ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ 'ਚ ਝੋਨੇ ਦੀ ਕਰੀਬ 10 ਲੱਖ ਕੁਇੰਟਲ ਆਮਦ ਹੁੰਦੀ ਹੈ ਅਤੇ ਪਿਛਲੇ ਸਾਲ ਇਸ ਇਲਾਕੇ 'ਚ ਸ਼ੈਲਰ ਘੱਟ ਸਨ ਅਤੇ ਝੋਨਾ ਜ਼ਿਆਦਾ ਹੁੰਦਾ ਸੀ, ਜਿਸ ਕਾਰਨ ਸ਼ੈਲਰ ਵਾਲੇ ਪੂਰਾ ਟਣਕਾ ਕੇ ਆਪਣੇ ਸ਼ੈਲਰਾਂ ਵਿਚ ਝੋਨਾ ਲਗਵਾਉਂਦੇ ਸਨ ਪਰ ਇਸ ਵਾਰ ਹਾਲਾਤ ਇਹ ਹਨ ਕਿ ਮਾਛੀਵਾੜਾ ਨੇੜ੍ਹੇ 6 ਦੇ ਕਰੀਬ ਨਵੇਂ ਸ਼ੈਲਰ ਲੱਗ ਗਏ ਅਤੇ ਝੋਨੇ ਦਾ ਝਾੜ ਇਸ ਵਾਰ ਘਟ ਗਿਆ ਅਤੇ ਹੁਣ ਸ਼ੈਲਰ ਮਾਲਕਾਂ ਵਿਚ ਆਪਣੀ ਸਮਰੱਥਾ ਅਨੁਸਾਰ ਝੋਨਾ ਜਲਦ ਤੋਂ ਜਲਦ ਲਗਾਉਣ ਦੀ ਖਿੱਚੋਤਾਣ ਦਿਖਾਈ ਦੇ ਰਹੀ ਹੈ।
ਮਾਛੀਵਾੜਾ ਅਨਾਜ ਮੰਡੀ ਤੋਂ ਪ੍ਰਾਪਤ ਆਂਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 50 ਫੀਸਦੀ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ 30 ਫੀਸਦੀ ਝੋਨਾ ਮੰਡੀਆਂ ਵਿਚ ਹੋਰ ਆਉਣ ਦੀ ਸੰਭਾਵਨਾ ਹੈ ਜਦਕਿ 20 ਫੀਸਦੀ ਝੋਨਾ ਝਾੜ ਘੱਟ ਹੋਣ ਕਾਰਨ ਆਮਦ ਘਟੇਗੀ। ਮਾਛੀਵਾੜਾ ਅਨਾਜ ਮੰਡੀ 'ਚ ਖਰੀਦ ਕਰ ਰਹੀਆਂ ਸਰਕਾਰੀ ਖਰੀਦ ਏਜੰਸੀਆਂ ਕੁੱਝ ਕੁ ਸ਼ੈਲਰ ਮਾਲਕਾਂ 'ਤੇ ਐਨੀਆਂ ਮੇਹਰਬਾਨ ਹੋਈਆਂ ਹਨ ਕਿ ਕਈਆਂ ਦੇ ਤਾਂ ਗੁਦਾਮਾਂ ਵਿਚ ਵੱਧ ਝੋਨਾ ਲੱਗਿਆ ਹੋਇਆ ਹੈ ਅਤੇ ਕਈ ਆਪਣੇ ਸ਼ੈਲਰਾਂ ਵਿਚ ਝੋਨਾ ਲਗਾਉਣ ਲਈ ਤਰਲੋਮੱਛੀ ਹੁੰਦੇ ਦਿਖਾਈ ਦੇ ਰਹੇ ਹਨ। ਵੇਅਰ ਹਾਊਸ ਏਜੰਸੀ ਜਿਸ ਕੋਲ 1 ਲੱਖ 83 ਹਜ਼ਾਰ ਕੁਇੰਟਲ ਝੋਨਾ ਖਰੀਦ ਦਾ ਟੀਚਾ ਹੈ ਅਤੇ ਉਸ ਵਲੋਂ ਹੁਣ ਤੱਕ 90391 ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ, ਇਸ ਏਜੰਸੀ ਨੂੰ ਅਲਾਟ ਹੋਏ ਮਾਛੀਵਾੜਾ ਇਲਾਕੇ 'ਚ ਬਣੇ ਇੱਕ ਨਵੇਂ ਸ਼ੈਲਰ ਵਿਚ ਸਮਰੱਥਾ ਅਨੁਸਾਰ 52 ਫੀਸਦੀ ਝੋਨਾ ਲਗਵਾ ਦਿੱਤਾ ਜਦਕਿ ਬਾਕੀ ਸ਼ੈਲਰ ਮਾਲਕ 30-30 ਫੀਸਦੀ ਝੋਨਾ ਹੀ ਆਪਣੇ ਸ਼ੈਲਰਾਂ ਵਿਚ ਲਗਵਾ ਸਕੇ ਹਨ। ਇਹ ਸ਼ੈਲਰ ਮਾਲਕ ਕਦੇ ਖਰੀਦ ਏਜੰਸੀਆਂ ਅਤੇ ਕਦੇ ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਜਾ ਕੇ ਗੇੜੇ ਮਾਰਦੇ ਹਨ ਕਿ ਉਨ੍ਹਾਂ ਦੇ ਵੀ ਸਮਰੱਥਾ ਅਨੁਸਾਰ ਬਰਾਬਰ ਦਾ ਝੋਨਾ ਲਗਾਇਆ ਜਾਵੇ।
