ਮੋਹਾਲੀ (ਪਰਦੀਪ) : ਕਹਿੰਦੇ ਹਨ ਸਿਆਸਤ 'ਚ ਕੋਈ ਪੱਕਾ ਦੁਸ਼ਮਣ ਜਾਂ ਪੱਕਾ ਦੋਸਤ ਨਹੀਂ ਹੁੰਦਾ। ਸਿਆਸੀ ਲੋਕ ਸੱਤਾ 'ਤੇ ਕਾਬਜ਼ ਰਹਿਣ ਲਈ ਜਾਂ ਸਿਆਸੀ ਚੌਧਰ ਬਰਕਰਾਰ ਰੱਖਣ ਲਈ ਹਰ ਸਿਆਸੀ ਲੜਾਈ ਨੂੰ ਅਠਖੇਲੀਆਂ ਦੇ ਰੂਪ 'ਚ ਲੜਦੇ ਸਹਿਜੇ ਹੀ ਵੇਖੇ ਜਾ ਸਕਦੇ ਹਨ। ਅਜਿਹੀ ਸਥਿਤੀ 'ਚ ਆਗੂਆਂ ਨੂੰ ਸਿਧਾਂਤ, ਜ਼ਮੀਰ ਜਾਂ ਜਨਤਾ ਜਨਾਰਦਨ ਦੀਆਂ ਇੱਛਾਵਾਂ ਦੀ ਬਹੁਤੀ ਵਾਰ ਕੋਈ ਫਿਕਰ ਨਹੀਂ ਰਹਿੰਦੀ। ਅੱਜਕਲ ਜਿਥੇ ਪਹਿਲਾਂ ਮੋਹਾਲੀ ਦੀ ਸਿਆਸਤ ਸ਼ਾਂਤਮਈ ਢੰਗ ਨਾਲ ਹੀ ਚਲਦੀ ਪ੍ਰਤੀਤ ਹੋ ਰਹੀ ਸੀ, ਉਥੇ 2020 ਸ਼ੁਰੂ ਹੁੰਦਿਆਂ ਹੀ ਸਿਆਸੀ ਘਮਾਸਾਨ ਸਿਖਰ 'ਤੇ ਹੈ।
ਭਾਜਪਾ ਅਹੁਦੇਦਾਰਾਂ 'ਚ ਕੋਲਡ ਵਾਰ ਸਿਖਰ 'ਤੇ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਭਾਵੇਂ ਲੋਕ ਸਭਾ, ਵਿਧਾਨ ਸਭਾ ਜਾਂ ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਇਕੱਠੇ ਮਿਲ ਕੇ ਲੜੀਆਂ ਜਾਂਦੀਆਂ ਰਹੀਆਂ ਹਨ। ਜ਼ਿਲਾ ਮੋਹਾਲੀ 'ਚ ਜਿਥੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਾਂਝੀ ਟਿਕਟ 'ਤੇ ਚੋਣ ਚੜ ਚੁੱਕੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀਆਂ ਬਗਾਵਤੀ ਸੁਰਾਂ ਕਾਰਨ ਇਕ ਵਾਰ ਤਾਂ ਪਾਰਟੀ ਹਾਈਕਮਾਂਡ ਨੂੰ ਆਪਣਾ ਅਗਲਾ ਹਲਕਾ ਇੰਚਾਰਜ ਲਾਉਣ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਪੈ ਰਿਹਾ ਹੈ, ਉਥੇ ਹੀ ਸੁਖਦੇਵ ਸਿੰਘ ਢੀਂਡਸਾ ਦੀਆਂ ਸਿਆਸੀ ਸਰਗਰਮੀਆਂ ਅਤੇ ਢੀਂਡਸਾ ਦੀ ਅਕਾਲੀ ਦਲ ਟਕਸਾਲੀ ਹਾਈਕਮਾਂਡ ਨਾਲ ਨੇੜਤਾ ਕਾਰਨ ਢੀਂਡਸਾ ਦੇ ਕਰੀਬੀ ਰਿਸ਼ਤੇਦਾਰ ਤੇਜਿੰਦਰਪਾਲ ਸਿੱਧੂ ਵੱਲੋਂ ਦਿੱਤੇ ਗਏ ਸਪੱਸ਼ਟ ਬਿਆਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਾਜ਼ਾ ਸਿਆਸੀ ਹਾਲਤ ਨੂੰ ਜਗ ਜ਼ਾਹਿਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਜਪਾ ਦੀ ਸਥਾਨਕ ਇਕਾਈ ਦੇ ਆਗੂਆਂ ਵਿਚਕਾਰ ਚੱਲ ਰਹੀ ਲੜਾਈ ਬੇਸ਼ੱਕ ਅਜੇ ਕੋਲਡ ਵਾਰ ਦੀ ਸਥਿਤੀ ਵਿਚੋਂ ਗੁਜ਼ਰ ਰਹੀ ਹੈ ਪਰ ਜਿਸ ਤਰ੍ਹਾਂ ਭਾਜਪਾ ਦੇ ਇਕ ਅਹੁਦੇਦਾਰ ਅਤੇ ਭਾਜਪਾ ਦੇ ਹੀ ਇਕ ਵਿੰਗ ਦੇ ਅਹੁਦੇਦਾਰ ਵੱਲੋਂ ਇਕ-ਦੂਜੇ ਖਿਲਾਫ ਨਿੱਜੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।
ਇਸ ਤੋਂ ਇਹ ਸਪੱਸ਼ਟ ਹੈ ਕਿ ਭਾਜਪਾ 'ਚ ਵੀ 'ਸਭ ਠੀਕ' ਨਹੀਂ ਹੈ। ਭਾਜਪਾ ਦੇ ਵਿੰਗ ਅਹੁਦੇਦਾਰ ਵੱਲੋਂ ਭਾਜਪਾ ਦੇ ਹੀ ਅਹੁਦੇਦਾਰ ਵਿਰੁੱਧ ਤੋਹਮਤਬਾਜ਼ੀ ਕੀਤੀ ਗਈ ਅਤੇ ਇਸ ਦੇ ਜਵਾਬ 'ਚ ਭਾਜਪਾ ਦੇ ਅਹੁਦੇਦਾਰ ਨੇ ਵੀ ਇਹ ਕਹਿ ਦਿੱਤਾ ਕਿ ਇਹ ਸਾਡੀ ਪਾਰਟੀ ਦਾ ਮੈਂਬਰ ਹੀ ਨਹੀਂ, ਇਸ ਨੂੰ ਪਾਰਟੀ ਵਿਚੋਂ 6 ਸਾਲਾਂ ਲਈ ਕੱਢਿਆ ਜਾ ਚੁੱਕਾ ਹੈ। ਭਾਜਪਾ ਵਿੰਗ ਦੇ ਅਹੁਦੇਦਾਰ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਉਸ ਨੂੰ ਪਾਰਟੀ ਵਿਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਉਹ ਭਾਜਪਾ ਦੇ ਹੀ ਇਕ ਵਿੰਗ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ, ਜਦਕਿ ਭਾਜਪਾ ਦੇ ਅਹੁਦੇਦਾਰ ਨੇ ਇਸ 'ਤੇ ਵਿਅੰਗ ਕਰਦਿਆਂ ਸਪੱਸ਼ਟ ਕਿਹਾ ਕਿ ਭਾਜਪਾ ਦੇ ਸਾਰੇ ਵਿੰਗ ਸੇਵਾ ਭਾਵਨਾ ਨਾਲ ਸਬੰਧਤ ਵਿੰਗ ਹਨ ਅਤੇ ਇਨ੍ਹਾਂ ਵਿੰਗਾਂ ਦਾ ਅਹੁਦੇਦਾਰ ਅਤੇ ਵਰਕਰ ਸਿਆਸੀ ਸਰਗਮਰੀਆਂ ਵਿਚ ਹਿੱਸਾ ਨਹੀਂ ਲੈਂਦਾ।
ਭਾਜਪਾ ਪ੍ਰਤੀ ਚਿੰਤਤ ਲੋਕ ਜੁਟੇ ਭਾਜਪਾ ਦੀ ਇਸ ਅੰਦਰੂਨੀ ਲੜਾਈ ਨੂੰ ਖਤਮ ਕਰਨ 'ਚ
