ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)-ਮੌਸਮ ਦੀ ਕਰੋਪੀ ਨੇ ਹੁਣ ਆਲੂ ਉਤਪਾਦਕਾਂ ਤੋਂ ਬਾਅਦ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਸਾਹ ਸੂਤ ਲਏ ਹਨ ਕਿਉਂਕਿ ਜਦੋਂ ਪੰਜਾਬ ਵਿਚ ਕਣਕ ਦੀ ਵਾਢੀ ਅਜੇ ਸ਼ੁਰੂ ਹੀ ਹੋਈ ਹੈ ਤਾਂ ਇੰਦਰ ਦੇਵਤਾ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਪਟਿਆਲਾ, ਫ਼ਤਿਹਗਡ਼੍ਹ ਸਾਹਿਬ, ਸੰਗਰੂਰ, ਲੁਧਿਆਣਾ, ਜਲੰਧਰ, ਬਠਿੰਡਾ ਅਤੇ ਕਈ ਹੋਰ ਇਲਾਕਿਆਂ ਵਿਚ ਬੀਤੀ ਰਾਤ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਹੈ ਜੋ ਲਗਾਤਾਰ ਚੱਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਅਨੁਸਾਰ ਮੀਂਹ ਦੇ ਨਾਲ-ਨਾਲ ਪੰਜਾਬ ਦੇ ਕਈ ਇਲਾਕਿਆਂ ਵਿਚ ਗਡ਼ੇਮਾਰੀ ਵੀ ਹੋ ਸਕਦੀ ਹੈ ਜੋ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਵਰਣਨਯੋਗ ਹੈ ਕਿ ਇਸ ਵਾਰ ਪੰਜਾਬ ਵਿਚ ਜਿਵੇਂ ਹੀ ਆਲੂਆਂ ਦੀ ਪੁਟਾਈ ਸ਼ੁਰੂ ਹੋਈ ਸੀ ਤਾਂ ਬਰਸਾਤ ਵੀ ਨਾਲ ਹੀ ਸ਼ੁਰੂ ਹੋ ਗਈ ਸੀ ਅਤੇ ਇਹ ਰੁਕ-ਰੁਕ ਕੇ ਤਿੰਨ ਹਫ਼ਤੇ ਤੱਕ ਹੁੰਦੀ ਰਹੀ ਜਿਸ ਕਾਰਨ ਪੰਜਾਬ ਵਿਚ 25-30 ਪ੍ਰਤੀਸ਼ਤ ਆਲੂ ਪਾਣੀ ਕਾਰਨ ਗਲ ਗਏ ਅਤੇ ਬਾਕੀਆਂ ਦੀ ਵੀ ਕੁਆਲਿਟੀ ਖ਼ਰਾਬ ਹੋ ਗਈ ਜਿਸ ਕਾਰਨ ਕਿਸਾਨਾਂ ਨੂੰ ਮੋਟਾ ਆਰਥਿਕ ਰਗਡ਼ਾ ਲੱਗਿਆ। ਹੁਣ ਪੱਕੀ ਕਣਕ ਉੱਪਰ ਜਿਸ ਤਰੀਕੇ ਨਾਲ ਮੌਸਮ ਦੀ ਕਰੋਪੀ ਸ਼ੁਰੂ ਹੋਈ ਹੈ, ਨਾਲ ਵੀ ਨੁਕਸਾਨ ਹੋਣ ਦੀ ਸੰਭਾਵਨਾ ਵਧ ਗਈ ਹੈ। ਅੱਜ ਹਲਕੇ ਅੰਦਰ ਦਿਨ ਵੇਲੇ ਹੀ ਵੱਡੀ ਮੌਸਮ ’ਚ ਤਬਦੀਲੀ ਹੋ ਜਾਣ ਕਾਰਨ ਹਨੇਰਾ ਛਾ ਗਿਆ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜਿਨ੍ਹਾਂ ਕਿਸਾਨਾਂ ਨੇ ਕਣਕ ਵੱਢ ਕੇ ਮੰਡੀ ਵਿਚ ਵੇਚੀ ਹੈ ਉਹ ਸਾਰੇ ਕਾਫੀ ਖ਼ੁਸ਼ ਸਨ ਪਰ ਹੁਣ ਮੌਸਮ ਅੱਗੋਂ ਕੀ ਰੰਗ ਵਿਖਾਉਂਦੈ, ਇਹ ਸਮਾਂ ਹੀ ਦੱਸੇਗਾ। ਕੁਝ ਕਿਸਾਨਾਂ ਨੇ ਤੌਖਲਾ ਪ੍ਰਗਟਾਉਂਦਿਆਂ ਕਿਹਾ ਕਿ ਕਣਕ ਉੱਪਰ ਜੋ ਆਸਾਂ ਲਗਾਈਆਂ ਸਨ, ’ਤੇ ਜ਼ਿਆਦਾਤਰ ਪਾਣੀ ਫਿਰਨ ਦੀਆਂ ਸੰਭਾਵਨਾਵਾਂ ਹੀ ਨਜ਼ਰ ਆਉਂਦੀਆਂ ਹਨ।
ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਬੈਠਕ ਸੰਪੰਨ
NEXT STORY