ਇਹੋ ਹਾਲ ਮਾਰਕਫੈੱਡ ਏਜੰਸੀ ਦਾ ਹੈ, ਇਸ ਏਜੰਸੀ ਵਲੋਂ ਵੀ ਕਿਸੇ ਸ਼ੈਲਰ ਵਿਚ ਤਾਂ ਜਿਆਦਾ ਝੋਨਾ ਲਗਵਾ ਦਿੱਤਾ ਅਤੇ ਇੱਕ ਸ਼ੈਲਰ ਮਾਲਕ ਮਾਯੂਸ ਹੋਇਆ ਜਿਸ ਦੇ ਸਿਰਫ਼ ਸਮਰੱਥਾ ਅਨੁਸਾਰ 31 ਫੀਸਦੀ ਝੋਨਾ ਲੱਗਿਆ ਹੋਇਆ ਹੈ ਉਹ ਖਰੀਦ ਏਜੰਸੀਆਂ ਨੂੰ ਕੋਸਦਾ ਨਹੀਂ ਥੱਕਦਾ। ਸਰਕਾਰੀ ਖਰੀਦ ਏਜੰਸੀ ਐਗਰੋ ਦੇ ਵੀ ਇਹੀ ਹਾਲਾਤ ਹਨ, ਇਹ ਏਜੰਸੀ ਵੀ ਕਿਸੇ ਸ਼ੈਲਰ ਮਾਲਕ 'ਤੇ ਪੂਰੀ ਮੇਹਰਬਾਨ ਹੈ ਜਦਕਿ ਇਸ ਨੂੰ ਅਲਾਟ ਹੋਏ ਬਾਕੀ ਕੁੱਝ ਸ਼ੈਲਰ ਮਾਲਕ ਆਪਣੇ ਗੁਦਾਮਾਂ ਵਿਚ ਝੋਨਾ ਆਉਣ ਦੀ ਉਡੀਕ ਕਰ ਰਹੇ ਹਨ। ਜੇਕਰ ਪਨਗ੍ਰੇਨ ਖਰੀਦ ਏਜੰਸੀ ਦੀ ਗੱਲ ਕਰੀਏ ਤਾਂ ਇਸ ਕੋਲ ਵੱਧ ਝੋਨਾ ਖਰੀਦ ਕਰਨ ਦਾ ਟੀਚਾ ਹੈ, ਇਸ ਵਲੋਂ ਹੁਣ 2 ਲੱਖ 56 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ ਅਤੇ ਇਸ ਏਜੰਸੀ ਨੂੰ ਜੋ ਵੀ ਸ਼ੈਲਰ ਅਲਾਟ ਹਨ ਉਨ੍ਹਾਂ ਵਿਚ ਕਰੀਬ ਬਰਾਬਰ ਦਾ ਹੀ ਝੋਨਾ ਗੁਦਾਮਾਂ ਵਿਚ ਲਗਾਇਆ ਗਿਆ ਹੈ।
ਝੋਨਾ ਘੱਟ ਲੱਗਣ ਕਾਰਨ ਇੱਕ ਸ਼ੈਲਰ ਮਾਲਕ ਨੇ ਸਰਕਾਰੀ ਅਫ਼ਸਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਸਦੇ ਸ਼ੈਲਰ ਵਿਚ ਸਮਰੱਥਾ ਅਨੁਸਾਰ ਝੋਨਾ ਨਾ ਲੱਗਿਆ ਤਾਂ ਉਹ ਮਜ਼ਬੂਰਨ ਅਦਾਲਤ ਦਾ ਦਰਵਾਜ਼ਾ ਖੜਕਾਏਗਾ ਜਿਸ ਕਾਰਨ ਸਾਰੇ ਸ਼ੈਲਰ ਮਾਲਕਾਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆ ਖੜੀ ਹੋ ਜਾਵੇਗੀ ਇਸ ਲਈ ਖਰੀਦ ਏਜੰਸੀਆਂ ਪੱਖਪਾਤ ਕਰਨ ਦੀ ਬਜਾਏ ਸਾਰੇ ਸ਼ੈਲਰਾਂ ਮਾਲਕਾਂ ਦੇ ਸਮਰੱਥਾ ਅਨੁਸਾਰ ਬਰਾਬਰ ਦਾ ਝੋਨਾ ਲਗਾਉਣ।
ਮੈਨੂੰ ਚਰਨਜੀਤ ਚੰਨੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ : ਮਨੀਸ਼ਾ ਗੁਲਾਟੀ
NEXT STORY