ਮੋਹਾਲੀ (ਪਰਦੀਪ) : ਮੰਡੀਆਂ ਵਿੱਚੋਂ ਝੋਨੇ ਦਾ ਇੱਕ-ਇੱਕ ਦਾਣਾ ਚੁੱਕਣ ਦੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੀਆਂ ਖ਼ਰੀਦ ਏਜੰਸੀਆਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹੇ ਵਿੱਚ ਸਾਉਣੀ ਸੀਜ਼ਨ 2021-22 ਲਈ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਰਾਜ ਦੀਆਂ ਖ਼ਰੀਦ ਏਜੰਸੀਆਂ ਦੇ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਖ਼ਰੀਦ ਦੇ ਕੰਮਾਂ ਦੀ ਨਿਗਰਾਨੀ ਖ਼ੁਦ ਕਰਨ, ਤਾਂ ਜੋ ਉਹ ਆਪਣੇ ਨਿਰਧਾਰਿਤ ਹਿੱਸੇ ਅਨੁਸਾਰ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਯਕੀਨੀ ਬਣਾਉਣ।
ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇੱਕ ਪਾਸੇ ਝੋਨੇ ਦੀ ਨਿਰਵਿਘਨ, ਮੁਸ਼ਕਲ ਰਹਿਤ ਅਤੇ ਤੇਜ਼ੀ ਨਾਲ ਖ਼ਰੀਦ ਨੂੰ ਯਕੀਨੀ ਬਣਾਉਣ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਮੇਂ ਸਿਰ ਭੁਗਤਾਨ ਕਰਨ ਲਈ ਸਾਰੇ ਲੋੜੀਂਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਕਾਲੀਆ ਨੇ ਨਿਰਦੇਸ਼ ਦਿੱਤਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਉਨ੍ਹਾਂ ਦੀ ਉਪਜ ਦੀ ਵਿਕਰੀ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਆਪਣੇ ਅਧਿਕਾਰ ਖੇਤਰ ਅਧੀਨ ਅਨਾਜ ਮੰਡੀਆਂ ਵਿੱਚ ਨਿਰਵਿਘਨ ਖ਼ਰੀਦ ਕਾਰਜਾਂ ਲਈ ਜਵਾਬਦੇਹ ਹੋਣਗੇ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੰਡੀਆਂ ਵਿੱਚ ਫੇਸ ਮਾਸਕ, ਹੈਂਡ ਸੈਨੀਟਾਈਜ਼ਰ, ਪੈਰ ਨਾਲ ਚੱਲਣ ਵਾਲੀਆਂ ਟੂਟੀਆਂ ਆਦਿ ਦੀ ਵਿਵਸਥਾ ਨੂੰ ਯਕੀਨੀ ਬਣਾਉਣ।
ਇਸੇ ਤਰ੍ਹਾਂ ਡੀ. ਸੀ. ਨੇ ਹਰੇਕ ਖ਼ਰੀਦ ਕੇਂਦਰਾਂ ਵਿੱਚ ਬਿਜਲੀ, ਕਿਸਾਨਾਂ ਲਈ ਸ਼ੈੱਡ, ਪੀਣ ਯੋਗ ਪਾਣੀ ਦੀ ਸਪਲਾਈ ਅਤੇ ਖ਼ਰੀਦ ਕੇਂਦਰਾਂ ਦੇ ਹਰੇਕ ਪ੍ਰਵੇਸ਼ ਦੁਆਰ 'ਤੇ ਝੋਨੇ ਦੀ ਗੁਣਵੱਤਾ ਦੀ ਜਾਂਚ ਲਈ ਉਪਕਰਨਾਂ ਦੀ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਖ਼ਰੀਦ, ਨਮੀ ਦੀ ਮਾਤਰਾ ਅਤੇ ਹੋਰ ਮੁੱਦਿਆਂ 'ਤੇ ਅਧਿਕਾਰੀਆਂ ਨਾਲ ਵਿਸਥਾਰਤ ਗੱਲਬਾਤ ਦੌਰਾਨ, ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਖ਼ਰੀਦ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਨਮੀ ਦੀ ਤੈਅ ਹੱਦ ਮੁਤਾਬਕ ਹੀ ਝੋਨਾ ਲਿਆਉਣ ਤਾਂ ਜੋ ਉਨ੍ਹਾਂ ਨੂੰ ਇਸ ਨੂੰ ਵੇਚਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੌਰਾਨ ਡੀ. ਸੀ. ਨੇ ਡੀ. ਐਫ. ਐਸ. ਸੀ. ਨੂੰ ਹਦਾਇਤ ਕੀਤੀ ਕਿ ਉਹ ਮਿੱਲਾਂ ਕੋਲ ਪਏ ਝੋਨੇ ਦੇ ਮੌਜੂਦਾ ਭੰਡਾਰ ਦੀ ਤਸਦੀਕ ਕਰਨ ਲਈ ਰਾਈਸ ਸ਼ੈਲਰਾਂ ਵਿੱਚ ਚੈਕਿੰਗ ਕਰਨ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਕਸਟਮ ਮਿਲਿੰਗ ਲਈ ਚਾਹਵਾਨ ਮਿੱਲਰਾਂ ਨੂੰ ਜਨਤਕ ਨੋਟਿਸ ਜਾਰੀ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੋਲ ਪਏ ਚਾਵਲ ਦਾ ਸਟਾਕ ਐਲਾਨਣ ਲਈ ਕਿਹਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਿਆਦ ਦੇ ਬਾਅਦ ਜੇਕਰ ਮਿੱਲਾਂ ਵਿੱਚ ਝੋਨਾ ਜਾਂ ਚਾਵਲ ਭੰਡਾਰ ਕੀਤਾ ਪਾਇਆ ਗਿਆ ਤਾਂ ਇਸ ਨੂੰ ਆਗਾਮੀ ਸੀਜ਼ਨ ਦੌਰਾਨ ਅਣ-ਅਧਿਕਾਰਿਤ ਵਿਕਰੀ ਲਈ ਗੈਰ ਕਨੂੰਨੀ ਸਟਾਕ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੈਲਰ ਮਿੱਲਰਾਂ ਨੂੰ ਆਪਣੇ ਸਟਾਕ ਦੇ ਵੇਰਵੇ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਦੇਣੇ ਚਾਹੀਦੇ ਹਨ।
ਕਾਲੇ ਕਾਨੂੰਨ ਰੱਦ ਕਰਨ ਲਈ ਪਾਰਲੀਮੈਂਟ ਦਾ ਫੌਰੀ ਹੰਗਾਮੀ ਸੈਸ਼ਨ ਸੱਦਿਆ ਜਾਵੇ : ਸੁਖਬੀਰ ਬਾਦਲ
NEXT STORY