ਪਟਿਆਲਾ (ਰਾਜੇਸ਼) - ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਸਰਕਾਰ ਨਸ਼ਿਆਂ ਦੇ ਸਮੱਗਲਰਾਂ ਦਾ ਲੱਕ ਤੋੜ ਕੇ ਉਨ੍ਹਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਦੇ ਇਲਾਜ ਲਈ ਸੁਹਿਰਦ ਯਤਨ ਕਰ ਰਹੀ ਹੈ। ਉਹ ਅੱਜ ਇਥੇ ਕਾਲੀਦਾਸ ਆਡੀਟੋਰੀਅਮ ਵਿਖੇ ਯੂਥ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ਦੇ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ ਦੀ ਪ੍ਰਧਾਨਗੀ ਹੇਠ ਨਸ਼ਿਆਂ ਵਿਰੁੱਧ ਨਾਟਕ ਤੇ ਜਾਗਰੂਕਤਾ ਸਮਾਗਮਾਂ ਦੀ ਸ਼ੁਰੂਆਤ ਮੌਕੇ ਆਯੋਜਿਤ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ।
ਪ੍ਰਨੀਤ ਕੌਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲਾਉਣੀ ਤੇ ਕਾਲੇ ਧੰਦੇ ਨਾਲ ਜੁੜ ਕੇ ਨਸ਼ਿਆਂ ਦੀ ਸਪਲਾਈ ਕਰਨ ਤੋਂ ਵੱਡਾ ਪਾਪ ਕੋਈ ਹੋਰ ਨਹੀਂ ਹੈ। ਇਸ ਲਈ ਰਾਜ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਆਮ ਲੋਕ ਤੇ ਨੌਜਵਾਨ ਵੀ ਸਰਕਾਰ ਦਾ ਸਾਥ ਦੇਣ। ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ ਨੂੰ ਵੀ ਨਸ਼ਿਆਂ ਵਿਰੋਧੀ ਜਾਗਰੂਕਤਾ ਦੇ ਸਮਾਗਮ ਕਰਵਾਉਣ ਲਈ ਮੁਬਾਰਕਬਾਦ ਦਿੱਤੀ।
ਅਮਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਯੂਥ ਕਾਂਗਰਸ ਦੁਆਰਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜੰਗ ਨੂੰ ਸਫ਼ਲ ਬਣਾਉਣ ਲਈ ਅਜਿਹੇ ਨਾਟਕਾਂ ਦਾ ਮੰਚਨ ਪਹਿਲਾਂ ਲੋਕ ਸਭਾ ਹਲਕਾ ਪੱਧਰ 'ਤੇ ਕਰਵਾਇਆ ਜਾਵੇਗਾ। ਮਗਰੋਂ ਵਿਧਾਨ ਸਭਾ ਹਲਕਿਆਂ 'ਚ ਕਰਵਾ ਕੇ ਪੂਰੇ ਪੰਜਾਬ 'ਚ ਨਸ਼ਿਆਂ ਵਿਰੁੱਧ ਨੌਜਵਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਪ੍ਰਨੀਤ ਕੌਰ ਨੇ ਨਾਟਕ ਮੰਡਲੀ ਨੂੰ ਸਨਮਾਨਿਤ ਕੀਤਾ। ਅਮਰਪ੍ਰੀਤ ਸਿੰਘ ਲਾਲੀ ਅਤੇ ਜਿੰਮੀ ਡਕਾਲਾ ਦੀ ਅਗਵਾਈ ਹੇਠ ਪੂਨਮ ਕਾਂਗੜਾ, ਲਵਪ੍ਰੀਤ ਕੌਰ ਤੇ ਜਤਿੰਦਰ ਕੌਰ ਵੱਲੋਂ ਪ੍ਰਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ 'ਚ ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੇਸ਼ਵ ਚੰਦਰ ਯਾਦਵ, ਸਕੱਤਰ ਇੰਡੀਅਨ ਯੂਥ ਕਾਂਗਰਸ ਰਜਿੰਦਰਾ ਮੂੰਡ, ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਹਰਿੰਦਰਪਾਲ ਸਿੰਘ ਹੈਰੀਮਾਨ, ਚੇਅਰਮੈਨ ਕੇ. ਕੇ. ਸ਼ਰਮਾ, ਪ੍ਰੇਮ ਕਿਸ਼ਨ ਪੁਰੀ, ਰਣਜੀਤ ਸਿੰਘ ਨਿੱਕੜਾ, ਮਹੰਤ ਹਰਵਿੰਦਰ ਸਿੰਘ ਖਨੌੜਾ, ਸੰਜੀਵ ਬਿੱਟੂ, ਕਰਨ ਗੌੜ, ਇੰਦਰਜੀਤ ਸਿੰਘ ਚੀਕੂ, ਵਿੱਕੀ ਮਿੱਤਲ, ਮਨਿੰਦਰ ਫਰਾਂਸਵਾਲਾ, ਐਡਵੋਕੇਟ ਭੁੱਲਰ ਤੇ ਜਸਵਿੰਦਰ ਸਿੰਘ ਜੁਲਕਾ ਸਮੇਤ ਵੱਡੀ ਗਿਣਤੀ ਨੌਜਵਾਨ ਅਤੇ ਯੂਥ ਕਾਂਗਰਸੀ ਹਾਜ਼ਰ ਸਨ।
ਜ਼ਿਲੇ ਦੇ ਥਾਣੇ ਸਿਟੀ-2 ਤੇ 5 ਚੌਕੀਆਂ 'ਚ ਨਹੀਂ ਔਰਤਾਂ ਲਈ ਵੱਖਰੇ ਪਖਾਨੇ
NEXT STORY