ਚੰਡੀਗੜ੍ਹ (ਰਸ਼ਮੀ ਹੰਸ)-ਪੰਜਾਬ ਯੂਨੀਵਰਸਿਟੀ 'ਚ ਐਤਵਾਰ ਨੂੰ ਹੋਈ ਸੀਨੇਟ ਦੀ ਬੈਠਕ ਤੋਂ ਵੀ. ਸੀ. ਪ੍ਰੋ. ਅਰੁਣ ਗਰੋਵਰ ਪੰਜ ਵਾਰ ਵਾਕਆਊਟ ਕਰ ਗਏ। ਉਥੇ ਸ਼ਾਮ ਪੰਜ ਵਜੇ ਜਦੋਂ ਵੀ. ਸੀ. ਨੇ ਸੀਨੇਟ ਦੀ ਬੈਠਕ ਤੋਂ ਵਾਕਆਊਟ ਕੀਤਾ ਤਾਂ ਵਾਪਸ ਆ ਕੇ ਬੈਠਕ ਖਤਮ ਕਰਨ ਦਾ ਐਲਾਨ ਕੀਤਾ। ਐਤਵਾਰ ਨੂੰ ਹੋਈ ਸੀਨੇਟ ਦੀ ਬੈਠਕ 'ਚ 35 ਮੁੱਦਿਆਂ 'ਤੇ ਹੀ ਮੋਹਰ ਲੱਗ ਸਕੀ। ਜਦੋਂਕਿ 34 ਮੁੱਦਿਆਂ 'ਤੇ ਮੋਹਰ ਅਗਲੀ ਸੀਨੇਟ ਦੀ ਬੈਠਕ 'ਚ ਹੀ ਲੱਗ ਸਕੇਗੀ।
ਧਿਆਨ ਰਹੇ ਕਿ ਇਹ ਸੀਨੇਟ ਦੀ ਤੀਜੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ ਵੀ ਬੀਤੀ 10 ਸਤੰਬਰ ਨੂੰ ਹੋਈ ਸੀਨੇਟ ਦੀ ਬੈਠਕ 'ਚ ਸਿਰਫ ਦੋ ਮੁੱਦਿਆਂ 'ਤੇ ਹੀ ਲੰਬੀ ਬੈਠਕ ਹੋ ਸਕੀ ਸੀ, ਸੀਨੇਟ ਦੀ ਸ਼ੁਰੂਆਤ 'ਚ ਡਾ. ਨਮਿਤਾ ਦੀ ਬੀਤੀ ਸੀਨੇਟ 'ਚ ਕੀਤੀ ਗਈ ਪ੍ਰਿੰਸੀਪਲ ਪ੍ਰਮੋਸ਼ਨ 'ਤੇ ਸੀਨੇਟਰ ਪ੍ਰੋ. ਰਾਜੇਸ਼ ਗਿੱਲ ਨੇ ਸਵਾਲ ਉਠਾਏ।
ਪ੍ਰੋ. ਗਿੱਲ ਨੇ ਕਿਹਾ ਕਿ ਡਾ. ਨਮਿਤਾ ਨੂੰ ਪ੍ਰਮੋਸ਼ਨ ਕਦੋਂ ਦਿੱਤੀ ਗਈ। ਉਸ ਸਮੇਂ ਤਾਂ ਇਹ ਕਿਹਾ ਗਿਆ ਸੀ ਕਿ ਡਾ. ਨਮਿਤਾ ਨੂੰ ਪ੍ਰਮੋਸ਼ਨ ਹੋਰ ਮੁੱਦਿਆਂ ਦੇ ਨਾਲ ਦਿੱਤੀ ਜਾਵੇਗੀ। ਇਸ 'ਤੇ ਵੀ. ਸੀ. ਗਰੋਵਰ ਨੇ ਕਿਹਾ ਕਿ ਡਾ. ਨਮਿਤਾ ਦੇ ਮੁੱਦੇ 'ਤੇ ਪਿਛਲੀ ਸੀਨੇਟ 'ਚ ਹੀ ਪ੍ਰਿੰਸੀਪਲ ਪ੍ਰਮੋਸ਼ਨਲ ਕਰ ਦਿੱਤੀ ਗਈ ਸੀ। ਇਸ ਮੁੱਦੇ 'ਤੇ ਫਿਰ ਬਹਿਸ ਕਿਉਂ ਕੀਤੀ ਜਾ ਰਹੀ ਹੈ। ਇਸ 'ਤੇ ਵੀ. ਸੀ. ਸਵੇਰੇ ਲਗਭਗ ਸਾਢੇ ਦਸ ਵਜੇ ਹੀ ਬੈਠਕ ਛੱਡ ਕੇ ਚਲੇ ਗਏ। ਉਹ ਪੰਦਰਾਂ ਮਿੰਟ ਬਾਅਦ ਵਾਪਸ ਆਏ। ਪ੍ਰੋ. ਗਰੋਵਰ ਨੇ ਕਿਹਾ ਕਿ ਪ੍ਰਮੋਸ਼ਨ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਹਨ, ਉਨ੍ਹਾਂ ਨੂੰ ਸਿੰਡੀਕੇਟ ਤੇ ਸੀਨੇਟ 'ਚ ਲਿਆਉਣ ਲਈ ਕਿਹਾ ਗਿਆ ਹੈ, ਉਸ ਲਈ ਕਮੇਟੀ ਵੀ ਬਣਾਈ ਗਈ ਹੈ। ਇਸ ਦੌਰਾਨ ਪ੍ਰੋ. ਰਾਜੇਸ਼ ਗਿੱਲ, ਕੇਸ਼ਵ ਮਲਹੋਤਰਾ ਨੇ ਸੀਨੇਟ ਦੀ ਡੀ. ਵੀ. ਡੀ. ਚਲਾਉਣ ਲਈ ਵੀ ਕਿਹਾ। ਸੀਨੇਟਰ ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਪਿਛਲੀ ਸੀਨੇਟ 'ਚ ਡਾ. ਨਮਿਤਾ ਨੂੰ ਪ੍ਰਮੋਸ਼ਨ ਦੇ ਦਿੱਤੀ ਗਈ ਸੀ। ਸੀਨੇਟ 'ਚ ਇਹ ਮੁੱਦਾ ਉਂਝ ਹੀ ਚੁੱਕਿਆ ਜਾ ਰਿਹਾ ਹੈ।
-ਇਸ ਦੌਰਾਨ ਪ੍ਰੋ. ਰਾਜੇਸ਼ ਗਿੱਲ ਨੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ। ਉਥੇ ਹੀ ਵੀ. ਸੀ. ਨੇ ਕਿਹਾ ਕਿ ਸਾਰੇ ਕੇਸਾਂ 'ਚ ਨਿਯਮਾਂ ਦੇ ਆਧਾਰ 'ਤੇ ਪ੍ਰਮੋਸ਼ਨ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਸੀਨੇਟ 'ਚ ਛੇਤੀ ਲਿਆਂਦਾ ਜਾਵੇਗਾ।
ਅਸਿਸਟੈਂਟ ਪ੍ਰੋਫੈਸਰਾਂ ਨੂੰ ਪ੍ਰਮੋਸ਼ਨ
ਇਸ ਦੌਰਾਨ ਡਾ. ਹਰਸ਼ ਕੁਮਾਰ, ਡਾ. ਸਰਬਜੀਤ ਸਿੰਘ ਤੇ ਡਾ. ਸਾਕਸ਼ੀ ਕੌਸ਼ਲ ਦੀ ਪ੍ਰੋਫੈਸਰ ਵਜੋਂ ਪ੍ਰਮੋਸ਼ਨ ਕਰਨ ਦੇ ਮੁੱਦੇ 'ਤੇ ਵੀ ਬਹਿਸ ਹੋਈ। ਸੀਨੇਟਰ ਡਾ. ਪ੍ਰਵੀਨ ਗੋਇਲ ਨੇ ਕਿਹਾ ਕਿ ਯੂ. ਆਈ. ਟੀ. ਨੇ ਇਸ ਪ੍ਰਮੋਸ਼ਨ ਲਈ ਯੋਗਤਾ ਪੂਰੀ ਹੋਣ 'ਤੇ ਸਵਾਲ ਉਠਾਏ। ਇਸ 'ਤੇ ਸੀਨੇਟ ਐੱਸ. ਸੀ. ਗੌਸਲ ਨੇ ਕਿਹਾ ਕਿ ਜਦੋਂ ਕਿਸੇ ਅਧਿਆਪਕ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਸ ਦੀ ਯੋਗਤਾ ਦੇ ਆਧਾਰ 'ਤੇ ਨਿਯੁਕਤੀ ਕੀਤੀ ਜਾਂਦੀ ਹੈ। ਹੁਣ ਜਦੋਂ ਅਧਿਆਪਕ ਪੀ. ਐੱਚ. ਡੀ. ਕਰ ਕੇ ਯੋਗ ਹੋ ਰਹੇ ਹਨ ਤਾਂ ਉਨ੍ਹਾਂ ਦੀ ਪ੍ਰਮੋਸ਼ਨ 'ਤੇ ਸਵਾਲ ਨਾ ਚੁੱਕੇ ਜਾਣ। ਹਾਲਾਂਕਿ ਇਸ ਤੋਂ ਬਾਅਦ ਇਸ ਮੁੱਦੇ 'ਤੇ ਸੀਨੇਟ 'ਤੇ ਮੋਹਰ ਲੱਗ ਗਈ ਤੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਪ੍ਰਮੋਸ਼ਨ ਦੇ ਦਿੱਤੀ ਗਈ।
ਸੀਨੇਟ ਤੋਂ ਪਹਿਲਾਂ ਸਿੰਡੀਕੇਟ ਬੈਠਕ ਦੇ ਮਿਨਟਸ ਅਪਲੋਡ ਹੋਣ ਆਨਲਾਈਨ
ਸੀਨੇਟਰ ਅਸ਼ੋਕ ਗੋਇਲ ਨੇ ਕਿਹਾ ਕਿ ਜੋ ਵੀ ਕੇਸ ਪ੍ਰਮੋਸ਼ਨ ਲਈ ਆਉਂਦੇ ਹਨ, ਉਨ੍ਹਾਂ ਦਾ ਬਾਇਓਡਾਟਾ ਵੀ ਏਜੰਡੇ ਦੇ ਨਾਲ ਦਿੱਤਾ ਜਾਣ ਚਾਹੀਦਾ ਹੈ। ਸੀਨੇਟਰ ਅਜੇ ਰੰਗਾ ਨੇ ਕਿਹਾ ਕਿ ਸਿੰਡੀਕੇਟ ਦੇ ਮਿਨਟਸ ਨੂੰ ਸੀਨੇਟ ਤੋਂ ਪਹਿਲਾਂ ਵੈੱਬਸਾਈਟ 'ਤੇ ਅਪਲੋਡ ਹੋਣਾ ਚਾਹੀਦਾ ਹੈ, ਜਿਸ ਨਾਲ ਸੀਨੇਟ 'ਚ ਆਉਣ ਤੋਂ ਪਹਿਲਾਂ ਸਾਰੇ ਮਿਨਟਸ ਨੂੰ ਪੜ੍ਹਿਆ ਜਾ ਸਕੇ। ਕੇਸ਼ਵ ਮਲਹੋਤਰਾ ਨੇ ਸਿੰਡੀਕੇਟ ਦੀ ਬੈਠਕ ਤੋਂ ਪਹਿਲਾਂ ਹੀ ਸਿੰਡੀਕੇਟ ਏਜੰਡਾ ਸੀਨੇਟ ਮੈਂਬਰਾਂ ਨੂੰ ਵੀ ਦੇਣ ਦੀ ਮੰਗ ਕੀਤੀ। ਇਸ 'ਤੇ ਵੀ. ਸੀ. ਨੇ ਕਿਹਾ ਕਿ ਨਿਯਮਾਂ ਤਹਿਤ ਸਿੰਡੀਕੇਟ ਏਜੰਡਾ ਸਿੰਡੀਕੇਟ ਦੀ ਬੈਠਕ ਤੋਂ ਬਾਅਦ ਹੀ ਸੀਨੇਟਰ ਨੂੰ ਦਿੱਤਾ ਜਾ ਸਕੇ।
-ਕੈਰੀਅਰ ਐਡਵਾਂਸਮੈਂਟ ਸਕੀਮ ਤਹਿਤ ਰੂਪਾਲੀ ਤੇ ਇੰਦਰਦੀਪ ਕੌਰ ਦੀ ਪ੍ਰਮੋਸ਼ਨ 'ਤੇ ਮੋਹਰ ਲੱਗ ਗਈ। ਇਨ੍ਹਾਂ ਤੋਂ ਇਲਾਵਾ ਹੋਰ ਪ੍ਰੋਫੈਸਰਾਂ ਦੀ ਪ੍ਰਮੋਸ਼ਨ ਦੇ ਮੁੱਦੇ 'ਤੇ ਵੀ ਮੋਹਰ ਲੱਗ ਗਈ।
ਪੰਚਕੂਲਾ ਦੇ ਡੀਐਸਪੀ ਨੇ ਵਿਪਾਸਨਾ ਅਤੇ ਨੈਨ ਨੂੰ ਜਾਂਚ 'ਚ ਸ਼ਾਮਲ ਹੋਣ ਦਾ ਦਿੱਤਾ ਨੋਟਿਸ
NEXT STORY