ਪਟਿਆਲਾ (ਬਲਜਿੰਦਰ)—ਇਸ ਵਾਰ ਦੀਆਂ ਚੋਣਾਂ ਵਿਚ ਪਟਿਆਲਾ ਲੋਕ ਸਭਾ ਸੀਟ ਪੰਜਾਬ ਦੀਆਂ ਮਹੱਤਵਪੂਰਣ ਸੀਟਾਂ 'ਚੋਂ ਇਕ ਹੈ। ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਹਨ। ਇਥੇ ਪ੍ਰਨੀਤ ਕੌਰ, ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਵਰਤਮਾਨ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਿਚਕਾਰ ਤਿਕੋਣੀ ਟੱਕਰ ਦਿਖਾਈ ਦੇ ਰਹੀ ਹੈ। ਉਂਝ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਵੱਲੋਂ ਦਾਆਵਾ ਠੋਕਿਆ ਜਾ ਰਿਹਾ ਹੈ। ਪਟਿਆਲਾ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਖੇਤਰ ਪੈਂਦੇ ਹਨ। ਲੋਕ ਸਭਾ ਹਲਕੇ 'ਚ 1169 ਇਮਾਰਤਾਂ ਵਿਖੇ 1922 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 'ਚੋਂ 50 ਫੀਸਦੀ ਬੂਥਾਂ 'ਤੇ ਵੈੱਬ ਕਾਸਟਿੰਗ ਕਰਵਾਈ ਜਾਵੇਗੀ। ਪਟਿਆਲਾ ਲੋਕ ਸਭਾ ਲਈ ਕੁੱਲ 25 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੰਜਾਬ ਵਿਚ ਮੁੱਖ ਮੰਤਰੀ ਦਾ ਆਪਣਾ ਜ਼ਿਲਾ ਹੋਣ ਕਾਰਣ ਸਾਰਿਆਂ ਦੀ ਨਜ਼ਰ ਇਸ ਸੀਟ 'ਤੇ ਟਿਕੀ ਹੋਈ ਹੈ।
ਕੁੱਲ ਵੋਟਰ : 17.34 ਲੱਖ
ਪੁਰਸ਼ : 9.09 ਲੱਖ
ਮਹਿਲਾ : 8.24 ਲੱਖ
ਤੀਜਾ ਲਿੰਗ : 74
ਪਿਛਲੇ 3 ਚੋਣਾਂ ਦੇ ਨਤੀਜੇ
2014 ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ 20,929 ਵੋਟਾਂ ਨਾਲ ਹਰਾਇਆ
2009 ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 97,389 ਵੋਟਾਂ ਨਾਲ ਹਰਾਇਆ
2004 ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈ. ਕੰਵਲਜੀਤ ਸਿੰਘ ਨੂੰ 23,667 ਵੋਟਾਂ ਨਾਲ ਹਰਾਇਆ
ਪਟਿਆਲਾ ਲੋਕ ਸਭਾ 'ਚ ਪੈਂਦੇ ਵਿਧਾਨ ਸਭਾ ਹਲਕੇ
ਪਟਿਆਲਾ, ਪਟਿਆਲਾ ਦਿਹਾਤੀ, ਸਮਾਣਾ, ਨਾਭਾ, ਪਾਤੜਾ, ਘਨੌਰ, ਰਾਜਪੁਰਾ, ਸਨੌਰ (ਜ਼ਿਲਾ ਪਟਿਆਲਾ) ਅਤੇ ਡੇਰਾਬਸੀ (ਜ਼ਿਲਾ ਮੋਹਾਲੀ)
ਸਾਲ 2017 'ਚ ਵਿਧਾਨ ਸਭਾ 'ਚ ਚੁਣੇ ਗਏ ਵਿਧਾਇਕ
ਪਟਿਆਲਾ, ਪਟਿਆਲਾ ਦਿਹਾਤੀ, ਸਮਾਣਾ, ਨਾਭਾ, ਪਾਤੜਾ, ਘਨੌਰ, ਰਾਜਪੁਰਾ (ਸਾਰੇ ਵਿਧਾਇਕ ਕਾਂਗਰਸ)
ਸਨੌਰ ਤੇ ਡੇਰਾਬਸੀ (ਦੋਵੇਂ ਵਿਧਾਇਕ ਅਕਾਲੀ ਦਲ)

ਪ੍ਰਨੀਤ ਕੌਰ
ਉਮਰ 74
ਸਾਬਕਾ ਕੇਂਦਰੀ ਮੰਤਰੀ (ਕਾਂਗਰਸ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਹੋਣਾ।
ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚੋਂ 7 'ਚ ਕਾਂਗਰਸੀ ਵਿਧਾਇਕਾਂ ਦਾ ਹੋਣਾ।
ਤਿੰਨ ਵਾਰ ਲਗਾਤਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਜਿੱਤਣਾ
ਬਤੌਰ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਹੁੰਦੇ ਹੋਏ ਵੱਡਾ ਦੋਸ਼ ਨਾ ਲੱਗਣਾ।
ਪਿਛਲੇ ਦੋ ਦਹਾਕਿਆਂ ਤੋਂ ਵੋਟਰਾਂ ਨਾਲ ਸਿੱਧਾ ਰਾਬਤਾ।
ਕਮਜ਼ੋਰੀਆਂ
ਪੰਚਾਇਤੀ ਚੋਣਾਂ 'ਚ ਵਿਧਾਇਕਾਂ ਪ੍ਰਤੀ ਵੋਟਰਾਂ ਦੀ ਨਾਰਾਜ਼ਗੀ।
ਆਮ ਦਿਨਾਂ ਵਿਚ ਲੋਕਾਂ ਨੂੰ ਮਿਲਣ ਵਿਚ ਮੁਸ਼ਕਲ ਆਉਣਾ।
ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਤੋਂ ਲੋਕਾਂ ਦੀ ਨਾਰਾਜ਼ਗੀ।
ਤਿੰਨ ਵਾਰ ਵਿਧਾਇਕ ਅਤੇ ਇਕ ਵਾਰ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਵੱਡੇ ਪ੍ਰਾਜੈਕਟ ਨਾ ਲਿਆ ਸਕਣਾ।

ਸੁਰਜੀਤ ਸਿੰਘ ਰੱਖੜਾ,
ਉਮਰ 68, ਸਾਬਕਾ ਮੰਤਰੀ ਪੰਜਾਬ (ਅਕਾਲੀ-ਭਾਜਪਾ ਗਠਜੋੜ)
ਅਕਾਲੀ ਦਲ ਦਾ ਜ਼ਿਲਾ ਪ੍ਰਧਾਨ ਹੋਣ ਕਰ ਕੇ ਸਾਰੇ ਜ਼ਿਲੇ 'ਚ ਪਕੜ ਹੋਣਾ।
ਸਾਲ 2012 ਤੋਂ 2017 ਤੱਕ ਬਤੌਰ ਕੈਬਨਿਟ ਮੰਤਰੀ ਜ਼ਿਲੇ ਦੀ ਵਾਗਡੋਰ ਹੱਥ ਹੋਣਾ।
ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਦਾ ਸਿੱਧਾ ਹੱਥ ਹੋਣਾ।
ਵੋਟਰਾਂ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਣਾ।
ਬਤੌਰ ਮੰਤਰੀ ਕੋਈ ਵੱਡੇ ਦੋਸ਼ ਨਾ ਲੱਗਣਾ।
ਅਕਾਲੀ ਦਲ ਵਿਚ ਉਦਾਰਵਾਦੀ ਅਤੇ ਸੈਕੁਲਰ ਚਿਹਰਾ।
ਕਮਜ਼ੋਰੀਆਂ
ਸੂਬੇ ਵਿਚ ਵਿਰੋਧੀ ਧਿਰ ਦੀ ਸਰਕਾਰ ਹੋਣਾ ਅਤੇ ਵਿਰੋਧੀ ਉਮੀਦਵਾਰ ਸੂਬੇ ਦੇ ਮੁੱਖ ਮੰਤਰੀ ਦੀ ਧਰਮ-ਪਤਨੀ ਦਾ ਹੋਣਾ।
ਅਕਾਲੀ ਦਲ ਨਾਲ ਰਵਾਇਤੀ ਵੋਟ ਬੈਂਕ ਫਿਰ ਤੋਂ ਨਾ ਜੁੜਨਾ।
ਅਕਾਲੀ ਦਲ ਦਾ ਬੇਅਦਬੀ ਅਤੇ ਹੋਰ ਮਾਮਲਿਆਂ ਵਿਚ ਘਿਰੇ ਰਹਿਣਾ।
9 ਵਿਧਾਨ ਸਭਾ ਹਲਕਿਆਂ 'ਚੋਂ 7 ਵਿਧਾਇਕ ਕਾਂਗਰਸ ਦਾ ਹੋਣਾ।
ਪਿਛਲੇ 20 ਸਾਲ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਹਾਰਨਾ।

ਡਾ. ਧਰਮਵੀਰ ਗਾਂਧੀ,
ਉਮਰ 68, ਵਰਤਮਾਨ ਐੱਮ. ਪੀ. (ਨਵਾਂ ਪੰਜਾਬ ਪਾਰਟੀ)
ਵੋਟਰਾਂ ਨਾਲ ਸਿੱਧਾ ਰਾਬਤਾ।
ਪਿਛਲੇ ਪੰਜ ਸਾਲਾਂ ਵਿਚ ਇਕ ਵੀ ਦਾਗ ਨਾ ਲੱਗਣਾ।
ਐੱਮ. ਪੀ. ਲੈਂਡ ਦੇ ਫੰਡਾਂ ਦੀ ਸੁਚੱਜੀ ਵਰਤੋਂ।
ਪਾਰਟੀ ਤੋਂ ਉੱਪਰ ਉੱਠ ਕੇ ਸਾਂਝੀ ਗੱਲ ਕਰਨਾ।
ਪੰਜ ਸਾਲਾਂ ਵਿਚ ਕਈ ਪ੍ਰਾਜੈਕਟਾਂ ਦਾ ਆਉਣਾ।
ਕਮਜ਼ੋਰੀ
ਨਵਾਂ ਪੰਜਾਬ ਪਾਰਟੀ ਦਾ ਕੋਈ ਵੱਡਾ ਆਧਾਰ ਨਾ ਹੋਣਾ।
ਗਰਾਊਂਡ ਪੱਧਰ 'ਤੇ ਨੈੱਟਵਰਕਿੰਗ ਦੀ ਘਾਟ।
ਪ੍ਰਚਾਰ ਦੀ ਸਾਰੀ ਜ਼ਿੰਮੇਵਾਰ ਖੁਦ ਚੁੱਕਣਾ।
ਆਮ ਆਦਮੀ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ 'ਚ ਵੋਟਾਂ ਵੰਡੀਆਂ ਜਾਣਾ।

ਨੀਨਾ ਮਿੱਤਲ,ਉਮਰ 47, (ਆਮ ਆਦਮੀ ਪਾਰਟੀ)
ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣਾ।
ਆਮ ਆਦਮੀ ਪਾਰਟੀ ਦੇ ਕਾਡਰ ਨਾਲ ਚੱਲ ਪੈਣਾ।
ਸਾਫ-ਸੁਥਰੀ ਛਵੀ ਅਤੇ ਕੋਈ ਦਾਗ ਨਾ ਹੋਣਾ।
ਵੋਟਰਾਂ ਨਾਲ ਸਿੱਧਾ ਰਾਬਤਾ।
ਕਮਜ਼ੋਰੀਆਂ
ਪਹਿਲੀ ਵਾਰ ਚੋਣ ਮੈਦਾਨ ਵਿਚ ਉੱਤਰਨ ਕਾਰਨ ਨੈੱਟਵਰਕ ਦੀ ਘਾਟ।
ਮੁਕਾਬਲੇ ਵਿਚ ਤਾਕਤਵਰ ਉਮੀਦਵਾਰ।
ਰਾਜਨੀਤਕ ਤਜਰਬੇ ਦੀ ਘਾਟ।
ਹੁਣ ਤੱਕ ਆਮ ਆਦਮੀ ਦੇ ਵੱਡੇ ਆਗੂਆਂ ਵੱਲੋਂ ਪ੍ਰਚਾਰ ਲਈ ਨਾ ਆਉਣਾ।
ਵਿਧਾਨ ਸਭਾ ਹਲਕਿਆਂ ਮੁਤਾਬਕ ਵੋਟਰ
ਨਾਭਾ ਹਲਕੇ 'ਚ ਕੁੱਲ 1 ਲੱਖ 81 ਹਜ਼ਾਰ 340 ਵੋਟਰ ਹਨ, ਜਿਨ੍ਹਾਂ 'ਚ 95 ਹਜ਼ਾਰ 270 ਮਰਦ ਵੋਟਰ, 86 ਹਜ਼ਾਰ 65 ਇਸਤਰੀ ਤੇ ਤੀਜੇ ਲਿੰਗ ਦੇ 5 ਵੋਟਰ ਹਨ।
ਪਟਿਆਲਾ ਦਿਹਾਤੀ ਹਲਕੇ 'ਚ ਕੁੱਲ 2 ਲੱਖ 17 ਹਜ਼ਾਰ 841 ਵੋਟਰ, ਜਿਨ੍ਹਾਂ 'ਚ 1 ਲੱਖ 12 ਹਜ਼ਾਰ 863 ਮਰਦ ਵੋਟਰ, 1 ਲੱਖ 4 ਹਜ਼ਾਰ 970 ਇਸਤਰੀ ਤੇ ਇੱਥੇ ਤੀਜੇ ਲਿੰਗ ਵਾਲੇ 8 ਵੋਟਰ ਹਨ।
ਰਾਜਪੁਰਾ ਹਲਕੇ 'ਚ ਕੁੱਲ 1 ਲੱਖ 73 ਹਜ਼ਾਰ 947 ਵੋਟਰ ਹਨ, ਜਿਨ੍ਹਾਂ 'ਚ 91 ਹਜ਼ਾਰ 893 ਮਰਦ, 82 ਹਜ਼ਾਰ 46 ਇਸਤਰੀ ਤੇ ਇੱਥੇ ਵੀ ਤੀਜੇ ਲਿੰਗ ਵਾਲੇ 8 ਵੋਟਰ ਹਨ।
ਡੇਰਾਬਸੀ ਹਲਕੇ 'ਚ ਕੁੱਲ 2 ਲੱਖ 58 ਹਜ਼ਾਰ 622 ਵੋਟਰ ਹਨ ਅਤੇ 1 ਲੱਖ 36 ਹਜ਼ਾਰ 38 ਮਰਦ, 1 ਲੱਖ 22 ਹਜ਼ਾਰ 566 ਇਸਤਰੀ ਵੋਟਰ ਤੇ ਤੀਜੇ ਲਿੰਗ ਵਾਲੇ 18 ਵੋਟਰ ਹਨ।
ਘਨੌਰ ਹਲਕਾ 'ਚ ਕੁੱਲ 1 ਲੱਖ 63 ਹਜ਼ਾਰ 173 ਵੋਟਰ ਹਨ ਤੇ 87 ਹਜ਼ਾਰ 617 ਮਰਦ, 75 ਹਜ਼ਾਰ 556 ਇਸਤਰੀ ਵੋਟਰ ਤੇ ਤੀਜੇ ਲਿੰਗ ਵਾਲਾ ਕੋਈ ਵੋਟਰ ਨਹੀਂ ਹੈ।
ਸਨੌਰ ਹਲਕੇ 'ਚ ਕੁੱਲ 2 ਲੱਖ 15 ਹਜ਼ਾਰ 131 ਵੋਟਰ ਹਨ। ਇਨ੍ਹਾਂ 'ਚ 1 ਲੱਖ 13 ਹਜ਼ਾਰ 391 ਮਰਦ, 1 ਲੱਖ 1 ਹਜ਼ਾਰ 735 ਇਸਤਰੀ, ਤੀਜੇ ਲਿੰਗ ਵਾਲੇ 5 ਵੋਟਰ ਹਨ।
ਪਟਿਆਲਾ ਸ਼ਹਿਰੀ ਵਿਖੇ ਕੁੱਲ 1 ਲੱਖ 61 ਹਜ਼ਾਰ 178 ਵੋਟਰ ਹਨ, ਜਿਨ੍ਹਾਂ 'ਚ 83 ਹਜ਼ਾਰ 247 ਮਰਦ, 77 ਹਜ਼ਾਰ 918 ਇਸਤਰੀ ਵੋਟਰ ਤੇ ਇੱਥੇ ਤੀਜੇ ਲਿੰਗ ਵਾਲੇ 13 ਵੋਟਰ ਹਨ।
ਸਮਾਣਾ ਹਲਕੇ 'ਚ ਕੁੱਲ 1 ਲੱਖ 87 ਹਜ਼ਾਰ 658 ਵੋਟਰ ਹਨ, ਜਿਨ੍ਹਾਂ 'ਚ 97 ਹਜ਼ਾਰ 468 ਮਰਦ, 90 ਹਜ਼ਾਰ 174 ਇਸਤਰੀ ਤੇ ਤੀਜੇ ਲਿੰਗ ਵਾਲੇ 16 ਵੋਟਰ ਹਨ।
ਸ਼ੁਤਰਾਣਾ ਹਲਕੇ 'ਚ ਕੁੱਲ 1 ਲੱਖ 75 ਹਜ਼ਾਰ 355 ਵੋਟਰ ਹਨ, ਜਿਨ੍ਹਾਂ 'ਚ 91 ਹਜ਼ਾਰ 620 ਮਰਦ, 83 ਹਜ਼ਾਰ 734 ਇਸਤਰੀ ਤੇ ਇੱਥੇ ਤੀਜੇ ਲਿੰਗ ਵਾਲਾ 1 ਵੋਟਰ ਹੈ।
ਪਰਵਾਸੀ ਪੰਜਾਬੀਆਂ ਦਾ ਸਿਆਸਤ ਤੋਂ ਟੁੱਟਿਆ 'ਮੋਹ'
NEXT STORY