ਭਾਜਪਾ ਦੀ ਇਹ ਕੋਲਡ ਵਾਰ ਸੜਕਾਂ 'ਤੇ ਨਾ ਆ ਜਾਵੇ, ਇਸ ਲਈ ਭਾਜਪਾ ਪ੍ਰਤੀ ਚਿੰਤਤ ਲੋਕਾਂ ਦੀ ਇਹ ਕੋਸ਼ਿਸ਼ ਹੈ ਕਿ ਭਾਜਪਾ ਦੇ ਇਨ੍ਹਾਂ ਅਹੁਦੇਦਾਰਾਂ ਦੀ ਅੰਦਰੂਨੀ ਲੜਾਈ ਖਤਮ ਕਰਵਾਈ ਜਾਏ। ਇਸ ਸਬੰਧੀ ਭਾਜਪਾ ਚਿੰਤਕ ਹਰਵਿੰਦਰਪਾਲ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਅੱਜ ਦੇਸ਼ ਦੇ ਹਰ ਵਰਗ ਦੇ ਲੋਕਾਂ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਦੇਸ਼ ਦੇ ਕੋਨੇ-ਕੋਨੇ ਵਿਚ ਵਸਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ ਅਤੇ ਅੱਜ ਹਰ ਵਿਦੇਸ਼ੀ ਭਾਰਤ ਵਿਚ ਨਿਵੇਸ਼ ਕਰਨ ਲਈ ਉਤਸੁਕ ਹੈ, ਇਹ ਸਭ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਹਰਵਿੰਦਰਪਾਲ ਸਿੰਘ ਨੇ ਕਿਹਾ ਕਿ ਭਾਜਪਾ ਅਹੁਦੇਦਾਰਾਂ ਨੂੰ ਨਿੱਜੀ ਲੜਾਈ ਵਿਚ ਆਪਣਾ ਸਮਾਂ ਖਰਾਬ ਕਰਨ ਦੀ ਥਾਂ ਆਪਣੀ ਊਰਜਾ ਅਤੇ ਸ਼ਕਤੀ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਲੋਕਾਂ ਤਕ ਪੁੱਜਦਾ ਕਰਨ ਲਈ ਵਰਤਣੀ ਚਾਹੀਦੀ ਹੈ।
ਸਿੱਧੂ ਵੱਲੋਂ ਲੋਕ ਰਾਬਤਾ ਜਾਰੀ
ਕਾਂਗਰਸ ਦੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮੋਹਾਲੀ ਹਲਕੇ ਵਿਚ ਆਪਣੀ ਸਿਆਸੀ ਪੈਠ ਨੂੰ ਬਰਕਰਾਰ ਰੱਖਣ ਲਈ ਲੋਕ ਰਾਬਤਾ ਜਾਰੀ ਹੈ। ਸਿੱਧੂ ਪੰਜਾਬ ਭਰ ਵਿਚ ਸਿਹਤ ਵਿਭਾਗ ਪੰਜਾਬ ਦੀਆਂ ਨੀਤੀਆਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਦੇ ਨਾਲ-ਨਾਲ ਆਪਣੇ ਜੱਦੀ ਹਲਕੇ ਮੋਹਾਲੀ ਵਿਚ ਹੁੰਦੇ ਸਮਾਗਮਾਂ ਵਿਚ ਸ਼ਿਰਕਤ ਕਰਨਾ ਨਹੀਂ ਭੁੱਲਦੇ ਅਤੇ ਅੱਜ ਵੀ ਉਨ੍ਹਾਂ ਇਕ ਵੱਡੇ ਸਮਾਗਮ ਰਾਹੀਂ ਲੋਕਾਂ ਨਾਲ ਸਾਂਝ ਪਾਈ, ਜਦਕਿ ਅਕਾਲੀ ਦਲ ਟਕਸਾਲੀ ਹਾਈਕਮਾਂਡ ਦੀ ਕਿਚਨ ਕੈਬਨਿਟ ਦੇ ਮੈਂਬਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਢੀਂਡਸਾ ਦੇ ਕਰੀਬੀ ਰਿਸ਼ਤੇਦਾਰ ਕੈਪਟਨ ਤੇਜਿੰਦਰਪਾਲ ਸਿੰਘ ਦੇ ਅਗਲੇ ਸਿਆਸੀ ਪੈਂਤੜੇ ਵੱਲ ਨਿਗ੍ਹਾ ਟਿਕਾਈ ਹੋਈ ਹੈ।
ਕੂੰਮਕਲਾਂ ਪੁਲਸ ਵਲੋਂ 16 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ
NEXT STORY