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਵੱਲੋਂ ਬਣਾਏ ਵੀ ਆਈ ਪੀ ਕੋਟੇ ਦੀ ਵਰਤੋਂ ਕਰਨ ਦੀ ਵਾਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸੀ ਜਿਨ੍ਹਾਂ ਨੇ ਆਪਣਾ ਜਵਾਈ ਐਡੀਸ਼ਨਲ ਐਡਵੋਕੇਟ ਜਨਰਲ ਲੁਆ ਲਿਆ ਹੈ। ਉਹਨਾਂ ਕਿਹਾ ਕਿ 2017 ਦੇ ਇਸ ਐਕਟ ਰਾਹੀਂ ਇਹ ਲਾਜ਼ਮੀ ਹੈ ਕਿ ਵਕੀਲ ਨੁੰ ਇਸ ਅਹੁਦੇ ਲਈ 16 ਸਾਲ ਵਕਾਲਤ ਕਰਨ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਪਰ ਮੌਜੂਦਾ ਨਿਯੁਕਤੀ ਕਰਨ ਵਾਸਤੇ ਗੈਰ ਸਾਧਾਰਣ ਹਾਲਾਤਾਂ ਦਾ ਲਾਭ ਲੈ ਕੇ ਇਹ ਨਿਯਮ ਛਿੱਕੇ ਟੰਗ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ DAP ਖਾਦ ਦੀ ਘਾਟ ਨੂੰ ਲੈ ਕੇ ਚੰਨੀ ਸਰਕਾਰ ’ਤੇ ਵਰ੍ਹੇ ਸੁਖਬੀਰ ਬਾਦਲ, ਯਾਦ ਕਰਾਏ ਬਾਦਲ ਸਰਕਾਰ ਦੇ ਦਿਨ
ਜਦੋਂ ਉਹਨਾਂ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਹਮਲੇ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਆਪਣੇ ਮੁੱਖ ਮੰਤਰੀ ’ਤੇ ਭਰੋਸਾ ਨਹੀਂ ਹੈ ਤੇ ਉਨ੍ਹਾਂ ਨੇ ਅਸਿੱਧੇ ਤੌਰ ’ਤੇ ਉਨ੍ਹਾਂ ਖ਼ਿਲਾਫ਼ ਬੇਵਿਸਾਹੀ ਮਤਾ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੁੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਸਹੀ ਕਿਹਾ ਹੈ ਕਿ ਕਾਂਗਰਸ ਸਰਕਾਰ ਜਿਸਨੇ ਪੰਜ ਸਾਲਾਂ ਵਿਚ ਕੁਝ ਨਹੀਂ ਕੀਤਾ, ਵੱਲੋਂ ਦੋ ਮਹੀਨਿਆਂ ਵਿਚ ਪੰਜਾਬੀਆਂ ਨੂੰ ਲਾਲੀਪੋਪ ਦਿੱਤੇ ਜਾ ਰਹੇ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਮੁੱਖ ਮੰਤਰੀ ਹੀ ਬਦਲਿਆ ਹੈ ਤੇ ਸੂਬੇ ਤੇ ਇਸਦੇ ਸਰੋਤਾਂ ਦੀ ਲੁੱਟ ਜਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬਾ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਲੁੱਟ ਦਾ ਮਾਲ ਇਕੱਠਾ ਕਰਨ ਤੇ ਇਸ ਵਿਚੋਂ ਆਪਣਾ ਹਿੱਸਾ ਕੱਢ ਕੇ ਬਾਕੀ ਏ. ਆਈ. ਸੀ. ਸੀ. ਨੂੰ ਸੌਂਪਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਸਿੱਖ ਬੀਬੀਆਂ : ਬੀਬੀ ਜਗੀਰ ਕੌਰ
NEXT STORY