ਅੰਮ੍ਰਿਤਸਰ : 250 ਤੋਂ ਵੱਧ ਲੋਕਾਂ ਨੂੰ ਲੈ ਕੇ ਨਿਕਾਰਾਗੁਆ ਜਾਣ ਵਾਲੀ 'ਡੰਕੀ ਫਲਾਈਟ’ ਨੂੰ ਫਰਾਂਸ ਵਿੱਚ ਰੋਕ ਕੇ ਮੁੰਬਈ ਵੱਲ ਮੋੜ ਦਿੱਤੇ ਜਾਣ ਤੋਂ ਕੁੱਝ ਹਫ਼ਤੇ ਬਾਅਦ, ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਫਲਾਈਟ 'ਚ ਸਵਾਰ 12 ਯਾਤਰੀਆਂ ਨੂੰ ਬੁਲਾਇਆ ਸੀ ਪਰ ਉਨ੍ਹਾਂ ਵਿਚੋਂ ਸਿਰਫ ਦੋ ਹੀ ਆਪਣੇ ਬਿਆਨ ਦਰਜ ਕਰਵਾਉਣ ਲਈ ਰਾਜ਼ੀ ਹੋਏ। ਜਿਸ ਤੋਂ ਬਾਅਦ ਬਟਾਲਾ ਦੇ ਟ੍ਰੈਵਲ ਏਜੰਟ ਤਰਸੇਮ ਸਿੰਘ ਖਿਲਾਫ਼ ਅਜਨਾਲਾ ਅਤੇ ਮੇਹਤਾ ਪੁਲਿਸ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ। ਟ੍ਰੈਵਲ ਏਜੰਟ ਖਿਲਾਫ਼ ਆਈ.ਪੀ.ਸੀ. ਦੀ ਧਾਰਾ 420 (ਧੋਖਾਧੜੀ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ ਦੀ ਧਾਰਾ 13 ਦੇ ਤਹਿਤ ਦਰਜ ਕੀਤੇ ਗਏ ਹਨ।
ਸ਼ਿਕਾਇਤਕਰਤਾ ਕੰਵਰਮਨ ਸਿੰਘ ਪਿੰਡ ਤਲਵੰਡੀ ਅਤੇ ਦਮਨਪ੍ਰੀਤ ਸਿੰਘ ਪਿੰਡ ਬੁੱਟਰ ਸੇਵੀਆਂ ਦੇ ਰਹਿਣ ਵਾਲੇ ਹਨ। ਕੰਵਨਮਨ ਸਿੰਘ ਨੇ ਉਕਤ ਟ੍ਰੈਵਲ ਏਜੰਟ ਖਿਲਾਫ਼ ਆਰੋਪ ਲਾਇਆ ਹੈ ਕਿ ਉਸਨੇ ਅਮਰੀਕਾ ਭੇਜਣ ਦੇ ਨਾਂ 'ਤੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਕਿਹਾ ਕਿ ਟ੍ਰੈਵਲ ਏਜੰਟ ਨੇ ਕਿਹਾ ਸੀ ਕਿ ਉਹ ਦੁਬਈ ਪਹੁੰਚ ਕੇ ਸੰਧੂ ਨਾਂ ਦੇ ਵਿਅਕਤੀ ਨੂੰ 5000 ਡਾਲਰ ਦਾ ਭੁਗਤਾਨ ਕਰ ਦੇਵੇਂ, ਜਿਸ ਤੋਂ ਬਾਅਦ ਮੈਨੂੰ ਅਮਰੀਕਾ ਤੋਂ ਪਹਿਲਾਂ ਨਿਕਾਰਾਗੁਆ ਜਾਣਾ ਹੈ, ਜਿਥੇ ਮੈਨੂੰ ਅਮਰੀਕਾ ਦਾ ਵੀਜ਼ਾ ਮਿਲੇਗਾ। ਦੁਬਈ ਤੋਂ 21 ਦਸੰਬਰ 2023 ਨੂੰ ਫਲਾਈਟ ਸੀ ਜੋ ਚਾਰ ਦਿਨਾਂ ਲਈ ਫਰਾਂਸ ਰੁਕੀ ਅਤੇ ਫਿਰ ਦੁਬਈ ਤੋਂ ਮੁੰਬਈ ਨੂੰ ਵਾਪਸ ਮੁੜ ਗਈ।
ਦੂਜੇ ਪਾਸੇ ਸ਼ਿਕਾਇਤਕਰਤਾ ਦਮਨਪ੍ਰੀਤ ਨੇ ਆਰੋਪ ਲਾਇਆ ਕਿ ਤਰਸੇਮ ਨੇ ਉਸ ਨੂੰ ਅਮਰੀਕਾ ਦਾ ਸੁਫ਼ਨਾ ਦਿਖਾ ਕੇ 42 ਲੱਖ ਰੁਪਏ ਠੱਗੇ। ਉਨ੍ਹਾਂ ਆਰੋਪ ਲਾਇਆ ਕਿ ਏਜੰਟ ਨੇ ਉਨ੍ਹਾਂ ਨੂੰ ਪੁਰਤਗਾਲ ਅਤੇ ਆਸਟ੍ਰੇਲੀਆ ਭੇਜਣ ਦਾ ਵਾਅਦਾ ਕਰਕੇ ਪਹਿਲਾਂ 11 ਲੱਖ ਰੁਪਏ ਦੀ ਧੋਖਾਧੜੀ ਕੀਤੀ ਸੀ।
ਅੰਮ੍ਰਿਤਸਰ ਦੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਐੱਫ.ਆਈ.ਆਰ ਦਰਜ ਹੋਣ ਤੋਂ ਬਾਅਦ ਹੋਰ ਵੀ ਪੀੜਤ ਸ਼ਿਕਾਇਤ ਦਰਜ ਕਰਵਾਉਣ ਅੱਗੇ ਆਉਣਗੇ। ਏਜੰਟ ਦੀ ਗ੍ਰਿਫਤਾਰੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੂਰੇ ਇਮੀਗ੍ਰੇਸ਼ਨ ਦਾ ਪ੍ਰਦਾਫਾਸ਼ ਕਰਨ ਦੀ ਕੋਸ਼ਿਸ਼ ਜਾਰੀ ਹੈ।
ਦੱਸ ਦਈਏ ਕਿ ਲੱਗਭੱਗ 200 ਪੰਜਾਬੀਆਂ ਤੋਂ ਇਲਾਵਾ 66 ਗੁਜਰਾਤੀਆਂ ਨੇ ਆਪਣੇ ਸੁਫ਼ਨੇ ਪੂਰੇ ਕਰਨ ਲਈ ਡੰਕੀ ਲਾਉਣ ਦਾ ਰਾਹ ਚੁਣਿਆ ਸੀ। ਉਨ੍ਹਾਂ ਨੇ ਨਜਾਇਜ਼ ਤਰੀਕੇ ਨਾਲ ਨਿਕਾਰਾਗੁਆ ਤੋਂ ਮੈਕਸੀਕੋ ਦੇ ਰਾਸਤੇ ਅਮਰੀਕਾ ਜਾਣ ਲਈ ਏਜੰਟ ਨੂੰ ਲੱਖਾਂ ਰੁਪਏ ਦਾ ਭੁਗਤਾਨ ਕੀਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY