ਜਲੰਧਰ (ਅਮਿਤ)— ਪਿਮਸ ਇੰਪਲਾਈਜ਼ ਯੂਨੀਅਨ ਅਤੇ ਪ੍ਰਬੰਧਕਾਂ ਵਿਚ ਚੱਲ ਰਹੇ ਵਿਵਾਦ ਵਿਚ ਕਮਿਸ਼ਨਰ ਪੁਲਸ ਪੀ. ਕੇ. ਸਿਨ੍ਹਾ ਖਿਲਾਫ ਇਕ ਸ਼ਿਕਾਇਤ ਸੂਬਾ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਦਰਜ ਕਰਵਾਈ ਗਈ ਹੈ, ਜਿਸ ਵਿਚ ਉਨ੍ਹਾਂ ਉਪਰ ਜਾਣਬੁੱਝ ਕੇ ਉੱਚਾ ਰਸੂਖ ਰੱਖਣ ਵਾਲੇ ਪਿਮਸ ਪ੍ਰਬੰਧਕਾਂ ਦੇ ਦਬਾਅ ਹੇਠ ਦਲਿਤ ਜਾਤੀ ਨਾਲ ਸਬੰਧ ਰੱਖਣ ਵਾਲੇ 2 ਕਰਮਚਾਰੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਦਰਕਿਨਾਰ ਕਰਦੇ ਹੋਏ ਕੋਈ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ। ਆਰਗੇਨਾਈਜ਼ੇਸ਼ਨ ਫਾਰ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ (ਰਜਿ.) ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਿਮਸ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਮੰਗਾਂ ਦੇ ਸਮਰਥਨ ਵਿਚ ਪਿਮਸ ਪ੍ਰਬੰਧਕਾਂ ਨਾਲ ਵਿਵਾਦ ਚੱਲ ਰਿਹਾ ਸੀ। ਜਿਸ ਵਿਚ 12 ਕਰਮਚਾਰੀਆਂ ਨੂੰ ਸ਼ੋਅ-ਕਾਜ਼ ਨੋਟਿਸ ਜਾਰੀ ਕੀਤਾ ਗਿਆ ਪਰ ਸਿਰਫ ਦਲਿਤ ਸਮਾਜ ਨਾਲ ਸਬੰਧ ਰੱਖਣ ਵਾਲੇ 2 ਕਰਮਚਾਰੀਆਂ ਨਰਿੰਦਰ ਕੁਮਾਰ ਅਤੇ ਧਰਮਿੰਦਰ ਕੁਮਾਰ ਨਾਲ ਭੇਦਭਾਵ ਵਾਲੀ ਨੀਤੀ ਅਪਣਾਉਂਦੇ ਹੋਏ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਵੱਲੋਂ ਪੁਲਸ ਨੂੰ ਡਿਵੀਜ਼ਨ ਨੰਬਰ 7 ਵਿਚ ਕਾਫੀ ਸਮਾਂ ਪਹਿਲਾਂ ਦਰਜ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਪਿਮਸ ਦੇ ਸਾਬਕਾ ਰੈਜ਼ੀਡੈਂਟ ਡਾਇਰੈਕਟਰ ਡਾ. ਕੰਵਲਜੀਤ ਸਿੰਘ ਅਤੇ ਐੱਚ. ਆਰ. ਮੈਨੇਜਰ ਹਰਨੀਤ ਕੌਰ ਉਪਰ ਅਪਮਾਨਿਤ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਲਗਾਏ ਗਏ। ਉਸ ਉਪਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨਾ ਉਚਿੱਤ ਨਹੀਂ ਸਮਝਿਆ ਗਿਆ। ਇਸ ਤੋਂ ਬਾਅਦ ਪਿਮਸ ਇੰਪਲਾਈਜ਼ ਯੂਨੀਅਨ ਦੇ ਸਮਰਥਨ 'ਚ ਡੀ. ਸੀ. ਵੱਲੋਂ ਬੁਲਾਈ ਗਈ ਇਕ ਮੀਟਿੰਗ ਵਿਚ ਆਏ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਵੱਲੋਂ ਪਿਮਸ ਦੇ ਮੌਜੂਦਾ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਅਤੇ ਫਾਇਨਾਂਸ਼ੀਅਲ ਐਡਵਾਈਜ਼ਰ ਦਿਨੇਸ਼ ਮਿਸ਼ਰਾ ਉਪਰ ਡੀ. ਸੀ. ਦਫਤਰ ਵਿਚ ਸਥਿਤ ਏ. ਐੱਸ. ਸੀ. ਦੇ ਦਫਤਰ ਦੇ ਬਾਹਰ ਜਾਤੀਸੂਚਕ ਸ਼ਬਦ ਬੋਲਣ ਸਬੰਧੀ ਵੀ ਇਕ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਰਜ ਕਰਵਾਈ ਗਈ।
ਸੰਦੀਪ ਨੇ ਕਿਹਾ ਕਿ ਦੂਸਰੀ ਵਾਰ ਦਰਜ ਕਰਵਾਈ ਗਈ ਸ਼ਿਕਾਇਤ ਉਪਰ ਪਹਿਲਾਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਸਾਫ ਤੌਰ 'ਤੇ ਪਤਾ ਲੱਗਦਾ ਹੈ ਕਿ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਭਾਰਤ ਦੇ ਸੰਵਿਧਾਨ ਦੀ ਕਥਿਤ ਉਲੰਘਣਾ ਕੀਤੀ ਹੈ, ਨਾਲ ਹੀ ਪੰਜਾਬ ਪੁਲਸ ਐਕਟ ਦੇ ਚੈਪਟਰ-6 ਰੂਲ, ਫੰਕਸ਼ਨਜ਼, ਡਿਊਟੀਜ਼ ਐਂਡ ਰਿਸਪਾਂਸੇਬਿਲਟੀਜ਼ ਆਫ ਦਿ ਪੁਲਸ ਦੀ ਉਲੰਘਣਾ ਕਰਦੇ ਹੋਏ ਜਾਣਬੁੱਝ ਕੇ ਮੁਲਜ਼ਮਾਂ ਖਿਲਾਫ ਜਾਤੀਸੂਚਕ ਸ਼ਬਦ ਬੋਲਣ ਸਬੰਧੀ ਸ਼ਿਕਾਇਤ 'ਤੇ ਐੱਫ. ਆਈ. ਆਰ. ਦਰਜ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੀ ਦੇਰ ਤੋਂ ਚਲਦੇ ਆ ਰਹੇ ਵਿਵਾਦ ਵਿਚ ਪੁਲਸ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ, ਕਿਉਂਕਿ ਉਨ੍ਹਾਂ ਵਲੋਂ ਮਾਮਲੇ ਦਾ ਸਥਾਈ ਹੱਲ ਕਰਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਕਿਉਂਕਿ ਸ਼ਿਕਾਇਤਕਰਤਾ ਦਲਿਤ ਵਰਗ ਨਾਲ ਸਬੰਧ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸ਼ਿਕਾਇਤ ਨੂੰ ਦਰਕਿਨਾਰ ਕਰ ਕੇ ਪਿਮਸ ਪ੍ਰਬੰਧਕਾਂ ਨੂੰ ਆਪਣੀ ਮਨਮਾਨੀ ਜਾਰੀ ਰੱਖਣ ਦੀ ਛੋਟ ਦਿੱਤੀ ਗਈ ਹੈ।
ਸੰਦੀਪ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਡੀ. ਜੀ. ਪੀ. ਦਫਤਰ ਨਾਲ ਫੋਨ 'ਤੇ ਗੱਲ ਹੋਈ ਤਾਂ ਉਨ੍ਹਾਂ ਨੇ ਲਿਖਤ ਸ਼ਿਕਾਇਤ ਭੇਜਣ ਲਈ ਕਿਹਾ। ਉਨ੍ਹਾਂ ਨੇ ਡੀ. ਜੀ. ਪੀ. ਨੂੰ ਭੇਜੀ ਲਿਖਤੀ ਸ਼ਿਕਾਇਤ 'ਚ ਮੰਗ ਕੀਤੀ ਹੈ ਕਿ ਪੁਲਸ ਕਮਿਸ਼ਨਰ ਦੇ ਉਕਤ ਵਿਵਹਾਰ ਕਾਰਨ ਜਲੰਧਰ 'ਚ ਲਾਅ ਐਂਡ ਆਰਡਰ ਅਤੇ ਸ਼ਾਂਤੀ ਭੰਗ ਹੋਣ ਦਾ ਵੱਡਾ ਖਤਰਾ ਪੈਦਾ ਹੋ ਗਿਆ, ਜਿਸ ਕਾਰਨ ਪੁਲਸ ਕਮਿਸ਼ਨਰ ਨੂੰ ਤੁਰੰਤ ਬਣਦੀ ਐੱਫ. ਆਈ. ਆਰ. ਦਰਜ ਕਰਨ ਦਾ ਨਿਰਦੇਸ਼ ਜਾਰੀ ਕੀਤਾ ਜਾਵੇ, ਨਾਲ ਹੀ ਉਨ੍ਹਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਨੂੰ ਵੀ ਅੰਜਾਮ ਦਿੱਤਾ ਜਾਵੇ।
ਕਈ ਘੁੰਮਣ-ਘੇਰੀਆਂ 'ਚ ਉਲਝਿਆ ਪਿਐ ਪਰਾਲੀ ਦੀ ਅੱਗ ਰੋਕਣ ਦਾ ਮਾਮਲਾ
NEXT STORY