ਜਲੰਧਰ, (ਖੁਰਾਣਾ)- ਕੁਝ ਮਹੀਨੇ ਪਹਿਲਾਂ ਹਵਾ ਪ੍ਰਦੂਸ਼ਣ ਦੇ ਅਚਾਨਕ ਵਧ ਜਾਣ ਕਾਰਨ ਪੂਰੇ ਉੱਤਰੀ ਭਾਰਤ ਵਿਚ ਲੋਕਾਂ ਲਈ ਜਿਥੇ ਸਾਹ ਲੈਣਾ ਤੱਕ ਮੁਸ਼ਕਲ ਹੋ ਗਿਆ ਸੀ, ਉਥੇ ਇਸ ਮਾਮਲੇ ਵਿਚ ਸਰਕਾਰ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਆਮ ਲੋਕਾਂ ਦੀ ਵੀ ਵਾਤਾਵਰਣ ਨੂੰ ਲੈ ਕੇ ਨੀਂਦ ਖੁੱਲ੍ਹੀ ਸੀ। ਪ੍ਰਦੂਸ਼ਣ ਨਾਲ ਨਜਿੱਠਣ ਦੇ ਉਪਾਅ ਵਿਚ ਵੱਧ ਤੋਂ ਵੱਧ ਰੁੱਖ ਲਾਉਣ ਆਦਿ 'ਤੇ ਚਰਚਾ ਸ਼ੁਰੂ ਹੋਈ ਸੀ ਪਰ ਕੁਝ ਅਨਸਰ ਅਜਿਹੇ ਹਨ ਜਿਨ੍ਹਾਂ ਦੇ ਆਪਣੇ ਨਿੱਜੀ ਹਿੱਤ ਵਾਤਾਵਰਣ ਤੋਂ ਕਿਤੇ ਉੱਚੇ ਜਾਪਦੇ ਹਨ।
ਅਜਿਹੇ ਹੀ ਅਨਸਰਾਂ ਨੇ ਰਾਤੋ-ਰਾਤ ਨਗਰ ਨਿਗਮ ਦੇ ਇਕ ਪਾਰਕ ਨੂੰ ਹੀ ਗਾਇਬ ਕਰ ਦਿੱਤਾ। ਘਟਨਾ 12 ਤੇ 13 ਜਨਵਰੀ ਦੀ ਰਾਤ ਦੀ ਹੈ। ਕਿਹਾ ਜਾਂਦਾ ਹੈ ਕਿ ਡਿੱਚ ਮਸ਼ੀਨਾਂ ਨੇ ਕਮਲ ਪੈਲੇਸ ਚੌਕ ਤੋਂ ਡੀ. ਸੀ. ਆਫਿਸ ਵੱਲ ਜਾਣ ਵਾਲੀ ਸੜਕ 'ਤੇ ਪੈਂਦੇ ਤਿਕੋਣੇ ਪਾਰਕ, ਜਿਥੋਂ ਇਕ ਸੜਕ ਨਵੀਂ ਕਚਹਿਰੀ ਵਾਲੀ ਗਲੀ ਤੇ ਮੋਹਨ ਪੈਲੇਸ ਵਲ ਵੀ ਨਿਕਲਦੀ ਹੈ, ਦੀ ਚਾਰਦੀਵਾਰੀ ਢਾਹ ਦਿੱਤੀ। ਚਾਰਦੀਵਾਰੀ ਦੇ ਉੱਪਰ ਲੱਗੀਆਂ ਗਰਿੱਲਾਂ ਨਾ ਸਿਰਫ ਗਾਇਬ ਕਰ ਦਿੱਤੀਆਂ ਗਈਆਂ, ਸਗੋਂ ਪਾਰਕ ਵਿਚ ਲੱਗਾ ਬਾਕੀ ਸਾਮਾਨ ਵੀ ਇਧਰ-ਉਧਰ ਕਰ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਕੰਮ ਸ਼ਨੀਵਾਰ ਤੇ ਲੋਹੜੀ ਵਾਲੇ ਦਿਨ ਕੀਤਾ ਗਿਆ, ਜਿਸ ਦਿਨ ਨਿਗਮ ਕਰਮਚਾਰੀਆਂ ਨੂੰ ਛੁੱਟੀ ਹੁੰਦੀ ਹੈ।
13 ਜਨਵਰੀ ਨੂੰ ਸਵੇਰੇ ਜਦੋਂ ਮਾਸਟਰ ਤਾਰਾ ਸਿੰਘ ਨਗਰ ਦੇ ਵਾਸੀ ਉਠੇ ਤਾਂ ਉਹ ਇਹ ਵੇਖ ਕੇ ਹੱਕੇ-ਬੱਕੇ ਰਹਿ ਗਏ ਕਿ ਜਿਸ ਥਾਂ 'ਤੇ 20-25 ਸਾਲਾਂ ਤੋਂ ਪਾਰਕ ਸੀ ਤੇ ਇਸ ਇਲਾਕੇ ਵਿਚ ਕਾਫੀ ਹਰਿਆਲੀ ਸੀ, ਉਥੇ ਅਚਾਨਕ ਡਿੱਚ ਮਸ਼ੀਨਾਂ ਚਲਾ ਕੇ ਉਸ ਨੂੰ ਪੱਧਰਾ ਕਿਉਂ ਕਰ ਦਿੱਤਾ ਗਿਆ। ਕਾਲੋਨੀ ਵਾਸੀਆਂ ਨੇ ਇਸ ਬਾਰੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਵੀ ਸ਼ਿਕਾਇਤ ਕੀਤੀ। ਜ਼ਿਕਰਯੋਗ ਹੈ ਕਿ ਇਸ ਤਿਕੋਣੇ ਪਾਰਕ ਵਿਚ ਕਈ ਸਾਲ ਪਹਿਲਾਂ ਨਿਗਮ ਦਾ ਟਿਊਬਵੈੱਲ ਲੱਗਾ ਹੋਇਆ ਸੀ, ਜੋ ਪੂਰੇ ਇਲਾਕੇ ਨੂੰ ਪਾਣੀ ਸਪਲਾਈ ਕਰ ਰਿਹਾ ਸੀ ਪਰ ਕੁਝ ਸਮੇਂ ਤੋਂ ਇਸ ਦਾ ਬੋਰ ਬੈਠ ਜਾਣ ਕਾਰਨ ਇਸ ਟਿਊਬਵੈੱਲ ਨੂੰ ਨਾਲ ਲੱਗਦੇ ਵੱਡੇ ਪਾਰਕ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਨਗਰ ਨਿਗਮ ਇਸ ਛੋਟੇ ਪਾਰਕ ਨੂੰ ਖੂਬਸੂਰਤ ਬਣਾਉਣ ਦਾ ਪਲਾਨ ਬਣਾ ਰਿਹਾ ਸੀ ਕਿਉਂਕਿ ਨਿਗਮ ਨੂੰ ਸ਼ਹਿਰ ਵਿਚ ਹਰਿਆਲੀ ਵਧਾਉਣ ਦਾ ਟਾਰਗੇਟ ਮਿਲਿਆ ਹੋਇਆ ਹੈ।
ਮੋਸਟ ਵਾਂਟੇਡ ਗੈਂਗਸਟਰ ਗ੍ਰਿਫਤਾਰ
NEXT STORY